ਮਹਿਲ ਕਲਾਂ, 30 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬੀਤੇ ਦਿਨੀਂ ਪਏ ਭਾਰੀ ਮੀਂਹ ਦੇ ਮੱਦੇਨਜ਼ਰ ਪਿੰਡ ਵਜੀਦਕੇ ਖ਼ੁਰਦ ਵਿਚ ਕੱਚੇ ਘਰਾਂ ਦੀ ਸਥਿਤੀ ਨੂੰ ਦੇਖਦੇ ਹੋਏ ਆਰਜ਼ੀ ਤੌਰ 'ਤੇ ਧਰਮਸ਼ਾਲਾ 'ਚ ਰਾਹਤ ਕੈਂਪ ਬਣਾਇਆ ਗਿਆ ਹੈ | ਐੱਸ.ਡੀ.ਐਮ ਮਹਿਲ ਕਲਾਂ ਜੁਗਰਾਜ ਸਿੰਘ ਕਾਹਲੋਂ ਵਲੋਂ ਰਾਹਤ ਕੈਂਪ ਦਾ ਦੌਰਾ ਕੀਤਾ ਗਿਆ ਜਿੱਥੇ 6 ਪਰਿਵਾਰਾਂ ਦੇ ਕਰੀਬ 25 ਮੈਂਬਰ ਰਹਿ ਰਹੇ ਹਨ | ਐੱਸ.ਡੀ.ਐਮ ਦੀ ਅਗਵਾਈ ਵਿਚ ਇਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਅਤੇ ਹੋਰ ਲੋੜੀਂਦਾ ਸਮਾਨ ਮੁਹੱਈਆ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਰ ਲੋੜਵੰਦ ਪਰਿਵਾਰਾਂ ਦੀ ਹਰ ਸੰਭਵ ਮਦਦ ਲਈ ਵਚਨਬੱਧ ਹੈ | ਕਿਸੇ ਵੀ ਜ਼ਰੂਰਤ 'ਤੇ ਤਹਿਸੀਲ ਮਹਿਲ ਕਲਾਂ ਦੇ ਵਾਸੀ 82641-93466 ਕੰਟਰੋਲ ਰੂਮ ਨੰਬਰ 'ਤੇ ਸੰਪਰਕ ਕਰ ਸਕਦੇ ਹਨ |