ਮਲੇਰਕੋਟਲਾ, 30 ਅਗਸਤ (ਮਨਜਿੰਦਰ ਸਿੰਘ ਸਰੌਦ) - ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਮਲੇਰਕੋਟਲਾ ਤੋਂ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਪਸ਼ੂਆਂ ਲਈ ਹਰਾ-ਚਾਰਾ ਅਤੇ ਹੋਰ ਵਸਤੂਆਂ ਦੇ ਟਰੱਕ ਰਵਾਨਾ ਕੀਤੇ ਗਏ | ਜਿਸ ਦੇ ਵਿਚ ਪਸ਼ੂਆਂ ਲਈ ਅਚਾਰ ਦੀਆਂ ਗੱਠਾਂ ਤੋਂ ਇਲਾਵਾ ਪੀੜਤਾਂ ਲਈ ਰਾਹਤ ਸਮਗਰੀ ਸ਼ਾਮਿਲ ਹੈ | ਟਰੱਕ ਰਵਾਨਾ ਕਰਨ ਸਮੇਂ ਡਾ. ਰਹਿਮਾਨ ਨੇ ਕਿਹਾ ਕਿ ਹੜ੍ਹਾਂ ਦੀ ਬੇਹੱਦ ਨਾਜ਼ੁਕ ਸਥਿਤੀ 'ਚੋਂ ਗੁਜ਼ਰ ਰਹੇ ਲੋੜਵੰਦ ਲੋਕਾਂ ਲਈ ਰਾਹਤ ਸਮਗਰੀ ਦਾ ਪ੍ਰਬੰਧ ਸੂਬਾ ਸਰਕਾਰ ਵੱਲੋਂ ਵੀ ਲਗਾਤਾਰ ਕੀਤਾ ਜਾ ਰਿਹਾ ਹੈ, ਜੋ ਵੱਖ-ਵੱਖ ਇਲਾਕਿਆਂ ਤੋਂ ਟਰੈਕਟਰ ਟਰਾਲੀਆਂ ਅਤੇ ਟਰੱਕਾਂ ਰਾਹੀਂ ਹੜ੍ਹ ਪੀੜਤ ਖੇਤਰਾਂ ਲਈ ਭੇਜੀ ਜਾ ਰਹੀ ਹੈ | ਉਨ੍ਹਾਂ ਆਖਿਆ ਕਿ ਇਸ ਅÏਖੀ ਘੜੀ ਦੇ ਅੰਦਰ ਸਾਨੂੰ ਸਾਰਿਆਂ ਨੂੰ ਪੰਜਾਬ ਦੇ ਵੱਖ-ਵੱਖ ਕੋਨਿਆਂ ਵਿਚ ਹੜ੍ਹ ਪੀੜਤ ਪਰਿਵਾਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦਿਆਂ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ | ਹਲਕਾ ਵਿਧਾਇਕ ਨੇ ਮਲੇਰਕੋਟਲਾ ਦੇ ਆਵਾਮ ਨੂੰ ਅਪੀਲ ਕੀਤੀ ਕਿ ਉਹ ਸਾਰੇ ਪੀੜਤ ਪਰਿਵਾਰਾਂ ਦੀ ਮਦਦ ਲਈ ਆਪਣਾ ਬਣਦਾ ਯੋਗਦਾਨ ਪਾਉਣ | ਜ਼ਿਕਰਯੋਗ ਹੈ ਕਿ ਵਿਧਾਇਕ ਡਾਕਟਰ ਰਹਿਮਾਨ ਦੇ ਧਰਮ ਪਤਨੀ ਬੀਬਾ ਫਰਿਆਲ ਰਹਿਮਾਨ ਪਿਛਲੇ ਕਈ ਦਿਨਾਂ ਤੋਂ ਸੁਲਤਾਨਪੁਰ ਲੋਧੀ ਵਿਖੇ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ | ਇਸ ਮੌਕੇ ਹਲਕਾ ਵਿਧਾਇਕ ਦੇ ਪੀ.ਏ. ਗੁਰਮੁਖ ਸਿੰਘ ਸਰਪੰਚ ਖਾਨਪੁਰ, ਸੀਨੀਅਰ 'ਆਪ' ਆਗੂ ਗੁਰਮੀਤ ਸਿੰਘ ਬੁਰਜ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਬਲਾਕ ਪ੍ਰਧਾਨ ਅਬਦੁਲ ਹਲੀਮ, ਯਾਸਰ ਅਰਾਫਾਤ ਯਾਸੀਨ ਨੇਸਤੀ, ਸਾਬਕਾ ਐਮ.ਸੀ. ਲਿਆਕਤ ਜਮਾਲਪੁਰਾ, ਡਾਕਟਰ ਚਮਕੌਰ ਸਿੰਘ ਧਨੋ ਹਾਜ਼ਰ ਸਨ |