ਤਪਾ ਮੰਡੀ, 30 ਅਗਸਤ (ਪ੍ਰਵੀਨ ਗਰਗ)-ਪਿਛਲੇ ਦਿਨੀਂ ਹੋਈਆਂ ਬਰਸਾਤਾਂ ਅਤੇ ਬਾਅਦ ਵਿਚ ਪਈਆਂ ਧੁੱਪਾਂ ਦੀ ਤਪਸ਼ ਨਾਲ ਤਾਜੋ ਰੋਡ ਸਥਿਤ ਢਿੱਲੋਂ ਬਸਤੀ 'ਚ ਤਾਮਕੋਟ ਤੋਂ ਆ ਕੇ ਵਸੇ ਦੋ ਪਰਿਵਾਰਾਂ ਦੀਆਂ ਕੰਧਾਂ ਸੇਗਲ ਨਾਲ ਤਿੜਕ ਗਈਆਂ ਅਤੇ ਘਰਾਂ ਦੀਆਂ ਸਾਈਡਾਂ 'ਤੇ ਕਈ ਕਈ ਫੁੱਟ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਕੰਧਾਂ ਪੋਲੀਆਂ ਪੈ ਗਈਆਂ, ਜਿਸ ਦੇ ਚੱਲਦਿਆਂ ਪਰਿਵਾਰਾਂ ਨੇ ਘਰ ਦਾ ਸਾਰਾ ਸਮਾਨ ਅਤੇ ਬਜ਼ੁਰਗ ਨੂੰ ਮੋਢਿਆਂ 'ਤੇ ਚੁੱਕ ਕੇ ਨਵੀਂ ਦਾਣਾ ਮੰਡੀ ਵਿਚ ਦੁਕਾਨਾਂ 'ਚ ਜਾ ਕੇ ਠਹਿਰਨ ਲਈ ਮਜਬੂਰ ਹੋਣਾ ਪਿਆ | ਪਰਿਵਾਰਿਕ ਮੈਂਬਰਾਂ ਜਸਵਿੰਦਰ ਕੌਰ, ਦਰਸ਼ਨ ਸਿੰਘ, ਰਾਜ ਸਿੰਘ, ਗੁਰਸੇਵਕ ਸਿੰਘ, ਰਾਣੀ ਕੌਰ, ਸੁਖਦੇਵ ਕੌਰ, ਕਰਮਜੀਤ ਕੌਰ, ਜਸਵੀਰ ਕੌਰ ਆਦਿ ਨੇ ਦੱਸਿਆ ਕਿ ਉਨ੍ਹਾਂ ਪਿੰਡ ਤਾਮਕੋਟ ਤੋਂ ਲਗਭਗ 12 ਸਾਲ ਪਹਿਲਾਂ ਆ ਕੇ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਮਕਾਨ ਇਕ ਮਹੀਨਾ ਪਹਿਲਾਂ ਹੀ ਲੱਖਾਂ ਰੁਪਏ ਲਾ ਕੇ ਬਣਾਏ ਸਨ ਪਰ ਤੇਜ਼ ਵਾਰਿਸਾਂ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕੰਧਾਂ ਝਿਰੀਆਂ ਪਈਆਂ ਹਨ ਅਤੇ ਅੰਦਰਲੀਆਂ ਕਈ ਕੰਧਾਂ ਅੱਧ ਵਿਚਕਾਰੋਂ ਡਿਗ ਪਈਆਂ ਹਨ | ਉਨ੍ਹਾਂ ਗ਼ਰੀਬ ਪਰਿਵਾਰਾਂ ਨੇ ਰੋਂਦੇ ਹੋਏ ਵਾਸਤਾ ਪਾਇਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਅਤੇ ਨਾ ਹੀ ਕਿਸੇ ਸਮਾਜ ਸੇਵੀ ਸੰਸਥਾ ਨੇ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕੀਤੀ | ਨਗਰ ਕੌਂਸਲ ਤਪਾ ਦੇ ਪ੍ਰਧਾਨ ਸੋਨਿਕਾ ਬਾਂਸਲ ਦੇ ਪਤੀ ਡਾ: ਬਾਲ ਚੰਦ ਬਾਂਸਲ ਨੇ ਅੱਜ ਉਨ੍ਹਾਂ ਦੇ ਘਰ ਦਾ ਜਾਇਜ਼ਾ ਲਿਆ ਅਤੇ ਅਨਾਜ ਮੰਡੀ ਵਿਚ ਠਹਿਰੇ ਪੀੜਤ ਪਰਿਵਾਰਾਂ ਨਾਲ ਦੀ ਸਹਾਇਤਾ ਲਈ ਵਿਹੜੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਮਕਾਨ ਮੀਂਹ ਦੀ ਵਜ੍ਹਾ ਕਰ ਕੇ ਢਹਿ ਢੇਰੀ ਹੋ ਗਏ ਹਨ | ਇਸ ਲਈ ਉਨ੍ਹਾਂ ਨੂੰ ਨਵੇਂ ਮਕਾਨ ਬਣਾਉਣ ਲਈ ਮੁਆਵਜ਼ਾ ਦਿੱਤਾ ਜਾਵੇ | ਜਦ ਤਹਿਸੀਲਦਾਰ ਓਾਕਾਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਹੁਣੇ ਹੀ ਜਾ ਕੇ ਪਰਿਵਾਰ ਦਾ ਪਤਾ ਲੈ ਕੇ ਢਹਿ ਢੇਰੀ ਹੋਏ ਮਕਾਨਾਂ ਦਾ ਜਾਇਜ਼ਾ ਲੈ ਕੇ ਮੁਆਵਜ਼ੇ ਲਈ ਰਿਪੋਰਟ ਬਣਾ ਕੇ ਪ੍ਰਸ਼ਾਸਨ ਨੂੰ ਭੇਜ ਰਹੇ ਹਨ |