ਨਥਾਣਾ, 20 ਸਤੰਬਰ (ਗੁਰਦਰਸ਼ਨ ਲੁੱਧੜ)-ਨਗਰ ਨਥਾਣਾ ਵਾਸੀਆਂ ਨੇ ਨਗਰ ਦੇ ਆਵੇ ਵਾਲਾ ਛੱਪੜ ਕਿਨਾਰੇ 5-6 ਸਾਲ ਪਹਿਲਾਂ ਉਸਾਰੇ ਗਏ ਵਾਟਰ ਟਰੀਟਮੈਂਟ ਪਲਾਂਟ ਦੀ ਉਸਾਰੀ ਸਬੰਧੀ ਜਾਂਚ ਦੀ ਮੰਗ ਕੀਤੀ ਹੈ | ਮਾਰਕੀਟ ਕਮੇਟੀ ਨਥਾਣਾ ਦੇ ਚੇਅਰਮੈਨ ਜਗਜੀਤ ਸਿੰਘ ਦੀ ਅਗਵਾਈ ਵਿਚ ਨੌਜਵਾਨਾਂ ਜਸਵਿੰਦਰ ਸਿੰਘ, ਸੁਖਬੀਰ ਸਿੰਘ, ਮਨਜਿੰਦਰ ਸਿੰਘ, ਗੁਰਮੀਤ ਸਿੰਘ ਅਤੇ ਹਰਮਨਦੀਪ ਸਿੰਘ ਨੇ ਪੱਤਰਕਾਰਾਂ ਨੂੰ ਉਕਤ ਟਰੀਟਮੈਂਟ ਪ੍ਰੋਜੈਕਟ ਦਾ ਮੌਕਾ ਵਿਖਾਉਂਦਿਆਂ ਦੱਸਿਆ ਕਿ ਉਕਤ ਪ੍ਰੋਜੈਕਟ ਪਿੰਡ ਦੇ ਇਸ ਛੱਪੜ ਲਈ ਅਜੇ ਤੱਕ ਪਾਣੀ ਸੋਧਣ ਦਾ ਸਰੋਤ ਨਹੀਂ ਬਣ ਸਕਿਆ | ਪ੍ਰਸ਼ਾਸਨ ਵਲੋਂ ਨਗਰ ਨਿਵਾਸੀਆਂ ਨੂੰ ਇਸ ਸਬੰਧੀ ਨਾ ਤਾਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਪ੍ਰੋਜੈਕਟ ਤੇ ਹੁਣ ਤੱਕ ਕਿੰਨੀ ਰਾਸ਼ੀ ਖਰਚ ਹੋ ਚੁੱਕੀ ਹੈ ਅਤੇ ਇਹ ਪ੍ਰੋਜੈਕਟ ਸਫ਼ਲ ਹੋਣ ਦੀ ਬਜਾਏ ਚਿੱਟਾ ਹਾਥੀ ਕਿਉਂ ਸਾਬਿਤ ਹੋਇਆ ਹੈ? ਇਸ ਤੋਂ ਪਹਿਲਾਂ ਵੀ ਇਸ ਛੱਪੜ ਦੇ ਪਾਣੀ ਨੂੰ ਸੋਧਣ ਦੀ ਸਕੀਮ ਤਹਿਤ ਤਿੰਨ ਭਾਗਾਂ ਵਿਚ ਵੰਡਿਆ ਗਿਆ ਸੀ ਪਰ ਪਾਣੀ ਸੋਧਣ ਦੇ ਇਹ ਪ੍ਰੋਜੈਕਟ ਨਕਾਰਾ ਹੀ ਸਾਬਿਤ ਹੋ ਚੁੱਕੇ ਹਨ | ਇਸੇ ਛੱਪੜ ਕਿਨਾਰੇ ਅੱਜ ਕੱਲ ਇਕ ਹੋਰ ਟਰੀਟਮੈਂਟ ਪ੍ਰੋਜੈਕਟ ਉਸਾਰੀ ਅਧੀਨ ਹੈ, ਜਿਸ ਦੁਆਰਾ ਨਗਰ ਨਥਾਣਾ ਦਾ ਪਾਣੀ ਸੋਧ ਕੇ ਜ਼ਮੀਨਦੋਜ਼ ਪਾਇਪਾਂ ਰਾਹੀਂ 12 ਕਿੱਲੋਮੀਟਰ ਦੂਰ ਦਿਆਲਪੁਰਾ ਮਿਰਜ਼ਾ ਡਰੇਨ ਵਿਚ ਪਾਇਆ ਜਾਵੇਗਾ | ਨਗਰ ਨਿਵਾਸੀਆਂ ਦਾ ਕਹਿਣਾ ਹੈ ਕਿ ਹਰ ਸਰਕਾਰ ਵਲੋਂ ਉਕਤ ਛੱਪੜ ਲਾਗੇ ਟਰੀਟਮੈਂਟ ਪ੍ਰੋਜੈਕਟ ਤਾਂ ਲਗਾ ਦਿੱਤਾ ਜਾਂਦਾ ਹੈ, ਪਰ ਇਸ ਦੇ ਸਫ਼ਲ ਹੋਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ | ਨਗਰ ਨਿਵਾਸੀਆਂ ਨੇ ਦੱਸਿਆ ਕਿ ਉਨਾਂ ਵਲੋਂ ਇਸ ਦੀ ਜਾਂਚ ਲਈ ਨਗਰ ਪੰਚਾਇਤ ਨਥਾਣਾ ਨੂੰ ਵੀ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ |