ਤਰਪਾਲ ਥੱਲੇ ਰਾਤਾਂ ਕੱਟਣ ਲਈ ਮਜਬੂਰ
ਸ਼ਹਿਣਾ, 29 ਅਗਸਤ (ਸੁਰੇਸ਼ ਗੋਗੀ)-ਪਿਛਲੇ ਦਿਨਾਂ ਤੋਂ ਹੋਈ ਰਹੀ ਬਾਰਸ਼ ਨਾਲ ਅਤਿ ਗ਼ਰੀਬ ਬਜ਼ੁਰਗ ਨਿਰੰਜਨ ਸਿੰਘ ਪੁੱਤਰ ਵਿਸਾਖਾ ਸਿੰਘ ਬਲਾਕ ਬੱਸ ਸਟੈਂਡ ਸ਼ਹਿਣਾ ਦੇ ਘਰ ਵਿਚ ਪਾਏ ਹੋਏ ਟਾਈਲ ਬਾਲੇ ਦੀਆਂ ਛੱਤਾਂ ਹੋਣ ਕਾਰਨ ਟਾਈਲ ਬਾਲਾ ਟੁੱਟ ਕੇ ਥੱਲੇ ਡਿਗ ਰਿਹਾ ਹੈ | ਜਿਸ ਕਾਰਨ ਡਰਿਆ ਹੋਇਆ ਗ਼ਰੀਬ ਪਰਿਵਾਰ ਤਰਪਾਲ ਦੀ ਝੌਂਪੜੀ ਬਣਾ ਕੇ ਉਸ ਥੱਲੇ ਰਾਤਾਂ ਕੱਟਣ ਲਈ ਮਜਬੂਰ ਹੈ | ਉਨ੍ਹਾਂ ਦੱਸਿਆ ਕਿ ਸ਼ਹਿਣਾ ਪੰਚਾਇਤ ਵਲੋਂ ਵੀ ਘਰ ਦੀਆਂ ਡਿੱਗੀਆਂ ਛੱਤਾਂ ਦਾ ਮੌਕਾ ਦੇਖਿਆ ਗਿਆ ਹੈ | ਇਸੇ ਤਰ੍ਹਾਂ ਹੀ ਬੁਰਜ ਫ਼ਤਿਹਗੜ੍ਹ ਰੋਡ ਭੱਠੇ ਦੇ ਨਜ਼ਦੀਕ ਰਹਿੰਦੇ ਗੁਰਤੇਜ ਸਿੰਘ ਪੁੱਤਰ ਜਗਸੀਰ ਸਿੰਘ ਦੇ ਘਰ ਦੀਆਂ ਛੱਤਾਂ ਵੀ ਡਿਗ ਪਈਆਂ ਹਨ | ਜਿਸ ਨਾਲ ਉਸ ਦੇ ਘਰ ਦੇ ਘਰੇਲੂ ਸਮਾਨ ਦਾ ਨੁਕਸਾਨ ਵੀ ਹੋ ਗਿਆ ਹੈ | ਸੁਖਵਿੰਦਰ ਸਿੰਘ ਧਾਲੀਵਾਲ ਸੂਬਾ ਸੈਕਟਰੀ ਕਿਸਾਨ ਸੈੱਲ ਕਾਂਗਰਸ, ਸੂਬਾ ਕੋਆਰਡੀਨੇਟਰ ਐਸ.ਸੀ ਡਿਪਾਰਟਮੈਂਟ ਕਾਂਗਰਸ ਹਲਕਾ ਭਦੌੜ ਨੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਗ਼ਰੀਬ ਪਰਿਵਾਰਾਂ ਦੇ ਘਰਾਂ ਦੀ ਉਸਾਰੀ ਲਈ ਤੁਰੰਤ ਹੀ ਰਾਸ਼ੀ ਜਾਰੀ ਕਰੇ ਤਾਂ ਕਿ ਸਾਰੇ ਹੀ ਗ਼ਰੀਬ ਪਰਿਵਾਰ ਜਿਨ੍ਹਾਂ ਦੇ ਘਰ ਢਹਿ ਢੇਰੀ ਹੋ ਚੁੱਕੇ ਹਨ ਉਹ ਮੁੜ ਉਸਾਰੀ ਕਰ ਸਕਣ |
ਮੀਂਹ ਕਾਰਨ ਨਿਰੰਜਨ ਸਿੰਘ ਤੇ ਗੁਰਤੇਜ ਸਿੰਘ ਦਾ ਘਰ ਡਿੱਗਿਆ
ਅਜੀਤ ਡੈਸਕ
30-08-2025