19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਅੱਜ ਵੀ ਸੰਵਿਧਾਨਕ ਹੱਕਾਂ ਤੋਂ ਵਾਂਝੇ ਹਨ ਵਿਮੁਕਤ ਜਾਤੀਆਂ ਦੇ ਲੋਕ

ਅਜੀਤ ਡੈਸਕ 31-08-2025

ਸਾਡਾ ਭਾਰਤ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ। ਬਦਕਿਸਮਤੀ ਨਾਲ 193 ਕਬੀਲੇ (ਜ਼ਰਾਇਮ ਪੇਸ਼ਾ) ਲੋਕ 31 ਅਗਸਤ 1952 ਨੂੰ 5 ਸਾਲ 16 ਦਿਨ ਬਾਅਦ ਆਜ਼ਾਦ ਹੋਏ। ਵਿਮੁਕਤ ਜਾਤੀਆਂ ਦਾ ਇਹ ਵਰਗ ਸੰਵਿਧਾਨ ਘੜਨੀ ਸਭਾ ਦੇ ਚੈਅਰਮੈਨ ਦੀ ਕਲਮ ਦੀ ਉਲੰਘਣਾ ਦਾ ਸ਼ਿਕਾਰ ਹੋ ਕੇ ਰਹਿ ਗਿਆ, ਜਿਸ ਦਾ ਸੰਤਾਪ ਵਿਮੁਕਤ ਜਾਤੀਆਂ ਅੱਜ ਤੱਕ ਭੋਗ ਰਹੀਆਂ ਹਨ। ਅੰਗਰੇਜ਼ ਸਰਕਾਰ ਭਾਰਤ ਦੇਸ਼ ਵਿਚ ਆਉਂਦਿਆਂ ਹੀ ਇਨ੍ਹਾਂ ਮਾਰਸ਼ਲ ਜਾਤੀਆਂ ਤੋਂ ਭੈਭੀਤ ਹੋ ਕੇ ਇਨ੍ਹਾਂ ਲੋਕਾਂ ਤੋਂ ਖ਼ਤਰਾ ਮਹਿਸੂਸ ਕਰਨ ਲੱਗੀ, ਜਿਸ ਕਾਰਨ ਇਨ੍ਹਾਂ ਕਬੀਲਿਆਂ ਨੂੰ 'ਕ੍ਰਿਮਿਨਲ ਟ੍ਰਾਇਬ' ਬਣਾ ਕੇ ਜ਼ਰਾਇਮ ਪੇਸ਼ਾ ਐਕਟ 1871 ਵਿਚ ਲਗਾ ਦਿੱਤਾ ਤੇ ਇਨ੍ਹਾਂ ਲੋਕਾਂ ਦਾ ਦੇਸ਼ ਵਿਚ ਘੁੰਮਣਾ-ਫਿਰਨਾ ਬੰਦ ਹੋ ਗਿਆ। ਇਨ੍ਹਾਂ ਨੂੰ ਕਿਸੇ ਰਿਸ਼ਤੇਦਾਰ ਕੋਲ ਜਾਣ ਲਈ ਪਿੰਡ ਦੇ ਨੰਬਰਦਾਰ ਜਾਂ ਥਾਣੇ 'ਚ ਹਾਜ਼ਰੀ ਲਵਾਉਣੀ ਪੈਂਦੀ ਸੀ। ਦੇਸ਼ ਦੀ ਆਜ਼ਾਦੀ ਲਈ ਜੂਝਦੇ ਇਨ੍ਹਾਂ ਲੋਕਾ ਨੂੰ ਖੇਰੂੰ-ਖੇਰੂੰ ਕਰਨ ਕਰਕੇ ਦਬਾਉਣ ਲਈ ਵਿਸ਼ੇਸ਼ ਜ਼ਰਾਇਮ ਪੇਸ਼ਾ ਐਕਟ ਥੋਪਿਆ ਗਿਆ, ਜਿਸ ਰਾਹੀਂ ਇਨ੍ਹਾਂ ਕਬੀਲਿਆਂ ਦੀ ਮਾਂ ਦੇ ਗਰਭ 'ਚ ਪਲ਼ ਰਹੇ ਬੱਚੇ ਨੂੰ ਦਸ ਨੰਬਰੀ ਐਲਾਨਿਆ ਹੋਇਆ ਸੀ, ਜਿਸ ਲਈ ਯੋਜਨਾਬੱਧ ਤਰੀਕੇ ਨਾਲ ਸਮੂਹ ਕਬੀਲਿਆ ਨੂੰ ਜ਼ਰਾਇਮ ਪੇਸ਼ਾ ਐਕਟ ਕਹਿ ਕੇ ਬਦਨਾਮ ਕੀਤਾ ਅਤੇ ਸੀ.ਈ.ਏ. ਕ੍ਰਿਮਿਨਲ ਟ੍ਰਾਈਬ ਐਕਟ 1871, 1896, 1897, 1901, 1902, 1903, 1909, 1911, 1913, 1914, 1919, 1920, 1923, 1924 ਤਹਿਤ ਕਾਲੇ ਪਾਣੀ ਤੋਂ ਵੀ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ।
ਇਨ੍ਹਾਂ ਕਬੀਲਿਆਂ ਦੀ ਭਾਰਤ ਅੰਦਰ 20 ਕਰੋੜ ਤੋਂ ਵੱਧ ਆਬਾਦੀ ਹੈ। ਇਹ ਕਬੀਲੇ ਪੰਜਾਬ, ਰਾਜਸਥਾਨ, ਹਰਿਆਣਾ, ਦਿੱਲੀ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਗੁਜਰਾਤ ਤੇ ਭਾਰਤ ਦੇ ਹੋਰ ਸੂਬਿਆਂ 'ਚ ਵਸੇ ਹੋਏ ਹਨ, ਪਰ ਪੰਜਾਬ 'ਚ ਇਨ੍ਹਾਂ ਦੀ ਵੱਡੀ ਗਿਣਤੀ ਹੈ। ਇਨ੍ਹਾਂ ਕਬੀਲਿਆਂ ਦਾ ਇਤਿਹਾਸ ਮਹਾਰਾਜਾ ਰਣਜੀਤ ਸਿੰਘ, ਰਾਜਾ ਸਲਵਾਨ, ਦੁੱਲਾ ਭੱਟੀ, ਰਾਜਾ ਸਾਹਸ ਮੱਲ ਅਤੇ ਮਹਾਰਾਣਾ ਪ੍ਰਤਾਪ ਸਿੰਘ ਨਾਲ ਮਿਲਦਾ ਹੈ। ਪਰ ਇਨ੍ਹਾਂ ਬਹਾਦਰ ਕਬੀਲਿਆਂ ਲਈ ਲੋਕ ਸਭਾ ਜਾਂ ਵਿਧਾਨ ਸਭਾ ਵਿਚ ਕੋਈ ਵੀ ਸੀਟ ਰਾਖਵੀਂ ਨਹੀਂ ਹੈ। ਕਿਸੇ ਵੀ ਸਰਕਾਰ ਨੇ ਇਨ੍ਹਾਂ ਕਬੀਲਿਆਂ ਦੀ ਸੁਣਵਾਈ ਨਹੀਂ ਕੀਤੀ। ਇਸ ਕੌਮ ਦੀ ਬਦਕਿਸਮਤੀ ਇਹ ਹੈ ਕਿ ਇਨ੍ਹਾਂ ਕੋਲ ਕੋਈ ਕ੍ਰਾਂਤੀਕਾਰੀ ਆਗੂ ਨਹੀਂ ਹੈ। ਸਾਰੀਆਂ ਹੀ ਪਾਰਟੀਆਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕ ਕੇ ਇਨ੍ਹਾਂ ਦੀਆਂ ਵੋਟਾਂ ਤਾਂ ਖ਼ੂਬ ਬਟੋਰੀਆ, ਪਰ ਇਨ੍ਹਾਂ ਕਬੀਲਿਆਂ ਦਾ ਵਿਕਾਸ ਨਹੀਂ ਕਰਵਾ ਸਕੀਆਂ।
5 ਨਵੰਬਰ 1982 ਨੂੰ ਜਸਟਿਸ ਅਜੀਤ ਸਿੰਘ ਬੈਂਸ ਨੇ ਇਨ੍ਹਾਂ ਕਬੀਲਿਆਂ ਦੇ ਹੱਕ 'ਚ ਫ਼ੈਸਲਾ ਦਿੱਤਾ ਕਿ ਵਿਮੁਕਤ ਜਾਤੀਆਂ ਨੂੰ ਸਰਕਾਰ ਨੇ ਗਲਤੀ ਨਾਲ ਅਨੁਸੂਚਿਤ ਜਾਤੀਆਂ (ਐੱਸ.ਸੀ.) ਦੀ ਸੂਚੀ ਵਿਚ ਪਾ ਦਿੱਤਾ ਹੈ, ਜਦਕਿ ਇਨ੍ਹਾਂ ਦਾ ਸੱਭਿਆਚਾਰ ਅਨੁਸੂਚਿਤ ਜਨਜਾਤੀ (ਐੱਸ.ਟੀ.) ਨਾਲ ਮਿਲਦਾ ਹੈ। ਇਸ ਦੀ ਦੁਬਾਰਾ ਸੋਧ ਕਰਕੇ ਇਸ ਕਬੀਲੇ ਨੂੰ ਐੱਸ.ਟੀ. ਵਿਚ ਪਾਇਆ ਜਾਵੇ ਅਤੇ ਸਮਾਜ ਸ਼ਾਸਤਰ ਵਿਭਾਗ (ਪਟਿਆਲਾ ਯੂਨਵਰਸਿਟੀ) ਨੇ ਇਸ ਕਬੀਲੇ ਦੀ ਇਕ ਰਿਪੋਰਟ ਸਰਕਾਰ ਨੂੰ ਭੇਜੀ ਸੀ, ਉਹ ਲਾਗੂ ਕੀਤੀ ਜਾਵੇ। ਵਿਮੁਕਤ ਸਮਾਜ ਦੇ ਨੌਜਵਾਨਾਂ ਨੂੰ ਦੇਸ਼ ਦੀ ਫ਼ੌਜ 'ਚ ਭਰਤੀ ਕੀਤਾ ਜਾਵੇ।
ਆਜ਼ਾਦੀ ਤੋਂ ਬਾਅਦ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ ਤਾਲਮੇਲ ਕਰਕੇ ਇਕ ਕਮਿਸ਼ਨ ਬਿਠਾਇਆ, ਜਿਸ ਦੀ ਰਿਪੋਰਟ ਅਨੁਸਾਰ ਇਹ ਕਬੀਲਾ 31 ਅਗਸਤ 1952 ਨੂੰ ਆਜ਼ਾਦ (ਵਿਮੁਕਤ) ਹੋ ਗਿਆ। ਇਹ ਕਬੀਲਾ ਪੂਰੇ ਭਾਰਤ 'ਚ ਆਪਣਾ ਆਜ਼ਾਦੀ ਦਿਵਸ ਮਨਾ ਰਿਹਾ ਹੈ। ਜਦੋਂ ਤੋਂ ਇਹ ਕਬੀਲਾ ਆਜ਼ਾਦ ਹੋਇਆ ਹੈ, ਉਹ ਸਮੇਂ ਤੋਂ ਹੀ ਭਾਰਤ ਭਰ ਵਿਚ ਜ਼ੋਰ-ਸ਼ੋਰ ਨਾਲ 31 ਅਗਸਤ ਆਜ਼ਾਦੀ ਦਿਹਾੜੇ ਦੇ ਰੂਪ ਵਿਚ ਮਨਾਉਂਦਾ ਆ ਰਿਹਾ ਹੈ। ਇਸ ਵਾਰ ਵੀ ਪੰਜਾਬ ਵਿਚ ਰਾਜ ਪੱਧਰੀ ਸਮਾਗਮ ਹੋ ਰਿਹਾ ਹੈ। ਜਿਹੜੀਆਂ ਕੌਮਾਂ ਆਪਣਾ ਇਤਿਹਾਸ/ਵਿਰਸਾ ਭੁੱਲ ਜਾਂਦੀਆਂ ਹਨ, ਉਹ ਕੌਮਾਂ ਤਬਾਹ ਹੋ ਜਾਂਦੀਆਂ ਆ ਹਨ। ਆਓ, ਸਾਰੇ ਇਕ ਮੰਚ 'ਤੇ ਇਕੱਠੇ ਹੋ ਕੇ ਕੌਮ ਦਾ ਸਰਬਪੱਖੀ ਵਿਕਾਸ ਕਰੀਏ ਤਾਂ ਕਿ ਆਉਣ ਵਾਲੀਆਂ ਨਸਲਾਂ ਸਮਾਜ ਦੇ ਮੋਢੇ ਨਾਲ ਮੋਢਾ ਜੋੜ ਚੱਲਣ ਦੇ ਸਮਰੱਥ ਹੋ ਸਕਣ।

-ਵਿਮੁਕਤ ਜਾਤੀਆਂ ਸੰਗਠਨ ਜਨਰਲ ਸਕੱਤਰ, ਪੰਜਾਬ।
ਮੋਬਾਈਲ : 8872197300

ਪਿਛਲੀ ਖ਼ਬਰ ਪੁਲਿਸ ਵਿਭਾਗ 'ਚੋਂ ਸੇਵਾ-ਮੁਕਤ ਹੋਏ ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ ਅਗਲੀ ਖ਼ਬਰ ਆਰਟੀਫੀਸ਼ੀਅਲ ਇੰਟੈਲੀਜੈਂਸ : ਚਾਰੇ ਪਾਸੇ ਹੋ ਰਹੀ ਹੈ ਮਸਨੂਈ ਬੁੱਧੀ ਦੀ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।