ਬਰਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਉਪ-ਮੰਡਲ ਮੈਜਿਸਟਰੇਟ ਬਰਨਾਲਾ ਸ੍ਰੀਮਤੀ ਸੋਨਮ ਆਈ. ਏ. ਐਸ. ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸ ਦੀ ਸੁਚੱਜੇ ਢੰਗ ਨਾਲ ਸਾਂਭ ਸੰਭਾਲ ਕਰਨ ਸਬੰਧੀ ਇਕ ਅਹਿਮ ਮੀਟਿੰਗ ਆਪਣੇ ਦਫ਼ਤਰ ਵਿਖੇ ਕੀਤੀ ਗਈ | ਜਿਸ ਵਿਚ ਉਪ ਕਪਤਾਨ ਪੁਲਿਸ ਬਰਨਾਲਾ ਤੇ ਤਪਾ, ਸਬ-ਡਵੀਜ਼ਨ ਦੇ ਸਮੂਹ ਐਸ.ਐੱਚ.ਓਜ ਤੋਂ ਇਲਾਵਾ ਖੇਤੀਬਾੜੀ ਦਫ਼ਤਰ ਦੇ ਅਧਿਕਾਰੀ, ਕਲੱਸਟਰ, ਸਹਾਇਕ ਕਲੱਸਟਰ ਸ਼ਾਮਲ ਹੋਏ | ਮੀਟਿੰਗ ਦੌਰਾਨ ਐਸ.ਡੀ.ਐਮ. ਵਲੋਂ ਸੁਪਰੀਮ ਕੋਰਟ ਵਲੋਂ ਜਾਰੀ ਹਦਾਇਤਾਂ ਅਨੁਸਾਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਲੋੜੀਂਦੇ ਤੇ ਢੁਕਵੇਂ ਯਤਨ ਕਰਨ ਲਈ ਹਦਾਇਤਾਂ ਕੀਤੀਆਂ ਗਈਆਂ | ਜਿਨ੍ਹਾਂ ਪਿੰਡਾਂ ਵਿਚ ਪਿਛਲੇ ਵਰਿ੍ਹਆਂ ਦੌਰਾਨ ਜ਼ਿਆਦਾ ਅੱਗਾਂ ਲਗਾਈਆਂ ਗਈਆਂ ਹਨ, ਵੱਲ ਵਿਸ਼ੇਸ਼ ਧਿਆਨ ਦੇਣ ਲਈ ਹਦਾਇਤ ਕੀਤੀ ਗਈ ਤਾਂ ਜੋ ਇਸ ਵਰ੍ਹੇ ਅੱਗ ਲਗਾਉਣ ਤੋਂ ਰੋਕਿਆ ਜਾ ਸਕੇ ਅਤੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਅਤੇ ਆਪਣਾ ਸਾਰਾ ਰਿਕਾਰਡ ਆਪਣੇ ਪਾਸ ਸੰਭਾਲ ਕੇ ਰੱਖਣ ਦੇ ਜ਼ਿੰਮੇਵਾਰ ਹੋਣਗੇ ਤਾਂ ਜੋ ਭਵਿੱਖ ਵਿਚ ਜੇਕਰ ਲੋੜ ਪਵੇ ਤਾਂ ਵਰਤੋਂ ਵਿਚ ਲਿਆਂਦਾ ਜਾ ਸਕੇ | ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਜੇਕਰ ਕਿਸੇ ਅਧਿਕਾਰੀ/ਕਰਮਚਾਰੀ ਦੀ ਬਦਲੀ ਹੋ ਜਾਂਦੀ ਹੈ ਤਾਂ ਉਸ ਦੀ ਜਗ੍ਹਾ 'ਤੇ ਬਦਲਵੇਂ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਦਫ਼ਤਰ/ਵਿਭਾਗ ਦੇ ਮੁਖੀ ਦੀ ਹੋਵੇਗੀ |