ਬਰਨਾਲਾ, 20 ਸਤੰਬਰ (ਅਸ਼ੋਕ ਭਾਰਤੀ)-ਬਰਨਾਲਾ ਜ਼ਿਲ੍ਹੇ ਲਈ ਸਪੈਸ਼ਲ ਡੀ.ਏ.ਪੀ ਖਾਦ ਦਾ ਰੈਕ ਲਗਾ ਕੇ ਘਾਟ ਨੂੰ ਪੂਰਾ ਕੀਤਾ ਜਾਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਬਲਦੇਵ ਸਿੰਘ ਬਿੱਟੂ ਝਲੂਰ ਨੇ ਕੀਤਾ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਡੀ.ਏ.ਪੀ ਖਾਦ ਦੀ ਵੱਡੇ ਪੱਧਰ 'ਤੇ ਘਾਟ ਹੈ ਅਤੇ ਕਿਸਾਨਾਂ ਵਿਚ ਖਾਦ ਨੂੰ ਲੈ ਕੇ ਬੇਚੈਨੀ ਹੈ ਕਿਉਂਕਿ 10 ਦਿਨਾਂ ਤੱਕ ਆਲੂਆਂ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ ਅਤੇ ਮਹੀਨੇ ਤੱਕ ਜ਼ਿਲ੍ਹੇ ਅੰਦਰ ਕਣਕ ਦੀ ਬਿਜਾਈ ਹੋਣੀ ਹੈ ਪਰ ਡੀ.ਏ.ਪੀ ਖਾਦ ਕੋਲ ਨਹੀਂ ਹੈ | ਉੱਪਰੋਂ ਸੁਸਾਇਟੀਆਂ ਅਤੇ ਖਾਦ ਡੀਲਰਾਂ ਵਲੋਂ ਖਾਦ ਦੀ ਆੜ ਵਿਚ ਧੱਕੇ ਨਾਲ ਬੇਲੋੜੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ | ਜਿਸ ਕਾਰਨ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਿਹਾ ਹੋਰ ਸੰਕਟ ਵਿਚ ਫਸ ਰਿਹਾ ਹੈ | ਉਨ੍ਹਾਂ ਕਿਹਾ ਕਿ ਸੁਸਾਇਟੀਆਂ ਵਿਚ ਡੀ.ਏ.ਪੀ. ਖਾਦ ਪਹਿਲ ਦੇ ਆਧਾਰ 'ਤੇ ਦਿੱਤੀ ਜਾਵੇ ਅਤੇ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਤੁਰੰਤ ਰੋਕਿਆ ਜਾਵੇ | ਜ਼ਿਲ੍ਹੇ ਅੰਦਰ ਹੀ ਡੀ.ਏ.ਪੀ ਖਾਦ ਦਾ ਰੈੱਕ ਲਗਾਇਆ ਜਾਵੇ ਕਿਉਂਕਿ ਪਿਛਲੇ ਸਾਲਾਂ ਦੀ ਤਰ੍ਹਾਂ ਹੋਰ ਜ਼ਿਲਿ੍ਹਆਂ ਵਿਚੋਂ ਖਾਦ ਲਿਆਉਣ ਸਮੇਂ ਵਿਵਾਦ ਨਾ ਹੋਣ | ਜ਼ਿਲ੍ਹੇ ਵਿਚ ਡੀ.ਏ.ਪੀ ਖਾਦ ਦਾ ਸਪੈਸ਼ਲ ਰੈੱਕ ਲਗਾ ਕੇ ਘਾਟ ਨੂੰ ਪੂਰਾ ਕੀਤਾ ਜਾਵੇ | ਜੇਕਰ ਇਸ ਮਸਲੇ ਨੂੰ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ |