23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਵਾਰਥ ਦੇ ਜ਼ਖ਼ਮਾਂ ਦੀ ਚੀਸ ਦੇ ਮਾਰੇ

ਅਜੀਤ ਡੈਸਕ 21-09-2025

ਲੋਕ-ਵੇਦਨਾ
ਇਕ ਸਕੂਲ ਅਧਿਆਪਕ ਜਦੋਂ ਸੇਵਾਮੁਕਤ ਹੋਇਆ ਤਾਂ ਉਸ ਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਉਸ ਦੇ ਵਿਦਿਆਰਥੀਆਂ ਦੇ ਮਾਪਿਆਂ ਦਾ ਵਤੀਰਾ ਪਹਿਲਾਂ ਵਾਲਾ ਨਹੀਂ ਸੀ | ਉਹ ਉਸ ਦੇ ਕੋਲੋਂ ਗੁਜ਼ਰਦਿਆਂ ਉਸ ਨੂੰ ਅੱਖੋਂ ਓਹਲੇ ਕਰਦੇ ਹੋਏ ਮਹਿਸੂਸ ਹੋਏ | ਉਹ ਮਾਪੇ ਜੋ ਉਸ ਦੇ ਕੋਲੋਂ ਲੰਘਦੇ ਹੋਏ ਸਤਿਕਾਰ ਵਜੋਂ ਜਿਵੇਂ ਧਰਤੀ 'ਤੇ ਵਿਛ ਹੀ ਜਾਇਆ ਕਰਦੇ ਸਨ | ਮਾਪਿਆਂ ਦੇ ਸਵਾਰਥ ਨੇ ਉਸ ਦੇ ਹਿਰਦੇ ਵਿਚ ਐਸੀ ਸੱਟ ਮਾਰੀ ਕਿ ਉਸ ਤੋਂ ਸਵਾਰਥ ਦੇ ਜ਼ਖ਼ਮਾਂ ਦੀ ਚੀਸ ਜਰੀ ਨਹੀਂ ਸੀ ਜਾ ਰਹੀ |
ਸਮਾਜ ਵਿਚ ਸਵਾਰਥੀ ਲੋਕਾਂ ਤੋਂ ਮਿਲੇ ਜ਼ਖ਼ਮਾਂ ਦੀ ਮਾਰ ਝੱਲਣ ਵਾਲੇ ਅਨੇਕਾਂ ਲੋਕ ਨਜ਼ਰ ਆਉਂਦੇ ਹਨ | ਇਹ ਦੇਖਦੇ ਦੂਜਿਆਂ ਦੇ ਨਿਰਛਲ ਪਿਆਰ ਦੇਣ ਵਾਲੇ, ਉਨ੍ਹਾਂ ਦੇ ਕੰਮ ਸੰਵਾਰਨ ਵਾਲੇ ਇਨਸਾਨ ਅਕਸਰ ਸਵਾਰਥੀਆਂ ਤੋਂ ਮਿਲੀ ਪੀੜ ਨਾਲ ਹਾਏ ਕਲਾਪ ਕਰਦੇ ਰਹਿੰਦੇ ਹਨ | ਸਵਾਰਥ ਵੱਸ ਕਿਸੇ ਦਾ ਆਪਣੇ ਦਿੱਤੇ ਤੋਹਫਿਆਂ ਨਾਲ ਘਰ ਭਰਨ ਵਾਲੇ ਲੋਕ ਮਤਲਬ ਨਿਕਲ ਜਾਣ ਤੋਂ ਬਾਅਦ ਆਪਣੇ ਤੋਹਫ਼ੇ ਤਾਂ ਚੁੱਕ ਕੇ ਚਲਦੇ ਬਣਦੇ ਹਨ, ਪਰ ਨਾਲ ਹੀ ਉਸ ਦੇ ਘਰ ਦੀਆਂ ਚੀਜ਼ਾਂ ਵੀ ਨਾਲ ਹੀ ਚੁੱਕ ਲਿਜਾਂਦੇ ਹਨ | ਕਈ ਤਾਂ ਇਉਂ ਵੀ ਵਿਵਹਾਰ ਦਿਖਾਉਂਦੇ ਤੱਕੇ ਜਾ ਸਕਦੇ ਹਨ, ਜਿਵੇਂ ਕਹਿ ਰਹੇ ਹੋਣ, ਕੌਣ ਹੋ? ਪਛਾਣਿਆਂ ਨਹੀਂ | ਕਈ ਤਾਂ ਕੋਲੋਂ ਇਉਂ ਲੰਘ ਜਾਂਦੇ ਹਨ, ਜਿਵੇਂ ਜਾਣਦੇ ਹੀ ਨਾ ਹੋਣ |
ਸਵਾਰਥੀ ਲੋਕ ਅਕਸਰ ਅੰਨ੍ਹੇਪਨ ਦਾ ਸ਼ਿਕਾਰ ਹੋ ਜਾਂਦੇ ਹਨ | ਕਿਸੇ ਦੇ ਅਹਿਸਾਨ ਉਨ੍ਹਾਂ ਨੂੰ ਨਜ਼ਰ ਆਉਣੇ ਬੰਦ ਹੋ ਜਾਂਦੇ ਹਨ | ਉਨ੍ਹਾਂ ਦੇ ਜ਼ਿਹਨ ਵਿਚ ਬੇਗਾਨਗੀ ਦਾ ਤੱਤ ਏਨੀ ਛੇਤੀ ਉਪਜਦਾ ਹੈ ਕਿ ਹੈਰਾਨੀ ਆਪਣੀਆਂ ਹੱਦਾਂ ਟੱਪ ਜਾਂਦੀ ਹੈ | ਇਹ ਹੈਰਾਨੀ ਉਦੋਂ ਆਪਣੀ ਚਰਮ ਸੀਮਾ 'ਤੇ ਪਹੁੰਚ ਜਾਂਦੀ ਹੈ, ਜਦੋਂ ਆਪਣੀ ਜਾਨ ਤੱਕ ਵਾਰ ਦੇਣ ਵਾਲੇ ਲੋਕ ਇਹ ਸੁਣਦੇ ਹਨ ਕਿ ਤੁਸੀਂ ਸਾਡੇ ਲਈ ਕੀਤਾ ਕੀ ਹੈ | ਮਾਪੇ ਅਕਸਰ ਧੀਆਂ ਪੁੱਤਰਾਂ ਤੋਂ ਇਹ ਲਫ਼ਜ਼ ਸੁਣ ਕੇ ਮਿੱਟੀ ਹੀ ਤਾਂ ਹੋ ਜਾਂਦੇ ਹਨ |
ਲੋਕੀਂ ਦੂਜਿਆਂ ਨੂੰ ਪੌੜੀਆਂ ਬਣਾ ਕੇ ਉੱਪਰ ਤਾਂ ਚੜ੍ਹ ਜਾਂਦੇ ਹਨ ਪਰ ਮੁੜ ਜਿਨ੍ਹਾਂ ਲੋਕਾਂ ਦੇ ਸਿਰਾਂ 'ਤੇ ਪੈਰ ਰੱਖ ਕੇ ਮੰਜ਼ਿਲਾਂ ਸਰ ਕਰਦੇ ਹਨ, ਉਨ੍ਹਾਂ ਨੂੰ ਵਿਸਰ ਜਾਂਦੇ ਹਨ | ਸਵਾਰਥ ਦੀ ਇਹ ਮਾਰ ਇਸ ਕਦਰ ਦੁਖਦਾਈ ਸਾਬਤ ਹੁੰਦੀ ਹੈ ਕਿ ਉਸ ਮਾਰ ਦਾ ਸ਼ਿਕਾਰ ਲੋਕ ਗੁੰਮਨਾਮੀ ਦੇ ਹਨੇਰੇ ਵਿਚ ਖ਼ੂਨ ਦੇ ਹੰਝੂ ਰੋਂਦੇ ਲੱਭ ਜਾਂਦੇ ਹਨ | ਸਵਾਰਥ-ਸਿੱਧੀ ਤੋਂ ਬਾਅਦ ਉਸ ਨੂੰ ਭੁੱਲਣਾ ਮਨੁੱਖ ਦੇ ਸੁਭਾਅ ਵਿਚ ਕੁਦਰਤ ਨੇ ਭਰਿਆ ਹੈ | ਇਨਸਾਨੀਅਤ ਪ੍ਰੇਮੀ, ਰੱਬ ਨੂੰ ਪਿਆਰਨ ਵਾਲੇ ਸੱਜਣ ਇਸ ਗ਼ਲਤੀ ਤੋਂ ਬਚੇ ਰਹਿੰਦੇ ਹਨ | ਅਹਿਸਾਨ ਫਰਾਮੋਸ਼ੀ ਦੇ ਚੱਕਰ ਤੋਂ ਉਹ ਬਚੇ ਰਹਿੰਦੇ ਹਨ | ਅਹਿਸਾਨ ਭੁੱਲਣਾ ਇਨਸਾਨੀਅਤ ਤੋਂ ਥੱਲੇ ਡਿਗਣ ਵਾਲਾ ਕਰਮ ਹੈ | ਲਾਲ ਖ਼ੂਨ ਦਾ ਚਿੱਟੇ ਖ਼ੂਨ ਵਿਚ ਬਦਲਣਾ ਅਕਸਰ ਕਿੱਸੇ ਕਹਾਣੀਆਂ ਦਾ ਵਿਸ਼ਾ ਬਣਿਆ ਰਹਿੰਦਾ ਹੈ | ਇਸ ਤੱਤ ਤੋਂ ਬਚਣਾ ਜਾਗਿ੍ਤ ਆਤਮਾ ਦੀ ਪਹਿਲੀ ਨਿਸ਼ਾਨੀ ਹੈ |

-ਮੋਬਾਈਲ : 98146-81444

ਪਿਛਲੀ ਖ਼ਬਰ ਹੜ੍ਹ ਦਾ ਪਾਣੀ ਅਗਲੀ ਖ਼ਬਰ kanya

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।