ਬਰਨਾਲਾ, 29 ਅਗਸਤ (ਅਸ਼ੋਕ ਭਾਰਤੀ)-ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਖੇਡ ਦਿਵਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਈ 10 ਕਿੱਲੋਮੀਟਰ ਕਰਾਸ ਕੰਟਰੀ ਚੈਂਪੀਅਨਸ਼ਿਪ ਵਿਚੋਂ ਸੋਨ ਤਗਮਾ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਇਹ ਜਾਣਕਾਰੀ ਪਿ੍ੰਸੀਪਲ ਡਾ: ਸਰਬਜੀਤ ਸਿੰਘ ਕੁਲਾਰ ਨੇ ਦਿੱਤੀ ਤੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ ਸੰਸਥਾ ਦੀਆਂ ਲੜਕੀਆਂ ਤੇ ਲੜਕਿਆਂ ਨੇ ਭਾਗ ਲਿਆ | ਜਿਸ ਵਿਚੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਲੜਕੀਆਂ ਨੇ ਸੋਨ ਤਗਮਾ ਅਤੇ ਲੜਕਿਆਂ ਨੇ ਤਾਂਬੇ ਦਾ ਤਗਮਾ ਜਿੱਤਿਆ | ਜੇਤੂ ਟੀਮ ਵਿਚ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਸੋਨ ਤਗਮਾ, ਲੜਕਿਆਂ ਵਿਚੋਂ ਅਰਸ਼ਦੀਪ ਸਿੰਘ ਅਤੇ ਕੁਲਦੀਪ ਸਿੰਘ ਨੇ ਤਾਂਬੇ ਦਾ ਤਗਮਾ ਜਿੱਤਿਆ | ਇਸ ਮੌਕੇ ਸੰਸਥਾ ਦੇ ਪ੍ਰਧਾਨ ਸ: ਭੋਲਾ ਸਿੰਘ ਵਿਰਕ, ਪਿ੍ੰਸੀਪਲ ਡਾ: ਸਰਬਜੀਤ ਸਿੰਘ ਕੁਲਾਰ, ਫਿਜ਼ੀਕਲ ਵਿਭਾਗ ਮੁਖੀ ਪ੍ਰੋ: ਕੁਲਵੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ |