23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਵਿਕਾਰਾਂ ਦੀ ਮਿੱਟੀ

ਅਜੀਤ ਡੈਸਕ 21-09-2025

ਮੈਨੂੰ ਸਰਕਾਰੀ ਦਫ਼ਤਰ ਵਿਚ ਕੰਮ ਕਰਦਿਆਂ ਲਗਭਗ ਇਕ ਦਹਾਕਾ ਹੋ ਚੁੱਕਾ ਹੈ, ਪਰ ਅਜੇ ਵੀ ਜ਼ਿੰਦਗੀ ਜਿਵੇਂ ਤੇਜ਼ ਰਫ਼ਤਾਰ ਨਾਲ ਦੌੜੀ ਜਾ ਰਹੀ ਹੈ। ਜੋ ਕੁਝ ਹੈ, ਦਿਲ 'ਚ ਹਮੇਸ਼ਾ ਉਸਤੋਂ ਵੱਧ ਪਾਉਣ ਦੀ ਲਾਲਸਾ ਲੱਗੀ ਰਹਿੰਦੀ ਹੈ। ਅਕਸਰ ਹੀ ਸੋਚਦਾ ਰਹਿੰਦਾ ਹਾਂ ਕਿ ਉੱਚੇ ਅਹੁਦੇ ਵਾਲਿਆਂ ਜਿੰਨੀ ਤਨਖ਼ਾਹ ਮੈਨੂੰ ਕਿਉਂ ਨਹੀਂ ਮਿਲਦੀ, ਮੇਰੀ ਪਦਉੱਨਤੀ ਛੇਤੀ ਹੋਣੀ ਚਾਹੀਦੀ ਹੈ, ਆਦਿ। ਕੁਝ ਮਹੀਨੇ ਪਹਿਲਾਂ ਦਫ਼ਤਰ 'ਚ ਇਕ ਨਵੇਂ ਮੁਲਾਜ਼ਮ (ਮਨਜੀਤ) ਨੇ ਜੁਆਇੰਨ ਕੀਤਾ ਜੋ ਕਿ ਉਮਰ ਵਿਚੋਂ ਮੇਰੇ ਨਾਲੋਂ 7-8 ਸਾਲ ਛੋਟਾ ਹੈ। ਉਸ ਦੇ ਚਿਹਰੇ 'ਤੇ ਹਮੇਸ਼ਾ ਸੰਤੁਸ਼ਟੀ ਦੇ ਭਾਵ ਰਹਿੰਦੇ। ਗੱਲਬਾਤ ਤੋਂ ਵੀ ਕਾਫੀ ਸੁਲਝਿਆ ਜਾਪਦਾ। ਹਮੇਸ਼ਾ ਹਸੂੰ-ਹਸੂੰ ਕਰਦਾ ਉਸ ਦਾ ਚਿਹਰਾ ਸਭ ਨੂੰ ਚੰਗਾ ਲਗਦਾ। ਉਸ ਦੀਆਂ ਗੱਲਾਂ ਤੋਂ ਲਗਦਾ ਜਿਵੇਂ ਜ਼ਿੰਦਗੀ ਦਾ ਉਸ ਨੂੰ ਆਪਣੇ ਉਮਰ ਤੋਂ ਕਿਤੇ ਵੱਧ ਤਜਰਬਾ ਹੈ। ਉਸ ਦਾ ਮੰਨਣਾ ਸੀ ਕਿ ਸਭ ਤੋਂ ਵੱਡਾ ਖਜ਼ਾਨਾ ਸਬਰ-ਸੰਤੋਖ ਦਾ ਹੈ, ਜਿਸ ਤੋਂ ਬਿਨਾਂ ਸੋਨੇ ਦੇ ਮਹਿਲ ਵੀ ਛੋਟੇ ਲਗਦੇ ਹਨ। ਜਲਦ ਹੀ ਉਸਦੀ ਸਾਰਿਆਂ ਨਾਲ ਚੰਗੀ ਵਾਕਫੀ ਹੋ ਗਈ।
ਕੁਝ ਹਫਤਿਆਂ ਬਾਅਦ ਉਸਦਾ ਤਬਾਦਲਾ ਮੇਰੀ ਸ਼ਾਖਾ 'ਚ ਹੋ ਗਿਆ ਅਤੇ ਉਸਨੇ ਆਪਣਾ ਸਾਮਾਨ ਮੇਰੀ ਲਾਗਲੀ ਸੀਟ ਉਤੇ 'ਤੇ ਟਿਕਾਅ ਲਿਆ, ਜਿਸ ਵਿਚ ਇਕ ਛੋਟਾ ਜਿਹਾ ਸਫੈਦ ਰੰਗ ਦਾ ਗਮਲਾ ਵੀ ਸੀ ਜੋ ਉਸਨੇ ਮੇਜ਼ ਦੇ ਇਕ ਕਿਨਾਰੇ ਉਤੇ ਰੱਖ ਦਿੱਤਾ। ਗਮਲੇ 'ਚ ਕੋਈ ਪੌਦਾ/ਫੁੱਲ ਨਹੀਂ ਸੀ ਲੱਗਾ, ਬੱਸ ਮਿੱਟੀ ਸੀ। ਮਿੱਟੀ 'ਤੇ ਸ਼ਿੰਗਾਰ ਲਈ 2-3 ਚਮਕੀਲੇ ਛੋਟੇ-ਛੋਟੇ ਪੱਥਰ ਸਨ। ਮੈਨੂੰ ਲੱਗਾ ਸ਼ਾਇਦ ਅਜੇ ਗਮਲੇ 'ਚ ਕੋਈ ਬੀਜ ਲਗਾਇਆ ਹੋਣਾ ਜੋ ਹਾਲੇ ਉੱਗਿਆ ਨਹੀਂ। ਗਮਲੇ ਦੀ ਮਿੱਟੀ ਸੁੱਕੀ ਸੀ ਜੋ ਕਦੇ ਕਦਾਈਂ ਪੱਖੇ ਦੀ ਹਵਾ ਨਾਲ ਉੱਡਣ ਵੀ ਲਗਦੀ, ਮਨਜੀਤ ਤੁਰੰਤ ਉਸ 'ਤੇ ਕੁਝ ਬੂੰਦਾਂ ਪਾਣੀ ਦੀਆਂ ਪਾ ਦਿੰਦਾ।
ਕੰਮ ਕਰਦੇ ਸਮੇਂ ਕਈ ਵਾਰ ਮਨਜੀਤ ਗਮਲੇ 'ਚੋਂ ਮਿੱਟੀ ਕੱਢਦਾ ਅਤੇ ਆਪਣੇ ਹੱਥ 'ਤੇ ਰੱਖ ਕੇ ਉਂਗਲਾਂ ਨਾਲ ਫਰੋਲ ਕੇ ਕੁਝ ਸਮਾਂ ਦੇਖਦਾ ਰਹਿੰਦਾ ਅਤੇ ਫਿਰ ਵਾਪਿਸ ਗਮਲੇ ਵਿਚ ਪਾ ਦਿੰਦਾ। ਮੇਰੇ ਸਾਹਮਣੇ ਮਨਜੀਤ ਨੇ ਇਹ ਵਰਤਾਰਾ ਕਈ ਵਾਰ ਦੁਹਰਾਇਆ। ਮੈਥੋਂ ਰਿਹਾ ਨਾ ਗਿਆ, ਇਕ ਦਿਨ ਮੈਂ ਉਸ ਨੂੰ ਪੁੱਛ ਹੀ ਲਿਆ। ਪਹਿਲਾਂ ਤਾਂ ਉਹ ਦੱਸਣ ਤੋਂ ਟਲਦਾ ਰਿਹਾ ਪਰ ਮੇਰੇ ਜ਼ਿੱਦ ਕਰਨ ਤੇ ਉਸ ਨੇ ਦੱਸਿਆ, ਇਹ ਵਿਕਾਰਾਂ ਦੀ ਮਿੱਟੀ ਏ। ਮੈਨੂੰ ਕੁਝ ਸਮਝ ਨਾ ਆਇਆ ਤਾਂ ਉਸਨੇ ਮੈਨੂੰ ਇਕ ਕਹਾਣੀ ਸੁਣਾਉਣੀ ਸ਼ੁਰੂ ਕੀਤੀ...
ਪੁਰਾਣੇ ਸਮੇਂ ਦੀ ਗੱਲ ਹੈ ਕਿਸੇ ਪਿੰਡ ਦੇ ਬਾਹਰ ਇਕ ਸਾਧੂ ਤੇ ਉਸਦੀ ਪਤਨੀ ਰਹਿੰਦੇ ਸਨ। ਸਾਧੂ ਕਾਫੀ ਗਿਆਨਵਾਨ ਅਤੇ ਪਰਮਾਤਮਾ ਦਾ ਨਾਮ ਜਪਣ ਵਾਲਾ ਸੀ, ਉਸਦੀ ਸੰਗਤ ਨਾਲ ਉਸਦੀ ਪਤਨੀ ਵੀ ਸਬਰ-ਸੰਤੋਖ ਵਾਲੀ ਸੀ। ਉਹ ਰੋਜ਼ ਸਵੇਰੇ ਉੱਠ ਕੇ ਨਦੀ ਵਿਚ ਇਸ਼ਨਾਨ ਕਰਨ ਲਈ ਜਾਂਦੇ ਸਨ। ਸਾਧੂ ਅੱਗੇ ਚਲਦਾ ਸੀ ਅਤੇ ਉਸਦੀ ਪਤਨੀ 15-20 ਕਦਮ ਪਿੱਛੇ ਚਲਦੀ। ਇਕ ਦਿਨ ਇਸ਼ਨਾਨ ਕਰਕੇ ਵਾਪਿਸ ਆਉਂਦੇ ਸਮੇਂ ਰਸਤੇ ਵਿਚ ਸਾਧੂ ਨੇ ਇਕ ਸੋਨੇ ਦਾ ਹਾਰ ਪਿਆ ਦੇਖਿਆ। ਸਾਧੂ ਨੇ ਸੋਚਿਆ ਕਿ ਮੇਰੇ ਲਈ ਇਹ ਸੋਨਾ ਕੋਈ ਮਾਇਨੇ ਨਹੀਂ ਰੱਖਦਾ, ਪਰ ਕਿਤੇ ਹਾਰ ਵੇਖ ਕੇ ਉਸ ਦੀ ਪਤਨੀ ਦਾ ਮਨ ਨਾ ਡੋਲ ਜਾਵੇ। ਇਸੇ ਚਿੰਤਾ ਵਿਚ ਉਸ ਨੇ ਹਾਰ 'ਤੇ ਮਿੱਟੀ ਪਾਉਣੀ ਸ਼ੂਰੂ ਕਰ ਦਿੱਤੀ। ਇੰਨੇ ਨੂੰ ਸਾਧੂ ਦੀ ਪਤਨੀ ਪਹੁੰਚ ਗਈ ਅਤੇ ਕਿਹਾ ਕਿ ਸਵਾਮੀ ਜੀ ਤੁਸੀਂ ਕੀ ਕਰ ਰਹੇ ਹੋ? ਮਿੱਟੀ ਉੱਤੇ ਹੀ ਮਿੱਟੀ ਪਾਈ ਜਾਂਦੇ ਹੋ, ਮੈਨੂੰ ਤਾਂ ਇਹ ਸੋਨੇ ਦਾ ਹਾਰ ਦਿਖਿਆ ਹੀ ਨਹੀਂ, ਮੇਰੇ ਲਈ ਤਾਂ ਇਹ ਮਿੱਟੀ ਸਾਮਾਨ ਹੈ ਅਤੇ ਮੇਰੀਆਂ ਅੱਖਾਂ ਨੂੰ ਹਰ ਪਰਾਈ ਵਸਤੂ ਜਾਂ ਲੋੜ ਤੋਂ ਵੱਧ ਵਸਤੂ ਮਿੱਟੀ ਹੀ ਦਿਖਾਈ ਦਿੰਦੀ ਹੈ। ਪਤਨੀ ਦੀਆਂ ਗੱਲਾਂ ਸੁਣ ਕੇ ਸਾਧੂ ਦੀਆਂ ਅੱਖਾ 'ਚ ਹੰਝੂ ਸਨ। ਉਹ ਪਤਨੀ ਦੇ ਸਤਿਕਾਰ 'ਚ ਝੁਕ ਗਿਆ ਤੇ ਕਹਿਣ ਲੱਗਾ, ਦੇਵੀ ਤੁਸੀਂ ਤਾਂ ਮੇਰੇ ਤੋਂ ਵੀ ਵੱਡੇ ਗਿਆਨਵਾਨ ਹੋ, ਮੈਂ ਖੁਦ ਨੂੰ ਗਿਆਨੀ ਸਮਝਦਾ ਸੀ ਪ੍ਰੰਤੂ ਫਿਰ ਵੀ ਮੇਰਾ ਧਿਆਨ ਉਸ ਸੋਨੇ ਦੇ ਹਾਰ 'ਤੇ ਗਿਆ।
ਮੈਨੂੰ ਹੁਣ ਮਨਜੀਤ ਦੀ ਗੱਲ ਕੁਝ-ਕੁਝ ਸਮਝ ਆਉਣ ਲੱਗੀ। ਮਨਜੀਤ ਨੇ ਗਮਲੇ ਵਾਲੀ ਮਿੱਟੀ ਦੇ ਰਾਜ ਤੋਂ ਪਰਦਾ ਚੱਕਦਿਆਂ ਦੱਸਿਆ ਕਿ ਜਦੋਂ ਵੀ ਉਸਦਾ ਮਨ ਲਾਲਚ ਵੱਸ ਪੈ ਕੇ ਕਿਸੇ ਵੀ ਵਿਕਾਰ ਵੱਲ ਤੁਰਦਾ ਹੈ ਜਿਵੇਂ ਪਰਾਈ ਵਸਤੂ, ਪਰਾਈ ਦੌਲਤ, ਪਰਾਈ ਇਸਤਰੀ ਲਈ ਸੋਚਣ ਲਗਦਾ ਹੈ ਤਾਂ ਉਹ ਤੁਰੰਤ ਗਮਲੇ ਵਿਚ ਮਿੱਟੀ ਆਪਣੇ ਹੱਥ 'ਤੇ ਲੈ ਮਨ ਨੂੰ ਸਮਝਾਉਂਦਾ ਹੈ ਕਿ ਕਿਸੇ ਵੀ ਵਿਕਾਰ ਵਿਚ ਪੈਣਾ ਇਸ ਮਿੱਟੀ ਸਮਾਨ ਹੈ, ਜਿਸ ਦਾ ਫਲ ਤਾਂ ਕੁਝ ਨੀ ਮਿਲਣਾ ਪ੍ਰੰਤੂ ਜਿਵੇਂ ਮਿੱਟੀ ਨਾਲ ਹੱਥ ਗੰਦੇ ਹੋ ਜਾਂਦੇ ਹਨ, ਉਵੇਂ ਪਰਾਈ ਵਸਤੂ, ਦੌਲਤ ਜਾਂ ਇਸਤਰੀ/ਪੁਰਸ਼ ਨੂੰ ਪਾਉਣ ਦਾ ਲਾਲਚ ਕਰਨ ਨਾਲ ਸਾਡਾ ਕਿਰਦਾਰ ਗੰਧਲਾ ਹੋ ਜਾਂਦਾ। ਹੱਥ ਤਾਂ ਅਸਾਨੀ ਨਾਲ ਸਾਫ਼ ਕੀਤੇ ਜਾ ਸਕਦੇ ਨੇ ਪ੍ਰੰਤੂ ਕਿਰਦਾਰ ਨੂੰ ਸਾਫ਼ ਕਰਨ ਲਈ ਕਈ ਵਾਰ ਸਾਰੀ ਜ਼ਿੰਦਗੀ ਵੀ ਛੋਟੀ ਰਹਿ ਜਾਂਦੀ ਹੈ। ਇਸ ਲਈ ਜੋ ਪਰਮਾਤਮਾ ਨੇ ਸਾਨੂੰ ਦਿੱਤਾ ਓਹੀ ਸਾਡੇ ਲਈ ਸਰਵਉੱਤਮ ਹੈ। ਸਾਨੂੰ ਉਸ 'ਚ ਹੀ ਸਬਰ ਕਰਨਾ ਚਾਹੀਦਾ ਹੈ ਅਤੇ ਕਰਮ ਕਰਦੇ ਰਹਿਣਾ ਚਾਹੀਦਾ ਹੈ। ਮਨਜੀਤ ਦੀਆਂ ਗੱਲਾਂ ਸੁਣ ਕੇ ਮੇਰਾ ਵੀ ਦਿਲ ਕੀਤਾ ਕਿ ਮੈਂ ਵੀ ਉਸ ਸਾਧੂ ਵਾਂਗ ਮਨਜੀਤ ਦੇ ਪੈਰਾਂ ਵਿਚ ਡਿੱਗ ਪਵਾਂ।

-ਮੋਬਾਈਲ : 98726-34994

ਪਿਛਲੀ ਖ਼ਬਰ ਯਾਦ ਫੁਲਵਾੜੀ ਦਾ ਸੁੱਚਾ ਗੁਲਾਬ ਅਗਲੀ ਖ਼ਬਰ ਸਟੈਗਨੋਗ੍ਰਾਫੀ ਘੁਟਾਲਾ ਕੀ ਹੈ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।