ਭਦੌੜ, 30 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਪਿੰਡ ਤਲਵੰਡੀ ਦੇ ਲੋਕਾਂ ਦਾ ਗਰਿੱਡ ਦੇ ਮਸਲੇ 'ਤੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਖ਼ਿਲਾਫ਼ ਗ਼ੁੱਸਾ ਠੰਢਾ ਨਹੀਂ ਹੋ ਰਿਹਾ ਹੈ ਅਤੇ ਲੋਕਾਂ ਨੇ ਵਿਧਾਇਕ ਖ਼ਿਲਾਫ਼ ਪਿੰਡ ਦੀਆਂ ਕੰਧਾਂ 'ਤੇ ਫਲੈਕਸ ਲਗਾ ਕੇ ਮੁੜ ਆਪਣਾ ਰੋਸ ਜ਼ਾਹਰ ਕੀਤਾ | ਜਿਸ ਦੇ ਸਬੰਧ ਵਿਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਤਿੰਨ ਵਿਅਕਤੀ ਚੁੱਕ ਲਏ | ਪੁਲਿਸ ਦੀ ਇਸ ਕਾਰਵਾਈ ਦੇ ਵਿਰੋਧ 'ਚ ਥਾਣਾ ਭਦੌੜ ਵਿਖੇ ਵੱਡੀ ਗਿਣਤੀ ਵਿਚ ਤਲਵੰਡੀ ਦੇ ਲੋਕਾਂ ਦਾ ਇਕੱਠ ਹੋ ਗਿਆ | ਥਾਣੇ 'ਚ ਇਕੱਤਰ ਲੋਕਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਪਿੰਡ 'ਚ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੇ ਆਉਣ ਦੀ ਮਨਾਹੀ ਦੇ ਪੋਸਟਰ ਲੱਗੇ ਸਨ ਜੋ ਆਮ ਆਦਮੀ ਪਾਰਟੀ ਨੂੰ ਹਜ਼ਮ ਨਹੀਂ ਆਏ ਤਾਂ ਵਿਧਾਇਕ ਲਾਭ ਸਿੰਘ ਉਗੋਕੇ ਦੀ ਸ਼ਹਿ 'ਤੇ ਸਾਡੇ ਪਿੰਡ ਦੇ ਤਿੰਨ ਵਿਅਕਤੀ ਪੰਚ ਯਾਦਵਿੰਦਰ ਕੁਮਾਰ, ਜੁਗਰਾਜ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੂੰ ਪੁਲਿਸ ਫੜ ਕੇ ਥਾਣੇ ਵਿਚ ਲੈ ਆਈ ਹੈ | ਜਿਸ ਨੂੰ ਲੈ ਕੇ ਸਮੁੱਚੇ ਪਿੰਡ ਵਾਸੀਆਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸਰਪੰਚ ਦੇ ਪਤੀ ਅੰਮਿ੍ਤਪਾਲ ਸਿੰਘ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਆਜ਼ਾਦ ਦੇਸ਼ 'ਚ ਆਪਣੀ ਗੱਲ ਕਹਿਣ ਦਾ ਸਭ ਨੂੰ ਹੱਕ ਹੈ | ਇਸ ਬਾਰੇ ਜਦੋਂ ਥਾਣਾ ਮੁਖੀ ਗੁਰਵਿੰਦਰ ਸਿੰਘ ਨਾਲ ਫ਼ੋਨ 'ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ ਤੇ ਥਾਣੇ ਵਿਚ ਮੌਜੂਦ ਪੁਲਿਸ ਮੁਲਾਜ਼ਮ ਵੀ ਇਸ ਮਾਮਲੇ 'ਤੇ ਪੂਰੀ ਤਰ੍ਹ ਚੁੱਪ ਧਾਰ ਗਏ |