ਮਹਿਲ ਕਲਾਂ, 30 ਅਗਸਤ (ਅਵਤਾਰ ਸਿੰਘ ਅਣਖੀ)-ਹੈੱਡ ਮਾਸਟਰਜ਼ ਐਸੋਸੀਏਸ਼ਨ, ਪੰਜਾਬ ਦੁਆਰਾ ਦਿੱਤੇ ਸੱਦੇ 'ਤੇ ਰੱਖੇ ਗਏ ਪ੍ਰੋਗਰਾਮ ਪੰਜਾਬ ਦੇ 117 ਵਿਧਾਇਕਾਂ ਅਤੇ 13 ਮੈਂਬਰ ਪਾਰਲੀਮੈਂਟ ਨੂੰ ਮੰਗ-ਪੱਤਰ ਦੇਣ ਅਤੇ ਮੰਗਾਂ ਨਾ ਮੰਨੀਆਂ ਜਾਣ ਵਿਰੁੱਧ ਰੋਸ ਪ੍ਰਗਟ ਕਰਨ ਦੀ ਲੜੀ ਤਹਿਤ ਅੱਜ ਹੈੱਡ ਮਾਸਟਰਜ਼ ਐਸੋਸੀਏਸ਼ਨ, ਬਰਨਾਲਾ ਵਲੋਂ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਮੰਗ-ਪੱਤਰ ਦਿੱਤਾ ਗਿਆ | ਉਨ੍ਹਾਂ ਨੇ ਹੈੱਡਮਾਸਟਰ ਕਾਡਰ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਮੁੱਖ ਮੰਤਰੀ ਪੰਜਾਬ ਕੋਲ ਪਹੁੰਚਦਾ ਕਰਨ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨਾ ਜਾਰੀ ਰੱਖਿਆ ਅਤੇ ਇਕ ਵਿਸ਼ੇਸ਼ ਕਾਡਰ ਨੂੰ ਉਨ੍ਹਾਂ ਦੇ ਹੱਕ ਤੇ ਤਰਜੀਹ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸੜਕਾਂ 'ਤੇ ਉੱਤਰਨਾ ਹੈਡ ਮਾਸਟਰਾਂ ਦੀ ਮਜਬੂਰੀ ਹੋਵੇਗੀ | ਐਸੋਸੀਏਸ਼ਨ ਦੇ ਆਗੂ ਪ੍ਰਦੀਪ ਕੁਮਾਰ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅਣਗੌਲੇ ਕੀਤੇ ਹੈੱਡ ਮਾਸਟਰ ਕਾਡਰ 'ਚ ਉਨ੍ਹਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਨਾ ਮੰਨੇ ਜਾਣ ਦੇ ਵਿਰੁੱਧ ਭਾਰੀ ਰੋਸ ਹੈ, ਜਿਸ ਦੇ ਚੱਲਦਿਆਂ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਕੀਤੀ ਜਾ ਰਹੀ ਅਣਦੇਖੀ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਅਗਲੀ ਰਣਨੀਤੀ ਘੜੀ ਜਾਵੇਗੀ | ਐਸੋਸੀਏਸ਼ਨ ਦੇ ਫਾਈਨਾਂਸ ਸਕੱਤਰ ਰੌਬਿਨ ਗੁਪਤਾ ਨੇ ਕਿਹਾ ਕਿ ਹੁਣ ਹੈੱਡ ਮਾਸਟਰ ਕਾਡਰ ਚੁੱਪ ਨਹੀਂ ਬੈਠੇਗਾ | ਉਨ੍ਹਾਂ ਕਿਹਾ ਕਿ ਇਸ ਤਹਿਤ ਹਰ ਮੁਹਾਜ਼ 'ਤੇ ਸੰਘਰਸ਼ ਲਈ ਲਾਮਬੰਦੀ ਸ਼ੁਰੂ ਕਰ ਕੇ ਕਾਨੂੰਨ ਦਾ ਸਹਾਰਾ ਲਿਆ ਜਾਵੇਗਾ | ਇਸ ਮੌਕੇ ਹੈੱਡਮਾਸਟਰ ਰਾਜੇਸ਼ ਗੋਇਲ, ਪੁਨੀਤ ਕੁਮਾਰ, ਹਰੀਸ਼ ਕੁਮਾਰ ਜ਼ਿਲ੍ਹਾ ਖ਼ਜ਼ਾਨਚੀ, ਸੁਖਦੇਵ ਸਿੰਘ, ਹਰਪ੍ਰੀਤ ਕੌਰ, ਮਲਕੀਤ ਕੌਰ, ਡਿੰਪੀ ਰਾਣੀ ਵੀ ਹਾਜ਼ਰ ਸਨ |