ਬਰਨਾਲਾ, 29 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਪਿਛਲੇ ਦਿਨਾਂ ਦੌਰਾਨ ਪਏ ਭਾਰੀ ਮੀਂਹ ਕਾਰਨ ਬਰਨਾਲਾ ਸ਼ਹਿਰ ਵਿਚ ਚਾਰ ਗ਼ਰੀਬ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਗਿਆ ਹੈ | ਜਿਸ ਵਿਚ ਦੋ ਘਰ ਰਾਹੀ ਬਸਤੀ, ਇਕ ਘਰ ਗਲੀ ਨੰਬਰ 4 ਸੇਖਾ ਰੋਡ ਅਤੇ ਇਕ ਮਕਾਨ ਬਾਜ਼ੀਗਰ ਬਸਤੀ ਵਿਚ ਡਿੱਗਾ ਹੈ | ਬਾਜ਼ੀਗਰ ਬਸਤੀ ਵਿਚ ਛੱਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਵੀ ਹੋ ਗਈ | ਪੀੜ੍ਹਤ ਲੋਕਾਂ ਦੀ ਸਾਰ ਲੈਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਬ੍ਰਾਂਚ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਆਪਣੀ ਟੀਮ ਨਾਲ ਘਰਾਂ ਵਿਚ ਪਹੁੰਚੇ ਅਤੇ ਨੁਕਸਾਨ ਦਾ ਜਾਇਜ਼ਾ ਲੈਣ | ਉਨ੍ਹਾਂ ਟਰੱਸਟ ਵਲੋਂ ਪੀੜ੍ਹਤ ਲੋਕਾਂ ਨੂੰ ਆਰਥਿਕ ਸਹਾਇਤਾ ਦਾ ਭਰੋਸਾ ਦਿੱਤਾ ਗਿਆ | ਕੈਪਟਨ ਸਿੱਧੂ ਨੇ ਦੱਸਿਆ ਕਿ ਟੀਮ ਵਲੋਂ ਨੁਕਸਾਨੇ ਘਰਾਂ ਦੀਆਂ ਤਸਵੀਰਾਂ ਲੈ ਕੇ ਅਤੇ ਮਦਦ ਲਈ ਅਰਜ਼ੀਆਂ ਭਰ ਕੇ ਨੁਕਸਾਨ ਦਾ ਐਸਟੀਮੇਟ ਲਗਵਾ ਕੇ ਸੰਸਥਾ ਦੇ ਮੁੱਖ ਦਫ਼ਤਰ ਨੂੰ ਭੇਜ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸੰਸਥਾ ਦੇ ਚੇਅਰਮੈਨ ਡਾ: ਐਸ.ਪੀ. ਸਿੰਘ ਉਬਰਾਏ ਦਿਨ-ਰਾਤ ਲੋੜਵੰਦ ਲੋਕਾਂ ਦੀ ਸੇਵਾ ਵਿਚ ਲੱਗੇ ਰਹਿੰਦੇ ਹਨ | ਜੋ ਸਿਰਫ਼ ਆਪਣੇ ਵਤਨ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਇਨਸਾਨੀਅਤ ਦੀ ਸੇਵਾ ਕਰਦੇ ਰਹਿੰਦੇ ਹਨ | ਇਸ ਮੌਕੇ ਸਮਾਜ ਸੇਵੀ ਹਰਵਿੰਦਰ ਸਿੰਘ ਰੋਮੀ, ਕੁਲਵਿੰਦਰ ਸਿੰਘ ਕਾਲਾ, ਗੁਰਜੰਟ ਸਿੰਘ ਸੋਨਾ, ਗੁਰਦੇਵ ਸਿੰਘ ਮੱਕੜ, ਸੂਬੇਦਾਰ ਗੁਰਜੰਟ ਸਿੰਘ ਅਤੇ ਹੌਲਦਾਰ ਬਸੰਤ ਸਿੰਘ ਉੱਗੋਕੇ ਆਦਿ ਮੈਂਬਰ ਵੀ ਹਾਜ਼ਰ ਸਨ |