ਜੰਗ ਭਾਵੇਂ ਕੁਝ ਮਿੰਟਾਂ ਦੀ ਹੋਵੇ ਜਾਂ ਕੁਝ ਘੰਟਿਆਂ ਦੀ ਜਾਂ ਫਿਰ ਕੁਝ ਦਿਨਾਂ, ਹਫ਼ਤਿਆਂ ਅਤੇ ਮਹੀਨਿਆਂ ਦੀ; ਪਰ ਉਸ ਦੇ ਪ੍ਰਭਾਵ ਅਤੇ ਉਸ ਦੌਰਾਨ ਵਾਪਰੇ ਦਿਲ ਕੰਬਾਊ ਦ੍ਰਿਸ਼ ਦਹਾਕਿਆਂ ਤੱਕ ਲੋਕਾਂ ਦੇ ਮਨਾਂ 'ਤੇ ਜਿਉਂ ਦੇ ਤਿਉਂ ਬਣੇ ਰਹਿੰਦੇ ਹਨ। ਅੱਜ ਤੋਂ ਪੂਰੇ 60 ਸਾਲ ਪਹਿਲਾਂ ਸੰਨ 1965 ਦੀ ਭਾਰਤ-ਪਾਕਿਸਤਾਨ ਜੰਗ ਬੰਦੀ ਤੋਂ 12 ਘੰਟੇ ਬਾਅਦ ਪਾਕਿਸਤਾਨੀ ਹਵਾਈ ਫ਼ੌਜ ਵਲੋਂ ਅੰਮ੍ਰਿਤਸਰ ਦੇ ਛੇਹਰਟਾ 'ਚ ਕੀਤੇ ਕਾਇਰਤਾਪੂਰਨ ਹਵਾਈ ਹਮਲੇ ਨਾਲ ਨੁਕਸਾਨੇ ਗਏ ਘਰਾਂ ਅਤੇ ਦੁਕਾਨਾਂ ਦੀ ਜਗ੍ਹਾ ਭਾਵੇਂ ਕਿ ਨਵੇਂ ਢਾਂਚੇ ਉਸਾਰੇ ਜਾ ਚੁੱਕੇ ਹਨ, ਪਰ ਉਸ ਦੌਰਾਨ ਮਾਰੇ ਗਏ 52 ਲੋਕਾਂ ਦੇ ਪਰਿਵਾਰਾਂ ਲਈ ਜੰਗ ਦੇ ਜ਼ਖਮ ਅਜੇ ਵੀ ਹਰੇ ਸਨ। ਇਨ੍ਹਾਂ ਮ੍ਰਿਤਕਾਂ 'ਚ 4 ਬੱਚੇ ਅਤੇ 7 ਔਰਤਾਂ ਵੀ ਸ਼ਾਮਿਲ ਸਨ। ਸੰਨ 1965 ਦੀ ਭਾਰਤ-ਪਾਕਿ ਜੰਗ 5 ਅਗਸਤ ਨੂੰ ਸ਼ੁਰੂ ਹੋ ਕੇ 1 ਮਹੀਨਾ 2 ਹਫ਼ਤੇ ਅਤੇ 4 ਦਿਨ ਬਾਅਦ ਭਾਵ 23 ਸਤੰਬਰ ਨੂੰ ਖ਼ਤਮ ਹੋਈ ਸੀ।
ਪਾਕਿਸਤਾਨੀ ਹਵਾਈ ਫ਼ੌਜ ਨੇ ਇਹ ਜ਼ਬਰਦਸਤ ਧਮਾਕਾ ਅੰਮ੍ਰਿਤਸਰ ਤੋਂ ਕੌਮਾਂਤਰੀ ਅਟਾਰੀ-ਵਾਹਗਾ ਸਰਹੱਦ ਨੂੰ ਜਾਂਦੀ ਸੜਕ 'ਤੇ ਘੁੱਗ ਵਸਦੀ ਆਬਾਦੀ ਛੇਹਰਟਾ ਦੇ ਪ੍ਰਤਾਪ ਬਾਜ਼ਾਰ 'ਚ 22 ਸਤੰਬਰ 1965 ਨੂੰ ਆਪਣੇ ਤਤਕਾਲੀ ਰਾਸ਼ਟਰਪਤੀ ਅਯੂਬ ਖ਼ਾਨ ਵਲੋਂ ਸੰਯੁਕਤ ਰਾਸ਼ਟਰ ਨਾਲ ਜੰਗਬੰਦੀ ਨੂੰ ਸਵੀਕਾਰ ਕਰਨ ਤੋਂ 12 ਘੰਟੇ ਬਾਅਦ ਕੀਤਾ ਸੀ। ਮੌਜੂਦਾ ਸਮੇਂ ਅੰਮ੍ਰਿਤਸਰ ਦੀ ਆਬਾਦੀ ਰਾਣੀ ਕਾ ਬਾਗ ਵਿਖੇ ਰਹਿੰਦੇ ਇਸ ਧਮਾਕੇ ਦੇ ਚਸ਼ਮਦੀਦ ਗਵਾਹ ਨਰੇਸ਼ ਜੌਹਰ ਨਾਲ ਉਕਤ ਧਮਾਕੇ ਬਾਰੇ ਗੱਲਬਾਤ ਕਰਨ 'ਤੇ ਉਹ ਦੱਸਦੇ ਹਨ ਕਿ ਸੰਨ 1965 ਦੀ ਜੰਗ ਸਮੇਂ ਉਹ ਡੀ. ਏ. ਵੀ. ਕਾਲਜ ਦੇ ਵਿਦਿਆਰਥੀ ਸਨ। ਜੰਗ 'ਚ ਪੀੜਤਾਂ ਦੀ ਸਹਾਇਤਾ ਲਈ ਕਾਲਜ ਦੇ ਵਿਦਿਆਰਥੀਆਂ ਨੂੰ ਐੱਨ. ਸੀ. ਸੀ. ਕੈਡਿਟਾਂ ਵਜੋਂ ਵੱਖ-ਵੱਖ ਥਾਵਾਂ 'ਤੇ ਤਾਇਨਾਤ ਕੀਤਾ ਗਿਆ। ਉਨ੍ਹਾਂ ਦੀ ਡਿਊਟੀ ਛੇਹਰਟਾ ਇਲਾਕੇ 'ਚ ਲਗਾਈ ਗਈ। ਉਹ ਦੱਸਦੇ ਹਨ ਕਿ ਸ਼ਾਮ ਕਰੀਬ 4:15 ਵਜੇ ਆਸਮਾਨ 'ਚ ਪਾਕਿਸਤਾਨੀ ਲੜਾਕੂ ਜਹਾਜ਼ਾਂ ਦੀ ਗਰਜ ਸੁਣਾਈ ਦਿੱਤੀ। ਇਸ ਤੋਂ ਪਹਿਲਾਂ ਕਿ ਲੋਕ ਕੁਝ ਸਮਝ ਪਾਉਂਦੇ ਛੇਹਰਟਾ ਦੇ ਪ੍ਰਤਾਪ ਬਾਜ਼ਾਰ 'ਚ ਸੁੱਟੇ ਬੰਬਾਂ ਨਾਲ ਜ਼ੋਰਦਾਰ ਧਮਾਕੇ ਹੋ ਗਏ। ਇਨ੍ਹਾਂ ਬੰਬ ਧਮਾਕਿਆਂ ਦੀ ਸੂਚਨਾ ਮਿਲਣ 'ਤੇ ਜਦੋਂ ਉਹ ਉੱਥੇ ਪਹੁੰਚੇ ਤਾਂ ਪ੍ਰਤਾਪ ਬਾਜ਼ਾਰ 'ਚ ਹਰ ਪਾਸੇ ਲਾਸ਼ਾਂ ਪਈਆਂ ਸਨ। ਬਲੈਕ ਆਊਟ ਕਰ ਦਿੱਤਾ ਗਿਆ ਸੀ। ਬੰਬਾਰੀ ਨਾਲ ਲਗਭਗ 100 ਘਰ ਨੁਕਸਾਨੇ ਗਏ ਸਨ ਜਿਨ੍ਹਾਂ 'ਚੋਂ 77 ਪੂਰੀ ਤਰ੍ਹਾਂ ਜ਼ਮੀਨਦੋਜ਼ ਹੋ ਕੇ ਮਲਬੇ 'ਚ ਬਦਲ ਗਏ ਸਨ।
ਅੰਮ੍ਰਿਤਸਰ ਦੇ ਇਕ ਹੋਰ ਨਿਵਾਸੀ ਕਮਲ ਡਾਲਮੀਆ ਕਹਿੰਦੇ ਹਨ ਕਿ 22 ਸਤੰਬਰ 1965 ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਲੋਕ ਆਪਣੇ ਰੋਜ਼ਾਨਾ ਦੇ ਕੰਮਾਂ 'ਚ ਰੁੱਝ ਗਏ ਸਨ। ਦੁਕਾਨਾਂ ਲਗਭਗ ਪੂਰੀ ਤਰ੍ਹਾਂ ਖੁੱਲ੍ਹ ਰਹੀਆਂ ਸਨ। ਸ਼ਹਿਰ ਦੇ ਹੋਰਨਾਂ ਇਲਾਕਿਆਂ ਵਾਂਗ ਪ੍ਰਤਾਪ ਬਾਜ਼ਾਰ 'ਚ ਵੀ ਬਹੁਤ ਭੀੜ-ਭੜੱਕਾ ਸੀ। ਜਦੋਂ ਸ਼ਾਮ ਨੂੰ ਆਸਮਾਨ ਤੋਂ ਪਾਕਿਸਤਾਨੀ ਲੜਾਕੂ ਜਹਾਜ਼ਾਂ ਦੀ ਗਰਜ ਸੁਣਾਈ ਦਿੱਤੀ ਤਾਂ ਇਸ ਤੋਂ ਪਹਿਲਾਂ ਕਿ ਲੋਕ ਕੁਝ ਸਮਝ ਸਕਦੇ, ਉਨ੍ਹਾਂ ਜਹਾਜ਼ਾਂ 'ਚੋਂ ਬੰਬ ਡਿੱਗੇ ਅਤੇ ਵੱਡੇ ਧਮਾਕੇ ਹੋਏ।
ਮਸ਼ਹੂਰ ਇਤਿਹਾਸਕਾਰ ਵੀ. ਐੱਨ. ਦੱਤਾ ਦੀ ਕਿਤਾਬ 'ਅੰਮ੍ਰਿਤਸਰ ਪਾਸਟ ਐਂਡ ਪ੍ਰੈਜ਼ੈਂਟ' (ਇਹ ਕਿਤਾਬ ਸੰਨ 1967 'ਚ ਉਸ ਸਮੇਂ ਦੀ ਅੰਮ੍ਰਿਤਸਰ ਮਿਉਂਸਪਲ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਸੀ) ਦੇ ਇਕ ਪੈਰੇ ਵਿਚ ਸਪੱਸ਼ਟ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ ਕਿ ਪ੍ਰਤਾਪ ਬਾਜ਼ਾਰ 'ਚ ਧਮਾਕਾ ਉਸ ਸਮੇਂ ਹੋਇਆ ਜਦੋਂ ਪਾਕਿ ਦੇ ਰਾਸ਼ਟਰਪਤੀ ਅਯੂਬ ਖ਼ਾਨ ਪਾਕਿਸਤਾਨ ਰੇਡੀਓ 'ਤੇ ਜੰਗਬੰਦੀ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤੇ ਨੂੰ ਸਵੀਕਾਰ ਕਰਨ ਬਾਰੇ ਬੋਲ ਰਹੇ ਸਨ, ਜਿਸ ਵਿਚ ਭਾਰਤ ਅਤੇ ਪਾਕਿਸਤਾਨ ਨੂੰ ਲੜਾਈ ਬੰਦ ਕਰਨ ਦੀ ਅਪੀਲ ਕੀਤੀ ਗਈ ਸੀ।
ਖ਼ੈਰ, ਉਕਤ ਹਮਲੇ ਦੇ ਦੋ ਸਾਲ ਬਾਅਦ ਸੰਨ 1967 'ਚ ਬੰਬ ਧਮਾਕਿਆਂ 'ਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਛੇਹਰਟਾ ਦੀ ਮਿਊਂਸੀਪਲ ਕਮੇਟੀ (ਹੁਣ ਅੰਮ੍ਰਿਤਸਰ ਨਗਰ ਨਿਗਮ ਦਾ ਹਿੱਸਾ) ਵਲੋਂ ਪ੍ਰਤਾਪ ਬਾਜ਼ਾਰ 'ਚ ਕਮਿਊਨਿਟੀ ਸੈਂਟਰ ਉਸਾਰਿਆ ਗਿਆ। ਬਾਅਦ 'ਚ ਇਸ ਨੂੰ ਰੈਣ-ਬਸੇਰਾ 'ਚ ਤਬਦੀਲ ਕਰ ਦਿੱਤਾ ਗਿਆ। ਲੰਬੇ ਸਮੇਂ ਤੋਂ ਬੰਦ ਪਏ ਕਮਿਊਨਿਟੀ ਹਾਲ ਬਨਾਮ ਨਾਈਟ ਸ਼ੈਲਟਰ (ਰੈਣ-ਬਸੇਰਾ) ਦੀ ਹਾਲਤ ਰੱਖ-ਰਖਾਅ ਦੀ ਘਾਟ ਕਾਰਨ ਮੌਜੂਦਾ ਸਮੇਂ ਤਰਸਯੋਗ ਬਣੀ ਹੋਈ ਹੈ। ਜਿੱਥੇ ਅਣਗਹਿਲੀ ਨਾਲ ਇਸ ਦੇ ਮੁੱਖ ਦਰਵਾਜ਼ੇ ਦੇ ਅੱਗੇ ਕੂੜੇ ਅਤੇ ਗੰਦਗੀ ਦਾ ਵੱਡਾ ਡੰਪ ਬਣਾ ਦਿੱਤਾ ਗਿਆ ਹੈ, ਉੱਥੇ ਹੀ ਇਸ ਸਮਾਰਕ ਦੇ ਬਾਹਰ ਲਗਾਈ ਪੱਥਰ ਦੀ ਸਿਲ 'ਤੇ ਨਿੱਜੀ ਵਪਾਰਕ ਅਦਾਰਿਆਂ ਵਲੋਂ ਆਪਣੇ ਪ੍ਰਚਾਰ ਲਈ ਪੋਸਟਰ ਲਗਾਏ ਜਾਣ ਕਰਕੇ ਇਸ ਹੇਠਾਂ ਲਿਖੀ ਇਬਾਰਤ ਵੀ ਧੁੰਦਲੀ ਪੈ ਚੁੱਕੀ ਹੈ, ਜਿਸ ਕਾਰਨ ਸੈਲਾਨੀ ਅਤੇ ਸ਼ਹਿਰਵਾਸੀ ਇਸ ਯਾਦਗਾਰ ਦੀ ਹੋਂਦ ਤੋਂ ਅਣਜਾਣ ਹਨ।
-ਪੱਤਰਕਾਰ 'ਅਜੀਤ' ਉਪ ਦਫ਼ਤਰ ਅੰਮ੍ਰਿਤਸਰ
ਫ਼ੋਨ : 9356127771