ਤਪਾ ਮੰਡੀ, 30 ਅਗਸਤ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐਸ.ਪੀ. ਗੁਰਬਿੰਦਰ ਸਿੰਘ ਦੀ ਅਗਵਾਈ ਹੇਠ ਤਪਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 250 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਤਪਾ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਸ਼ਰੀਫ ਖ਼ਾਨ ਤਪਾ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੇ ਸਬੰਧ 'ਚ ਦੌਰਾਨੇ ਗਸ਼ਤ ਬਰਨਾਲਾ ਤੋ ਬਠਿੰਡਾ ਰੋਡ ਤੇ ਕੱਚਾ ਰਸਤਾ ਜੋ ਪਿੰਡ ਮਹਿਤਾ ਨੂੰ ਜਾਂਦਾ ਹੈ ਪਰ ਜਾ ਰਹੇ ਸੀ ਤਾਂ ਪੁਲਿਸ ਨੂੰ ਕੱਚਾ ਰਸਤਾ ਮਹਿਤਾ ਪਰ ਝਾੜੀਆਂ ਦੇ ਪਾਸ ਇਕ ਨੌਜਵਾਨ ਵਿਅਕਤੀ ਬੈਠਾ ਦਿਖਾਈ ਦਿੱਤਾ ਜਿਸ ਦੇ ਹੱਥ ਵਿਚ ਇਕ ਲਿਫ਼ਾਫ਼ਾ ਫੜਿਆ ਹੋਇਆ ਸੀ ਦੀ ਫਰੋਲਾ ਫਰਾਲੀ ਕਰ ਰਿਹਾ ਸੀ, ਜੋ ਪੁਲਿਸ ਨੂੰ ਦੇਖ ਕੇ ਘਬਰਾ ਗਿਆ | ਪੁਲਿਸ ਨੇ ਉਕਤ ਨੌਜਵਾਨ ਦੀ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਤਾਂ ਲਿਫ਼ਾਫ਼ੇ ਵਿਚੋਂ 250 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਉਪਰੰਤ ਦੋਸ਼ੀ ਨੂੰ ਮੌਕੇ 'ਤੇ ਕਾਬੂ ਕੀਤਾ | ਉਕਤ ਦੋਸ਼ੀ ਨੇ ਪਹਿਚਾਣ ਵਜੋਂ ਆਪਣਾ ਨਾਂਅ ਮਨੀਸ਼ ਕੁਮਾਰ ਉਰਫ਼ ਲਵਲੀ ਪੁੱਤਰ ਪਵਨ ਕੁਮਾਰ ਵਾਸੀ ਨੇੜੇ ਗੈਸ ਏਜੰਸੀ ਤਪਾ ਦੱਸਿਆ | ਫ਼ਿਲਹਾਲ ਪੁਲਿਸ ਨੇ ਉਕਤ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਮੁੱਖ ਮੁਨਸ਼ੀ ਦਵਿੰਦਰ ਸਿੰਘ, ਹੌਲਦਾਰ ਇਕਬਾਲ ਸਿੰਘ, ਹੌਲਦਾਰ ਜਗਦੀਪ ਸਿੰਘ ਅਤੇ ਹੌਲਦਾਰ ਭਰਤਇੰਦਰ ਆਦਿ ਮੌਜੂਦ ਸਨ |