ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਪਾਨ ਦੀ ਆਪਣੀ ਦੋ ਦਿਨ ਦੀ ਸਫਲ ਯਾਤਰਾ ਤੋਂ ਬਾਅਦ ਚੀਨ ਪਹੁੰਚ ਗਏ ਹਨ। ਜਿੱਥੇ ਤਿਆਨਜਿਨ ਸ਼ਹਿਰ ਵਿਚ ਸ਼ੰਘਾਈ ਸਹਿਯੋਗ ਸੰਗਠਨ ਦੀ 25ਵੀਂ ਬੈਠਕ ਹੋ ਰਹੀ ਹੈ। ਇਸ ਸੰਗਠਨ ਦੀ ਸਥਾਪਨਾ ਸਾਲ 2001 ਵਿਚ ਹੋਈ ਸੀ, ਜਿਸ ਵਿਚ 10 ਦੇਸ਼ ਸ਼ਾਮਿਲ ਹਨ। ਚੀਨ, ਭਾਰਤ ਅਤੇ ਰੂਸ ਤੋਂ ਇਲਾਵਾ ਪਾਕਿਸਤਾਨ, ਈਰਾਨ, ਕਜ਼ਾਕਿਸਤਾਨ, ਕਿਰਗਿਸਤਾਨ, ਤਾਜ਼ਿਕਸਤਾਨ, ਉਜ਼ਬੇਕਿਸਤਾਨ ਅਤੇ ਬੇਲਾਰੂਸ ਇਸ ਦੇ ਮੈਂਬਰ ਹਨ। ਪ੍ਰਧਾਨ ਮੰਤਰੀ ਮੋਦੀ 7 ਸਾਲ ਬਾਅਦ ਚੀਨ ਜਾ ਰਹੇ ਹਨ। ਉਂਝ ਹੁਣ ਤੱਕ ਉਹ ਇਸ ਤੋਂ ਪਹਿਲਾਂ 5 ਵਾਰ ਚੀਨ ਦੇ ਦੌਰੇ ਕਰ ਚੁੱਕੇ ਹਨ। ਚੀਨ ਨਾਲ ਭਾਰਤ ਦੇ ਸੰਬੰਧ ਪਿਛਲੇ 7 ਦਹਾਕਿਆਂ ਤੋਂ ਬਣਦੇ ਵਿਗੜਦੇ ਰਹੇ ਹਨ। ਕਦੇ ਦੋਵੇਂ ਦੇਸ਼ ਭਾਈ-ਭਾਈ ਹੋਣ ਦੀ ਗੱਲ ਕਰਦੇ ਹੋਏ ਪੰਚਸ਼ੀਲ ਦੇ ਸਿਧਾਂਤ 'ਤੇ ਚੱਲਣ ਨੂੰ ਤਰਜੀਹ ਦਿੰਦੇ ਰਹੇ ਪਰ ਸਾਲ 1962 ਵਿਚ ਸਰਹੱਦੀ ਮਸਲੇ ਨੂੰ ਲੈ ਕੇ ਚੀਨ ਨੇ ਭਾਰਤ 'ਤੇ ਹਮਲਾ ਕਰ ਦਿੱਤਾ ਸੀ ਅਤੇ ਇਸ ਦੇ ਕਾਫ਼ੀ ਰਕਬੇ 'ਤੇ ਕਬਜ਼ਾ ਕਰ ਲਿਆ ਸੀ। ਚੀਨ ਵਲੋਂ ਅੰਗਰੇਜ਼ਾਂ ਦੇ ਜ਼ਮਾਨੇ ਵਿਚ ਭਾਰਤ ਤੇ ਚੀਨ ਦਰਮਿਆਨ ਸਰਹੱਦਾਂ ਸੰਬੰਧੀ ਵਾਹੀ ਗਈ ਮੈਕਮੋਹਨ ਲਾਈਨ ਨੂੰ ਲਗਾਤਾਰ ਮੰਨਣ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ। ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਉਹ ਆਪਣੀ ਇਸ ਗੱਲ 'ਤੇ ਅੜਿਆ ਰਿਹਾ ਹੈ। ਇੱਥੋਂ ਤੱਕ ਕਿ ਉਹ ਭਾਰਤ ਦੇ ਅਰੁਣਾਚਲ ਪ੍ਰਦੇਸ਼ 'ਤੇ ਵੀ ਹੱਕ ਜਤਾਉਂਦਾ ਆ ਰਿਹਾ ਹੈ।
1962 ਵਿਚ ਚੀਨ ਦੇ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸੰਬੰਧ ਕਦੇ ਵੀ ਸੁਖਾਵੇਂ ਨਹੀਂ ਰਹੇ। ਚਾਹੇ ਹਾਲਾਤ ਨੂੰ ਵੇਖਦਿਆਂ ਇਨ੍ਹਾਂ ਦੇ ਆਪਸ ਵਿਚ ਸਮਝੌਤੇ ਵੀ ਹੁੰਦੇ ਰਹੇ ਅਤੇ ਆਪਸੀ ਵਪਾਰ ਵੀ ਹੁੰਦਾ ਰਿਹਾ ਪਰ ਅਨੇਕਾਂ ਯਤਨਾਂ ਦੇ ਬਾਵਜੂਦ ਵੀ ਦੋਹਾਂ ਦੇਸ਼ਾਂ ਦਾ ਸਰਹੱਦੀ ਮਸਲਾ ਸੁਲਝ ਨਹੀਂ ਸਕਿਆ। ਜੂਨ 2020 ਵਿਚ ਗਲਵਾਨ ਘਾਟੀ ਵਿਚ ਦੋਹਾਂ ਦੇਸ਼ਾਂ ਦੇ ਫ਼ੌਜੀਆਂ ਵਿਚ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਇਹ ਸੰਬੰਧ ਹੋਰ ਵੀ ਵਿਗੜ ਗਏ ਸਨ। ਚਾਹੇ ਸਮੇਂ-ਸਮੇਂ ਲੋੜ ਅਨੁਸਾਰ ਦੋਵੇਂ ਦੇਸ਼ ਕੌਮਾਂਤਰੀ ਪੱਧਰ 'ਤੇ ਕਈ ਮਹੱਤਵਪੂਰਨ ਸੰਗਠਨਾਂ ਨਾਲ ਵੀ ਜੁੜੇ ਰਹੇ ਹਨ। ਚੀਨ ਨੇ ਪਹਿਲਗਾਮ ਦੀ ਹਿੰਸਕ ਘਟਨਾ ਤੋਂ ਬਾਅਦ ਭਾਰਤ ਵਲੋਂ ਪਾਕਿਸਤਾਨ ਵਿਰੁਧ ਕੀਤੇ ਗਏ 'ਆਪ੍ਰੇਸ਼ਨ ਸੰਧੂਰ' ਦੇ ਸਮੇਂ ਪਾਕਿਸਤਾਨ ਨਾਲ ਹਰ ਪੱਖ 'ਤੋਂ ਖੜ੍ਹੇ ਹੋਣ ਨੂੰ ਤਰਜੀਹ ਦਿੱਤੀ ਸੀ, ਜਿਸ ਨਾਲ ਦੋਹਾਂ ਦੇਸ਼ਾਂ ਦੇ ਸੰਬੰਧ ਇਕ ਵਾਰ ਫਿਰ ਵਿਗੜ ਗਏ ਸਨ। ਪਰ ਫਿਰ ਵੀ ਵੱਖ-ਵੱਖ ਸੰਗਠਨਾਂ ਦੀ ਪੱਧਰ 'ਤੇ ਦੋਵਾਂ ਦੇਸ਼ਾਂ ਦੇ ਸੰਪਰਕ ਬਣੇ ਹੋਏ ਹਨ। ਭਾਰਤ ਮਹੱਤਵਪੂਰਨ 'ਬ੍ਰਿਕਸ' ਸੰਗਠਨ ਦਾ ਵੀ ਮੈਂਬਰ ਹੈ, ਜਿਸ ਵਿਚ ਬ੍ਰਾਜ਼ੀਲ, ਰੂਸ ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਮੋਢੀ ਅਤੇ ਮੁੱਖ ਦੇਸ਼ ਮੈਂਬਰ ਹਨ। ਆਉਂਦੇ ਸਾਲ ਇਸ ਸੰਗਠਨ, ਦਾ ਸਾਲਾਨਾ ਸੰਮੇਲਨ ਭਾਰਤ ਵਿਚ ਹੋਣ ਜਾ ਰਿਹਾ ਹੈ। ਇਸੇ ਹੀ ਤਰ੍ਹਾਂ ਸ਼ੰਘਾਈ ਸਹਿਯੋਗ ਸੰਗਠਨ ਜਿਸ ਦੀ ਸਥਾਪਨਾ ਸਾਲ 2001 ਨੂੰ ਹੋਈ ਸੀ, ਦੇ ਸੰਮੇਲਨਾਂ ਵਿਚ ਵੀ ਇਹ ਦੋਵੇਂ ਦੇਸ਼ ਬਰਾਬਰ ਦੇ ਭਾਈਵਾਲ ਹਨ। ਪਿਛਲੇ ਸਾਲ ਰੂਸ ਦੇ ਕਜ਼ਾਨ ਸ਼ਹਿਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਹੋਈ ਸੀ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸੰਬੰਧਾਂ ਵਿਚ ਕਾਫ਼ੀ ਸੁਧਾਰ ਹੋਇਆ ਸੀ। ਇਸ ਤੋਂ ਪਿੱਛੋਂ ਭਾਰਤ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਨੇ ਚੀਨ ਦੇ ਕਈ ਦੌਰੇ ਕੀਤੇ ਸਨ ਅਤੇ ਇਨ੍ਹਾਂ ਦੇ ਹਮਰੁਤਬਾ ਕਈ ਪ੍ਰਮੁੱਖ ਚੀਨੀ ਮੰਤਰੀ ਭਾਰਤ ਵੀ ਆਏ ਸਨ।
ਹੁਣ ਪ੍ਰਧਾਨ ਮੰਤਰੀ ਮੋਦੀ ਦੀ ਚੀਨ ਦੀ ਦੋ ਦਿਨ ਦੀ ਯਾਤਰਾ ਨੂੰ ਕਈ ਪੱਖੋਂ ਤੋਂ ਘੋਖਿਆ ਅਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਦੁਨੀਆ ਭਰ ਵਿਚ ਟੈਰਿਫ਼ ਯੁੱਧ ਸ਼ੁਰੂ ਕਰ ਦੇਣ ਨਾਲ ਅਨੇਕਾਂ ਵੱਡੇ ਦੇਸ਼ਾਂ ਲਈ ਇਕ ਵੱਡੀ ਚੁਣੌਤੀ ਪੈਦਾ ਹੋ ਗਈ ਹੈ। ਇਨ੍ਹਾਂ ਦੇਸ਼ਾਂ ਵਿਚ ਭਾਰਤ, ਰੂਸ ਤੇ ਚੀਨ ਵੀ ਆਉਂਦੇ ਹਨ। ਅਜਿਹੇ ਸਮੇਂ ਵਿਚ ਸ੍ਰੀ ਮੋਦੀ ਦੀ ਚੀਨ ਵਿਚ ਹੋ ਰਹੇ ਇਸ ਸਮਾਗਮ 'ਚ ਸ਼ਮੂਲੀਅਤ ਦਾ ਮਹੱਤਵ ਜ਼ਰੂਰ ਵਧ ਜਾਂਦਾ ਹੈ। ਜੇਕਰ ਭਾਰਤ, ਰੂਸ ਤੇ ਚੀਨ ਇਕ ਸਾਂਝੇ ਮੰਚ 'ਤੇ ਆ ਖੜ੍ਹੇ ਹੁੰਦੇ ਹਨ ਤਾਂ ਅਮਰੀਕਾ ਲਈ ਵੀ ਇਹ ਇਕ ਵੱਡੀ ਚੁਣੌਤੀ ਪੈਦਾ ਹੋ ਜਾਏਗੀ, ਜਿਸ ਨਾਲ ਦੇਸ਼ ਵਿਦੇਸ਼ ਵਿਚ ਟਰੰਪ ਪ੍ਰਸ਼ਾਸਨ ਆਲੋਚਨਾ ਦਾ ਕੇਂਦਰ ਵੀ ਬਣ ਜਾਏਗਾ। ਭਾਰਤ ਦੇ ਪ੍ਰਧਾਨ ਮੰਤਰੀ ਦੀ ਇਹ ਯਾਤਰਾ ਇਕ ਤਰ੍ਹਾਂ ਨਾਲ ਅਮਰੀਕਾ ਨੂੰ ਦਿੱਤਾ ਗਿਆ ਇਕ ਵੱਡਾ ਸੁਨੇਹਾ ਹੀ ਸਮਝੀ ਜਾਣੀ ਚਾਹੀਦੀ ਹੈ।
-ਬਰਜਿੰਦਰ ਸਿੰਘ ਹਮਦਰਦ