ਮਹਿਲ ਕਲਾਂ, 20 ਸਤੰਬਰ (ਅਵਤਾਰ ਸਿੰਘ ਅਣਖੀ)-ਪੰਜਾਬ ਸਰਕਾਰ ਵਲੋਂ ਪੇਂਡੂ ਖੇਤਰ 'ਚ ਵਧੀਆ ਸਿਹਤ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਵਲੋਂ ਨਵੇਂ ਡਾਕਟਰਾਂ ਦੀ ਕੀਤੀ ਰੈਗੂਲਰ ਭਰਤੀ ਦੌਰਾਨ ਸੀ.ਐਚ.ਸੀ ਮਹਿਲ ਕਲਾਂ ਵਿਖੇ ਨਵੇਂ ਡਾਕਟਰਾਂ ਨੂੰ ਤਾਇਨਾਤ ਕੀਤਾ ਗਿਆ ਹੈ | ਜਿਨ੍ਹਾਂ 'ਚ ਅੱਜ ਡਾ: ਬਿਕਰਮਜੀਤ ਸਿੰਘ ਨੇ ਬਤੌਰ ਮੈਡੀਕਲ ਅਫ਼ਸਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਡਾ: ਗੁਰਤੇਜਿੰਦਰ ਕੌਰ ਸੀਨੀਅਰ ਮੈਡੀਕਲ ਅਫ਼ਸਰ, ਡਾ: ਲਵਦੀਪ ਸਿੰਘ ਮੈਡੀਕਲ ਅਫ਼ਸਰ, ਡਾ: ਨਵਨੀਤ ਬਾਂਸਲ, ਡਾ: ਕੰਵਰਪੁਨੀਤ ਸਿੰਘ ਕਲੇਰ ਮੈਡੀਕਲ ਅਫ਼ਸਰ, ਬਲਜੀਤ ਸਿੰਘ ਉਪ ਵੈਦ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸੀ | ਇਸ ਮੌਕੇ ਡਾ: ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮੈਡੀਕਲ ਦੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਉਪਰੰਤ ਇੱਥੇ ਨਿਯੁਕਤੀ ਹੋਣ 'ਤੇ ਉਹ ਲੋਕਾਂ ਦੀ ਸੇਵਾ ਨੂੰ ਪਹਿਲ ਦੇ ਕੇ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਵਧੇਰੇ ਲਗਨ, ਮਿਹਨਤ, ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਇਸ ਮੌਕੇ ਸਰਪੰਚ ਸਰਬਜੀਤ ਸਿੰਘ ਸ਼ੰਭੂ, ਸਰਪੰਚ ਕਿਰਨਾ ਰਾਣੀ ਬਾਂਸਲ, ਅਰੁਣ ਕੁਮਾਰ ਬਾਂਸਲ, ਭਾਈ ਜਗਸੀਰ ਸਿੰਘ ਖ਼ਾਲਸਾ ਨੇ ਡਾ: ਬਿਕਰਮਜੀਤ ਸਿੰਘ ਨੂੰ ਅਹੁਦਾ ਸੰਭਾਲਣ 'ਤੇ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸੀ.ਐਚ.ਸੀ ਮਹਿਲ ਕਲਾਂ 'ਚ ਡਾਕਟਰਾਂ ਘਾਟ ਦੂਰ ਹੋਣ ਨਾਲ ਲੋਕਾਂ ਨੂੰ ਵਧੀਆ ਸਿਹਤ ਸਹੂਲਤ ਮਿਲ ਸਕੇਗੀ | ਜਿਸ ਨਾਲ ਲੋੜਵੰਦ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ | ਉਨ੍ਹਾਂ ਸਮੂਹ ਨਗਰ ਨਿਵਾਸੀਆਂ, ਪਿੰਡ ਦੀਆਂ ਦੋਵੇਂ ਗ੍ਰਾਮ ਪੰਚਾਇਤਾਂ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ | ਇਸ ਮੌਕੇ ਹਰੀ ਸਿੰਘ ਕਟੈਹਰੀਆ, ਸਿਕੰਦਰ ਸਿੰਘ ਮਹਿਲ ਖ਼ੁਰਦ, ਹਰਬੰਸ ਸਿੰਘ, ਸੁਖਪਾਲ ਸਿੰਘ, ਚਰਨਜੀਤ ਸਿੰਘ, ਤਰਸੇਮ ਸਿੰਘ, ਨਿਰਮਲ ਸਿੰਘ, ਨਰਿੰਦਰ ਕੁਮਾਰ, ਅਵਤਾਰ ਸਿੰਘ, ਕਮਲਜੀਤ ਸਿੰਘ, ਹਰਨੇਕ ਸਿੰਘ ਆਦਿ ਹਾਜ਼ਰ ਸਨ |