ਟੱਲੇਵਾਲ, 20 ਸਤੰਬਰ (ਸੋਨੀ ਚੀਮਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੀ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਗਹਿਲ ਵਿਚ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ | ਸੰਸਥਾ ਦੇ ਮੁਖੀ ਚਰਨਦੀਪ ਸਿੰਘ (ਡਾ.) ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਸੰਪੂਰਨ ਵਿਕਾਸ ਵਿਚ ਸਹਾਈ ਹੁੰਦੇ ਹਨ | ਇਹ ਮੁਕਾਬਲੇ ਵਿਦਿਆਰਥਣਾਂ ਵਿਚ ਆਤਮ-ਵਿਸ਼ਵਾਸ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਪ੍ਰਤੀਯੋਗਤਾਵਾਂ ਵਿਚ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਹਨ | ਪ੍ਰਤਿਭਾ ਖੋਜ ਮੁਕਾਬਲਿਆਂ ਦੌਰਾਨ ਸਾਹਿੱਤਿਕ ਕਲਾਵਾਂ ਵਿਚ ਭਾਸ਼ਣ ਕਲਾ, ਵਾਦ-ਵਿਵਾਦ, ਕਾਵਿ ਉਚਾਰਨ ਦੇ ਮੁਕਾਬਲੇ ਹੋਏ | ਮੰਚੀ ਕਲਾਵਾਂ ਵਿਚ ਕਵੀਸ਼ਰੀ, ਪਹਿਰਾਵਾ ਪ੍ਰਦਰਸ਼ਨੀ ਅਤੇ ਰਵਾਇਤੀ ਲੋਕ-ਗੀਤਾਂ ਨੇ ਦਰਸ਼ਕਾਂ ਨੂੰ ਮੋਹਿਆ | ਕੋਮਲ ਕਲਾਵਾਂ ਵਿਚ ਮੌਕੇ 'ਤੇ ਚਿੱਤਰਕਾਰੀ, ਕੋਲਾਜ਼ ਬਣਾਉਣਾ, ਪੋਸਟਰ ਬਣਾਉਣਾ, ਕਲੇਅ ਮਾਡਲਿੰਗ, ਰੰਗੋਲੀ ਅਤੇ ਮਹਿੰਦੀ ਦੇ ਮੁਕਾਬਲੇ ਕਰਵਾਏ ਗਏ | ਇਸ ਤੋਂ ਇਲਾਵਾ ਪ੍ਰਦਰਸ਼ਨੀ ਕਲਾਵਾਂ ਅਧੀਨ ਕਢਾਈ, ਪੱਖੀ ਬੁਣਨਾ, ਨਾਲਾ ਬੁਣਨਾ, ਗੁੱਡੀਆਂ-ਪਟੋਲੇ, ਛਿੱਕੂ, ਇਨੂੰ, ਮਿੱਟੀ ਦੇ ਖਿਡੌਣੇ, ਖਿੱਦੋ ਬਣਾਉਣੀ, ਪੀੜੀ ਬੁਣਨੀ, ਕਰੋਸ਼ੀਏ ਦੀ ਬੁਣਤੀ ਅਤੇ ਪਰਾਂਦਾ ਬੁਣਨ ਦੀਆਂ ਪ੍ਰਤੀਯੋਗਤਾਵਾਂ ਵੀ ਹੋਈਆਂ | ਵਿਦਿਆਰਥਣਾਂ ਨੇ ਜੋਸ਼ ਨਾਲ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਨੂੰ ਪੂਰੀ ਸ਼ਿੱਦਤ ਨਾਲ ਪ੍ਰਗਟਾਇਆ | ਯੂਥ ਕੁਆਰਡੀਨੇਟਰ ਡਾ: ਗੁਰਦੀਪ ਕੌਰ, ਕੋ-ਕੁਆਰਡੀਨੇਟਰ ਪੋ੍ਰ: ਲਭਜੀਤ ਕੌਰ ਅਤੇ ਫੈਕਲਟੀ ਮੈਂਬਰਜ਼ ਸਾਹਿਬਾਨ ਵਲੋਂ ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਵਿਦਿਆਰਥਣਾਂ ਨੂੰ ਇਨਾਮ ਦਿੱਤੇ ਗਏ | ਇਸ ਮੌਕੇ ਸਟੇਜ ਦਾ ਸੰਚਾਲਨ ਡਾ: ਗੁਰਦੀਪ ਕੌਰ ਅਤੇ ਵਿਦਿਆਰਥਣ ਇੰਦਰਜੀਤ ਕੌਰ ਵਲੋਂ ਬਾਖ਼ੂਬੀ ਨਿਭਾਇਆ ਗਿਆ | ਇਸ ਸਮੇਂ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ |