22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਹਰ ਸਾਲ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਮਨਾਇਆ ਜਾਵੇਗਾ-ਡਾਇਰੈਕਟਰ ਜੈ ਸਿੰਘ

ਅਜੀਤ ਡੈਸਕ 21-09-2025
ਭਗਤਾ ਭਾਈਕਾ, 20 ਸਤੰਬਰ (ਸੁਖਪਾਲ ਸਿੰਘ ਸੋਨੀ)-ਸੰਸਾਰ ਭਰ ਵਿਚ ਅਨੇਕਾਂ ਬੋਲੀਆਂ ਹਨ, ਹਰ ਇਕ ਵਿਅਕਤੀ ਦੀ ਮਾਂ ਬੋਲੀ ਉਸ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਰੱਖਦੀ ਹੈ | ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿਚ ਇਸ ਦਿਨ ਮਾਂ ਬੋਲੀ ਸਬੰਧੀ ਪ੍ਰੋਗਰਾਮ ਕੀਤੇ ਜਾਂਦੇ ਹਨ | ਆਪਣਾ ਪੰਜਾਬ ਫਾਊਾਡੇਸ਼ਨ ਦੇ ਡਾਇਰੈਕਟਰ ਜੈ ਸਿੰਘ ਨੇ ਕਿਹਾ ਕਿ ਸਾਡੇ ਦੇਸ਼ ਭਾਰਤ ਵਿਚ ਵੱਖ-ਵੱਖ ਮਾਂ ਬੋਲੀਆਂ ਅਤੇ ਭਾਸ਼ਾਵਾਂ ਲਈ ਵੀ ਦਿਨ ਨਿਰਧਾਰਿਤ ਕੀਤੇ ਗਏ ਹਨ ਪ੍ਰੰਤੂ ਪੰਜਾਬੀ ਭਾਸ਼ਾ ਲਈ ਕੋਈ ਵੱਖਰਾ ਦਿਨ ਨਿਸ਼ਚਿਤ ਨਹੀਂ ਕੀਤਾ ਗਿਆ ਜਦਕਿ ਪੰਜਾਬੀ ਬੋਲੀ ਲਈ ਵੀ ਇਕ ਦਿਨ ਵੱਖਰੇ ਤੌਰ 'ਤੇ ਮਨਾਉਣ ਲਈ ਨਿਸ਼ਚਿਤ ਕੀਤਾ ਜਾਣਾ ਬਣਦਾ ਸੀ | ਉਨ੍ਹਾਂ ਦੱਸਿਆ ਕਿ ਆਪਣਾ ਪੰਜਾਬ ਫ਼ਾਊਾਡੇਸ਼ਨ ਦੇ ਫਾਊਾਡਰ ਅਤੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਮੁਤਾਬਕ ਜੇਕਰ ਇਤਿਹਾਸ ਨੂੰ ਫਰੋਲੀਏ ਤਾਂ ਪੰਜਾਬੀ ਬੋਲੀ ਦੇ ਪਹਿਲੇ ਕਵੀ ਬਾਬਾ ਫ਼ਰੀਦ ਨੂੰ ਮੰਨਿਆ ਜਾਂਦਾ ਹੈ | ਬਾਬਾ ਫ਼ਰੀਦ ਦੀ ਰਚਨਾ ਦਾ ਕਾਵਿ ਗੁਣਾਂ ਕਰਕੇ, ਵਿਸ਼ੇ ਦੀ ਸ੍ਰੇਸ਼ਟਤਾ ਵਿਚ ਉੱਤਮ ਤੇ ਸਦੀਵੀਂ ਯੋਗਦਾਨ ਹੈ | ਪੰਜਾਬੀ ਸਾਹਿਤ ਵਿਚ ਬਾਬਾ ਫ਼ਰੀਦ ਦੀ ਪ੍ਰਾਪਤ ਹੋਈ ਰਚਨਾ ਕਰਕੇ ਉਨ੍ਹਾਂ ਨੂੰ ਪੰਜਾਬੀ ਦਾ ਪਹਿਲਾ ਕਵੀ ਜਾਂ ਸ਼ਾਇਰ ਮੰਨਿਆ ਜਾਂਦਾ ਹੈ | ਬਾਬਾ ਫ਼ਰੀਦ ਨੇ ਪੰਜਾਬੀ ਸਾਹਿਤ ਵਿਚ ਸਭ ਤੋਂ ਵੱਡਮੁੱਲਾ ਯੋਗਦਾਨ ਉਸ ਸਮੇਂ ਪੰਜਾਬੀ ਵਿਚ ਸਲੋਕਾਂ ਤੇ ਸ਼ਬਦਾਂ ਦੀ ਰਚਨਾ ਕਰ ਕੇ ਦਿੱਤਾ ਹੈ | ਬਾਬਾ ਫ਼ਰੀਦ ਦੀ ਬਾਣੀ ਦੀ ਉੱਚਤਾ ਹੋਣ ਕਾਰਨ ਹੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦੀ ਬਾਣੀ ਨੂੰ ਇਕੱਤਰ ਕਰਕੇ ਆਦਿ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਕੇ ਇਸ ਬਾਣੀ ਨੂੰ ਅਹਿਮ ਸਥਾਨ ਦਿੱਤਾ | ਉਨ੍ਹਾਂ ਕਿਹਾ ਕਿ ਡਾ. ਜਗਜੀਤ ਸਿੰਘ ਧੂਰੀ ਅਤੇ ਟੀਮ ਵਲੋਂ ਇਤਿਹਾਸਕ ਫੈਸਲਾ ਲੈਂਦੇ ਹੋਏ ਬਾਬਾ ਫਰੀਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਦੇ ਤੌਰ 'ਤੇ ਐਲਾਨਿਆ ਗਿਆ ਹੈ | ਇਸ ਅਹਿਮ ਫੈਸਲੇ ਦੀ ਆਪਣਾ ਪੰਜਾਬ ਫਾਊਾਡੇਸ਼ਨ ਦੇ ਸਮੂਹ ਡਾਇਰੈਕਟਰਾਂ ਵਲੋਂ ਸ਼ਲਾਘਾ ਕੀਤੀ ਗਈ | ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨਜ਼ ਆਫ਼ ਪੰਜਾਬ ਵਲੋਂ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਇਕ ਨੋਟੀਫਿਕੇਸ਼ਨ ਰਾਹੀਂ ਪੰਜਾਬ ਦੇ ਸਮੂਹ ਸਕੂਲਾਂ ਨੂੰ ਹਰ ਸਾਲ ਇਸ ਦਿਵਸ ਨੂੰ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣਾ ਲਾਜ਼ਮੀ ਕੀਤਾ ਹੈ | ਸਿੱਖਿਆ ਸੰਸਥਾਵਾਂ ਇਨ੍ਹਾਂ ਦਿਨਾਂ ਵਿਚ ਚੱਲ ਰਹੀਆਂ ਘਰੇਲੂ ਪ੍ਰੀਖਿਆਵਾਂ ਵਿਚ ਇਸ ਪੰਜਾਬੀ ਵਿਸ਼ਵ ਦਿਹਾੜੇ ਨੂੰ ਮਨਾਉਣ ਲਈ ਦਿਨ ਨਿਸ਼ਚਿਤ ਕਰਨਗੀਆਂ | ਇਸ ਦਿਨ ਸਕੂਲਾਂ ਵਿਚ ਕਵਿਤਾ ਉਚਾਰਨ, ਕਾਵਿ ਲੇਖਣ, ਨਿਬੰਧ ਲੇਖਣ, ਕਹਾਣੀ ਰਚਨਾ, ਵਾਦ-ਵਿਵਾਦ, ਭਾਸ਼ਣ ਮੁਕਾਬਲਾ, ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਮੁਕਾਬਲਾ, ਸ਼ਬਦ ਜੋੜ ਮੁਕਾਬਲਾ, ਬੋਲ-ਲਿਖਤ, ਸਵਾਲ-ਜਵਾਬ ਮੁਕਾਬਲਾ, ਪੋਸਟਰ ਮੁਕਾਬਲਾ, ਪੰਜਾਬੀ ਭਾਸ਼ਾ ਵਿੱਚ ਨਾਅਰਾ ਲਿਖਣਾ, ਅੱਖਰਕਾਰੀ ਮੁਕਾਬਲੇ ਕਰਵਾਏ ਜਾਣਗੇ |
ਪਿਛਲੀ ਖ਼ਬਰ ਔਰਤ ਸਣੇ 2 ਨਸ਼ਾ ਤਸਕਰ ਗਿ੍ਫ਼ਤਾਰ ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਦਾ ਸਵਾਗਤੀ ਗੇਟ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।