ਟੱਲੇਵਾਲ, 30 ਅਗਸਤ (ਸੋਨੀ ਚੀਮਾ)-ਪਿਛਲੇ ਦਿਨੀਂ ਪਏ ਮੀਂਹ ਕਾਰਨ ਇਲਾਕੇ ਦੇ ਪਿੰਡਾਂ ਵਿਚ ਲੋੜਵੰਦ ਪਰਿਵਾਰਾਂ ਦੇ ਘਰ ਵੱਡੀ ਪੱਧਰ 'ਤੇ ਨੁਕਸਾਨੇ ਗਏ ਹਨ | ਜਿਸ ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਵਲੋਂ ਹਰਕਤ ਵਿਚ ਆਉਂਦਿਆਂ ਪਿੰਡਾਂ ਵਿਚ ਹੋਏ ਨੁਕਸਾਨ ਸਬੰਧੀ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਇਸ ਕਾਰਜ ਲਈ ਪੰਚਾਇਤੀ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਹਨ | ਜਿਸ ਦੇ ਚੱਲਦਿਆਂ ਪਿੰਡ ਚੀਮਾ ਵਿਖੇ ਵੀ ਸਰਪੰਚ ਮਲੂਕ ਸਿੰਘ ਧਾਲੀਵਾਲ ਵਲੋਂ ਨੁਕਸਾਨੇ ਘਰਾਂ ਦਾ ਸਰਵੇ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿੰਡ ਵਿਚ ਦੋ ਵਿਅਕਤੀਆਂ ਦੀਆਂ ਛੱਤਾਂ ਡਿੱਗਣ ਤੋਂ ਇਲਾਵਾ ਕਈ ਘਰਾਂ ਨੂੰ ਤਰੇੜਾਂ ਆਈਆਂ ਹਨ | ਜਿਸ ਦੀ ਰਿਪੋਰਟ ਤਿਆਰ ਕਰ ਕੇ ਪ੍ਰਸ਼ਾਸਨ ਨੂੰ ਸੌਂਪੀ ਜਾਵੇਗੀ | ਉਨ੍ਹਾਂ ਕਿਹਾ ਕਿ ਮੌਸਮ ਅਜੇ ਵੀ ਸਾਫ਼ ਨਹੀਂ ਹੋਇਆ ਹੈ | ਜਿਸ ਲਈ ਅਣਸੇਫ ਘਰਾਂ ਦੇ ਮਾਲਕਾਂ ਨੂੰ ਉਕਤ ਘਰ ਛੱਡ ਕੇ ਸਾਂਝੀਆਂ ਥਾਵਾਂ 'ਤੇ ਸ਼ਿਫ਼ਟ ਕਰਨ ਸਬੰਧੀ ਵੀ ਵਿਊਾਤਬੰਦੀ ਕੀਤੀ ਜਾ ਰਹੀ ਹੈ | ਇਸ ਸਮੇਂ ਉਨ੍ਹਾਂ ਨਾਲ ਪੰਚ ਜਸਵੀਰ ਸਿੰਘ ਰਮਨਾ, ਨੈਬ ਸਿੰਘ ਖ਼ਾਲਸਾ, ਪਿੰਦਰ ਧਾਲੀਵਾਲ ਵੀ ਹਾਜ਼ਰ ਸਨ |