ਬਰਨਾਲਾ, 29 ਅਗਸਤ (ਅਸ਼ੋਕ ਭਾਰਤੀ)-ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਵਲੋਂ ਸਿਵਲ ਸਰਜਨ ਬਰਨਾਲਾ ਦੇ ਸਿਵਲ ਹਸਪਤਾਲ ਪਾਰਕ ਨੂੰ ਉਜਾੜਨ ਦੇ ਹੈਂਕੜਬਾਜ਼ ਰਵੱਈਏ ਖ਼ਿਲਾਫ਼ ਭਗਤ ਨਾਮਦੇਵ ਚੌਂਕ ਵਿਖੇ ਜਨਤਕ ਜਥੇਬੰਦੀਆਂ ਦੇ ਆਗੂਆਂ ਵਲੋਂ ਰੋਸ ਰੈਲੀ ਕੀਤੀ ਗਈ | ਕਮੇਟੀ ਦੇ ਸਕੱਤਰ ਸੋਹਣ ਸਿੰਘ ਮਾਝੀ, ਨਰਾਇਣ ਦੱਤ, ਖੁਸ਼ੀਆ ਸਿੰਘ, ਬਾਬੂ ਸਿੰਘ ਖੁੱਡੀ ਕਲਾਂ, ਨਵਕਿਰਨ ਪੱਤੀ, ਕਰਮਜੀਤ ਸਿੰਘ ਬਿੱਲੂ ਨੇ ਦੱਸਿਆ ਕਿ ਡੀ.ਸੀ ਬਰਨਾਲਾ ਨਾਲ ਸਿਵਲ ਹਸਪਤਾਲ ਵਿਚ ਸੁਵਿਧਾ ਕੇਂਦਰ ਪਾਰਕ ਦੀ ਥਾਂ ਢੁਕਵੇਂ ਥਾਂ 'ਤੇ ਬਣਾਉਣ ਸਬੰਧੀ ਹੋਈ ਸੀ | ਇਸ ਤੋਂ ਪਹਿਲਾਂ ਸਿਵਲ ਹਸਪਤਾਲ ਦੇ ਐਸ.ਐਮ.ਓ, ਸਿਵਲ ਸਰਜਨ ਅਤੇ ਐਸ. ਡੀ.ਐਮ ਨਾਲ ਹੋਈਆਂ ਮੀਟਿੰਗਾਂ ਤੋਂ ਬਾਅਦ ਸਹਿਮਤੀ ਬਣੀ ਸੀ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਪਾਰਕ ਦੀ ਲੋੜ, ਵਾਤਾਵਰਨ ਅਤੇ ਹਰਿਆਲੀ ਨੂੰ ਮੁੱਖ ਰੱਖਦਿਆਂ ਫੈਸਿਲੀਟੇਸਨ ਸੈਂਟਰ (ਸੁਵਿਧਾ ਸੈਂਟਰ) ਦੇ ਬਦਲਵੇਂ ਪ੍ਰਬੰਧ ਕੀਤੇ ਜਾਣਗੇ | ਇਸ ਸਮੇਂ ਕਮੇਟੀ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਹਸਪਤਾਲ ਵਿਚ ਮਰੀਜ਼ਾਂ ਅਤੇ ਵਾਰਸਾਂ ਲਈ ਸਿਰਫ਼ ਇਕ ਹੀ ਪਬਲਿਕ ਪਾਰਕ ਹੈ | ਜਿਸ ਨੂੰ ਪ੍ਰਸ਼ਾਸਨ ਖ਼ਤਮ ਕਰਨ 'ਤੇ ਤੁਲਿਆ ਹੋਇਆ ਹੈ | ਆਗੂਆਂ ਕਿਹਾ ਕਿ ਸਿਵਲ ਸਰਜਨ ਬਰਨਾਲਾ ਇਕ ਪਾਸੇ ਕਹਿ ਰਿਹਾ ਹੈ ਕਿ ਲੈਬਾਰਟਰੀ ਵਾਲੀ ਬਿਲਡਿੰਗ ਅਸੁਰੱਖਿਅਤ ਨਹੀਂ ਹੈ | ਪਰ ਹੈਰਾਨੀ ਦੀ ਗੱਲ ਹੈ ਕਿ ਬਿਲਡਿੰਗ ਦੀ ਛੱਤ ਡਿਗੂੰ ਡਿਗੂੰ ਕਰਦੀ ਹੋਣ ਕਰ ਕੇ ਲੈਬਾਰਟਰੀ ਸਟਾਫ਼ ਨੂੰ ਸਪੈਸ਼ਲ ਕਮਰੇ ਵਿਚ ਬਿਠਾ ਰੱਖਿਆ ਹੈ | ਇਨ੍ਹਾਂ ਸਪੈਸ਼ਲ ਕਮਰਿਆਂ ਨੂੰ ਮਰੀਜ਼ਾਂ ਲਈ ਸ਼ਹਿਰ ਦੇ ਪਤਵੰਤੇ ਸੱਜਣਾਂ ਵਲੋਂ ਤਿਆਰ ਕੀਤਾ ਗਿਆ ਹੈ | ਆਗੂਆਂ ਕਿਹਾ ਸਿਵਲ ਸਰਜਨ ਦਾ ਇਹ ਕਹਿਣਾ ਕਿ ਪਾਰਕ ਦਾ ਕੁੱਝ ਹਿੱਸਾ ਹੀ ਸੁਵਿਧਾ ਕੇਂਦਰ ਲਈ ਲਿਆ ਜਾ ਰਿਹਾ ਹੈ ਪਰ ਅਸਲੀਅਤ ਵਿਚ ਪਾਰਕ ਦੇ ਵਿਚ 15 ਫੁੱਟ ਉੱਚੀ ਕੰਕਰੀਟ ਦੀ ਉਸਾਰੀ ਹੋਣ ਨਾਲ, ਪਾਰਕ ਨਹੀਂ ਰਹਿ ਜਾਵੇਗਾ | ਅਜਿਹਾ ਕਰਨ ਨਾਲ ਇਸ ਤੋਂ ਵੀ ਵਧੇਰੇ ਮੁਸ਼ਕਲਾਂ ਪੈਦਾ ਕਰੇਗਾ | ਮਰੀਜ਼ਾਂ ਲਈ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ਨੂੰ ਬਚਾਉਣ ਅਤੇ ਜਾਂ ਪਾਰਕ ਲਈ ਢੁਕਵੀਂ ਥਾਂ ਹਾਸਲ ਕਰਨ ਲਈ ਸੰਘਰਸ਼ ਹੀ ਇੱਕੋ ਇਕ ਰਸਤਾ ਹੈ | ਨੇ ਮੰਗ ਕੀਤੀ ਕਿ ਪ੍ਰਸ਼ਾਸਨ ਇਸ 'ਤੇ ਤੁਰੰਤ ਧਿਆਨ ਦੇ ਕੇ ਮਰੀਜ਼ਾਂ, ਵਾਰਸਾਂ ਲਈ ਬਣੇ ਇਕੱਲੇ ਪਾਰਕ ਵਿਚ ਕੀਤੀ ਜਾ ਰਹੀ ਉਸਾਰੀ ਬੰਦ ਕੀਤੀ ਜਾਵੇ | ਸਿਵਲ ਹਸਪਤਾਲ ਪਾਰਕ ਦਾ ਉਜਾੜਾ ਬੰਦ ਕੀਤਾ ਜਾਵੇ | ਆਗੂਆਂ ਨੇ ਸਮੂਹ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ, ਸ਼ਹਿਰੀ ਸੰਸਥਾਵਾਂ ਅਤੇ ਸ਼ਹਿਰ ਨਿਵਾਸੀਆਂ ਨੂੰ ਵੀ ਇਸ ਸੰਘਰਸ਼ ਵਿਚ ਅੱਗੇ ਆਉਣ ਦੀ ਅਪੀਲ ਕੀਤੀ | ਉਪਰੰਤ ਗੱਡਾ ਖ਼ਾਨਾ ਚੌਂਕ ਤੱਕ ਰੋਸ ਮਾਰਚ ਕੀਤਾ ਗਿਆ | 31 ਅਗਸਤ ਨੂੰ 2 ਵਜੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਸ਼ਹਿਰੀ ਸੰਸਥਾਵਾਂ ਦੀ ਸਾਂਝੀ ਮੀਟਿੰਗ ਬੁਲਾ ਲਈ ਗਈ ਹੈ ਤਾਂ ਜੋ ਆਏ ਸੁਝਾਵਾਂ ਤੇ ਸਾਂਝੀ ਰਣਨੀਤੀ ਬਣਾਈ ਜਾ ਸਕੇ | ਇਸ ਮੌਕੇ ਸਿਵਲ ਹਸਪਤਾਲ ਬਚਾਓ ਕਮੇਟੀ ਦੇ ਆਗੂਆਂ ਰਜਿੰਦਰ ਪਾਲ, ਖੁਸ਼ੀਆ ਸਿੰਘ, ਰਾਜੀਵ ਕੁਮਾਰ, ਗੁਲਵੰਤ ਸਿੰਘ, ਗਗਨ ਸਿੰਘ, ਗੁਰਚਰਨ ਸਿੰਘ, ਜਗਰਾਜ ਸਿੰਘ ਟੱਲੇਵਾਲ, ਮੇਲਾ ਸਿੰਘ ਕੱਟੂ, ਜੋਰਾ ਸਿੰਘ ਖਿਆਲੀ, ਰਮਨ ਸਿੰਗਲਾ, ਪਰਮਜੀਤ ਕੌਰ ਜੋਧਪੁਰ, ਗੁਰਮੇਲ ਸਿੰਘ ਜਵੰਦਾ, ਅੰਮਿ੍ਤ ਪਾਲ, ਕਰਮਜੀਤ ਸਿੰਘ ਬਿੱਲੂ, ਗੁਰਪ੍ਰੀਤ ਸਿੰਘ ਰੂੜੇਕੇ, ਜਗਸੀਰ ਸਿੰਘ, ਰਮੇਸ਼ ਹਮਦਰਦ, ਮਿਲਖਾ ਸਿੰਘ, ਹਰਨੇਕ ਸਿੰਘ ਸੰਘੇੜਾ ਆਦਿ ਹਾਜ਼ਰ ਸਨ |