ਬਠਿੰਡਾ, 20 ਸਤੰਬਰ (ਵੀਰਪਾਲ ਸਿੰਘ)- ਵਿਦੇਸ਼ ਲਈ ਵਰਕ ਵੀਜ਼ਾ ਲਗਵਾਉਣ ਦੇ ਨਾਮ 'ਤੇ ਲੱਖਾਂ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕੌਰ ਸਿੰਘ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਸੂ ਸ਼ਰਮਾ ਪੁੱਤਰ ਵਿਪ ਸ਼ਰਮਾ ਵਾਸੀ ਮੁਲਤਾਨੀਆ ਰੋਡ ਬਠਿੰਡਾ ਵਲੋਂ ਥਾਣਾ ਸਿਵਲ ਲਾਈਨ ਪੁਲਿਸ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ ਹਰਪਿੰਦਰ ਸਿੰਘ ਵਾਸੀ ਮਲੋਟ, ਹਰਜੋਬਨ ਸਿੰਘ ਵਾਸੀ ਨੁਕੇਰੀਆ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਵਿਦੇਸ਼ ਵਿਚ ਵਰਕ-ਪਰਮਟ ਦਿਵਾਉਣ ਦੇ ਲਈ ਲੱਖਾਂ ਰੁਪਏ ਵਸੂਲ ਕੀਤੇ ਗਏ | ਇਨ੍ਹਾਂ ਲੋਕਾਂ ਵਲੋਂ ਮੇਰੀ ਫਾਈਲ ਨਾਲ ਜਾਅਲੀ ਸਪਾਂਸਰਸ਼ਿਪ ਦੇ ਦਸਤਾਵੇਜ਼ ਲਗਾ ਕੇ ਮੇਰੇ ਨਾਲ ਧੋਖਾਧੜੀ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰ ਲਈ | ਥਾਣਾ ਸਿਵਲ ਲਾਈਨ ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀਆਂ 'ਤੇ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਲਿਆ ਗਿਆ | ਇਨ੍ਹਾਂ ਉਕਤ ਵਿਅਕਤੀਆਂ ਦੀ ਗਿ੍ਫ਼ਤਾਰੀ ਹੋਣੀ ਅਜੇ ਬਾਕੀ ਹੈ | ਇਸ ਠੱਗੀ ਦੇ ਮਾਮਲੇ ਵਿਚ ਰੋਜ਼ਾਨਾ ਜ਼ਿਲ੍ਹਾ ਕ੍ਰਾਇਮ ਰਿਪੋਰਟ ਵਿਚ ਠੱਗੀ ਦੀ ਰਕਮ ਕਰੋੜਾਂ ਵਿਚ ਛਪੀ ਹੋਈ ਸੀ | ਇਸ ਬਾਰੇ ਜਦੋਂ ਪੱਤਰਕਾਰ ਵਲੋਂ ਸਬੰਧਿਤ ਪੁਲਿਸ ਅਫ਼ਸਰ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ |