15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਪੰਛੀ ਵੀ ਖਾਣ-ਪੀਣ ਵੇਲੇ ਸਾਫ਼-ਸਫ਼ਾਈ ਪ੍ਰਤੀ ਰਹਿੰਦੇ ਹਨ ਸੁਚੇਤ

ਪੰਛੀ ਵੀ ਖਾਣ-ਪੀਣ ਵੇਲੇ ਸਾਫ਼-ਸਫ਼ਾਈ ਪ੍ਰਤੀ ਰਹਿੰਦੇ ਹਨ ਸੁਚੇਤ

ਅਜੀਤ ਡੈਸਕ 15-11-2026

ਮਨੁੱਖ,ਪਸ਼ੂ ਅਤੇ ਪੰਛੀਆਂ ਨੂੰ  ਆਪਣੇ ਸਰੀਰ ਨੂੰ  ਚਲਦਾ ਰੱਖਣ ਲਈ ਭੋਜਨ ਦੀ ਅਤੇ ਪਾਣੀ ਦੀ ਹਮੇਸ਼ਾ ਲੋੜ ਰਹਿੰਦੀ ਹੈ, ਕਿਉਂਕਿ ਸਰੀਰ ਭੋਜਨ ਤੋਂ ਬਣਿਆ ਹੈ ਅਤੇ ਇਹ ਭੋਜਨ ਤੋਂ ਬਿਨਾਂ ਨਹੀਂ ਰਹਿ ਸਕਦਾ | ਜੇਕਰ ਸਰੀਰ ਨੂੰ  ਭੋਜਨ ਨਾ ਮਿਲ਼ੇ ਤਾਂ ਇਹ ਬਹੁਤਾ ਚਿਰ ਜਿਊਾਦਾ ਨਹੀਂ ਰਹਿ ਸਕਦਾ, ਕਿਉਂਕਿ ਭੋਜਨ ਖਾਣ ਨਾਲ ਹੀ ਸਰੀਰ ਨੂੰ  ਤਾਕਤ ਮਿਲਦੀ ਹੈ, ਜਿਸ ਕਰਕੇ ਸਰੀਰ ਚਲਦਾ, ਫਿਰਦਾ ਅਤੇ ਕੰਮ ਕਾਰ ਕਰਨ ਦੇ ਸਮਰੱਥ ਰਹਿੰਦਾ ਹੈ ਅਤੇ ਜੇਕਰ ਭੋਜਨ ਗੰਦਾਮੰਦਾ ਜਾਂ ਸਾਫ਼ ਸੁਥਰਾ ਨਾ ਹੋਵੇ ਤਾਂ ਸਰੀਰ ਨੂੰ  ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਲੱਗ ਜਾਂਦੀਆਂ ਹਨ ਜਿਸ ਕਰਕੇ ਸਰੀਰ ਚਲਣ ਫਿਰਨ ਅਤੇ ਕੰਮਕਾਰ ਕਰਨ ਦੇ ਸਮਰੱਥ ਨਹੀਂ ਰਹਿੰਦਾ ਅਤੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਦੇ ਉਲਟ ਜੇਕਰ ਭੋਜਨ ਸਾਫ਼-ਸੁਥਰਾ ਅਤੇ ਗੁਣਵੱਤਾ ਨਾਲ਼ ਭਰਪੂਰ ਹੋਵੇ ਤਾਂ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ, ਜਿਸ ਨਾਲ ਸਰੀਰ ਛੋਟੀਆਂ-ਮੋਟੀਆਂ ਤੋਂ ਲੈ ਕੇ ਗੰਭੀਰ ਬਿਮਾਰੀਆਂ ਨੂੰ  ਵੀ ਮਾਤ ਦੇ ਕੇ ਤੰਦਰੁਸਤੀ ਦੇ ਰਾਹ ਚੱਲ ਪੈਂਦਾ ਹੈ  |

ਇਸੇ ਕਰਕੇ ਮਨੁੱਖ ਹਮੇਸ਼ਾ ਹੀ ਸਾਫ਼-ਸੁਥਰਾ ਅਤੇ ਬਹੁਤ ਸਾਰੇ ਖ਼ੁਰਾਕੀ ਤੱਤਾਂ ਨਾਲ ਭਰਪੂਰ ਭੋਜਨ ਖਾਣ ਨੂੰ  ਤਰਜੀਹ ਦਿੰਦਾ ਰਿਹਾ ਹੈ | ਭਾਵੇਂ ਕਿ ਅੱਜਕਲ੍ਹ ਕੁਝ ਲੋਕ ਜੀਭ ਦੇ ਸੁਆਦ ਲਈ ਗ਼ੈਰ-ਗੁਣਵੱਤਾ ਵਾਲਾ ਭੋਜਨ ਖਾਣਾ ਪਸੰਦ ਕਰਦੇ ਹਨ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਮਨੁੱਖਾਂ ਨੂੰ  ਡਾਕਟਰਾਂ ਤੋਂ ਛਿੱਲ ਲਹਾਉਣੀ ਪੈਂਦੀ ਹੈ | ਮੈਂ ਨੋਟ ਕੀਤਾ ਹੈ ਕਿ ਮਨੁੱਖ ਹੀ ਨਹੀਂ, ਸਗੋਂ ਪੰਛੀ ਵੀ ਸਾਫ਼ ਸੁਥਰਾ ਭੋਜਨ ਖਾਣ ਅਤੇ ਸਾਫ਼ ਪਾਣੀ ਪੀਣ ਨੂੰ  ਤਰਜੀਹ ਦਿੰਦੇ ਹਨ ਅਤੇ ਇਸ ਮਾਮਲੇ ਵਿਚ ਹਮੇਸ਼ਾ ਸੁਚੇਤ ਰਹਿੰਦੇ ਹਨ |
ਹੋਇਆ ਇੰਝ ਕਿ ਮੇਰੇ ਘਰ ਵਿਚ ਦੋ ਤਿੰਨ ਵੱਡੇ ਰੁੱਖ ਹਨ, ਜਿਨ੍ਹਾਂ ਉੱਤੇ ਕਾਫੀ ਪੰਛੀ ਰਹਿੰਦੇ ਹਨ ਮੈਂ ਪਿਛਲੇ ਕਈ ਸਾਲ ਤੋਂ ਹੀ ਉਨ੍ਹਾਂ ਨੂੰ  ਚੋਗੇ ਲਈ ਦਾਣੇ ਪਾਉਂਦਾ ਆ ਰਿਹਾ ਹਾਂ | ਇਸ ਵਾਰ ਜਿਵੇਂ ਹੀ ਗਰਮੀ ਸ਼ੁਰੂ ਹੋਈ ਤਾਂ ਮੈਂ ਉਨ੍ਹਾਂ ਲਈ ਪਾਣੀ ਰੱਖਣਾ ਵੀ ਸ਼ੁਰੂ ਕਰ ਦਿੱਤਾ ਫੇਰ ਜਦੋਂ ਗਰਮੀ ਵਧੀ ਤਾਂ ਮੈਂ ਦੋ ਤਿੰਨ ਥਾਵਾਂ 'ਤੇ ਪਾਣੀ ਦਾ ਕੁੰਡਾ ਅਤੇ ਪਲਾਸਟਿਕ ਦੇ ਦੋ ਤਿੰਨ ਵੱਡੇ ਬਰਤਨ ਭਰ ਕੇ ਰੱਖ ਦਿੱਤੇ ਜਿਨ੍ਹਾਂ ਵਿਚੋਂ ਘੁੱਗੀਆਂ, ਗਟਾਰਾਂ, ਚਿੜੀਆਂ, ਬੁਲਬੁਲਾਂ, ਅਤੇ ਕਾਟੋਆਂ ਇਕੱਠੀਆਂ ਹੀ ਪਾਣੀ ਪੀਂਦੀਆਂ ਹਨ ਅਤੇ ਉਥੇ ਚੋਗਾ ਵੀ ਚੁਗਦੀਆਂ ਹਨ, ਹੁਣ ਤਕਰੀਬਨ ਇਕ ਮਹੀਨੇ ਤੋਂ ਕਾਲ਼ੇ ਰੰਗ ਦੀਆਂ ਕੁਝ ਛੋਟੀਆਂ ਚਿੜੀਆਂ ਵੀ ਆਉਣ ਲੱਗ ਪਈਆਂ, ਮੈਂ ਚੋਗਾ ਹੋਰ ਵੱਧ ਪਾਉਣ ਲੱਗ ਪਿਆ, ਜਦੋਂ ਮੈਂ ਦਾਣੇ ਪਾਉਣ ਜਾਂਦਾ ਹਾਂ ਤਾਂ ਘੁੱਗੀਆਂ ਗਟਾਰਾਂ ਚਿੜੀਆਂ ਉੱਡਦੀਆਂ ਨਹੀਂ ਸੀ ਪਰ ਨਵੀਆਂ ਆਈਆਂ ਕਾਲ਼ੇ ਰੰਗ ਦੀਆਂ ਚਿੜੀਆਂ ਡਰ ਕੇ ਉਡ ਜਾਂਦੀਆਂ ਸਨ, ਹੌਲੀ-ਹੌਲੀ ਉਨ੍ਹਾਂ ਨੂੰ  ਯਕੀਨ ਹੋ ਗਿਆ ਕਿ ਸਾਨੂੰ ਕੋਈ ਖਤਰਾ ਨਹੀਂ ਹੈ ਤਾਂ ਹੁਣ ਉਹ ਜਿੱਥੇ ਬੈਠਕ ਵਿਚ ਮੈਂ ਜਨੌਰਾਂ ਲਈ ਦਾਣੇ ਰੱਖੇ ਹਨ ਅੰਦਰ ਵੀ ਆ ਜਾਂਦੀਆਂ ਹਨ | ਇਕ ਦਿਨ ਮੈਂ ਕੁਝ ਸਿਲਾਭ ਕਾਰਨ ਉੱਲੀ ਲੱਗੇ ਦਾਣੇ ਉਨ੍ਹਾਂ ਨੂੰ  ਪਾ ਦਿੱਤੇ ਪਰ ਪੰਛੀਆਂ ਨੇ ਨਾ ਖਾਧੇ ਅਤੇ ਮੈਂ ਤੱਕਿਆ ਤਾਂ ਹੈਰਾਨ ਹੋਇਆ ਕਿ ਜੋ ਮਨੁੱਖ ਦੇ ਖਾਣ ਯੋਗ ਨਹੀਂ ਉਸ ਨੂੰ  ਪੰਛੀ ਵੀ ਨਹੀਂ ਖਾਂਦੇ ਅਤੇ ਮੈਂ ਉਨ੍ਹਾਂ ਨੂੰ  ਸਾਫ਼ ਸੁਥਰੇ ਦਾਣੇ ਪਾਏ ਤਾਂ ਉਹ ਖਾ ਗਏ | ਜਿਵੇਂ ਹੀ ਥੋੜ੍ਹੇ ਦਿਨ ਪਹਿਲਾਂ ਗਰਮੀ ਦਾ ਪ੍ਰਕੋਪ ਬਹੁਤ ਜ਼ਿਆਦਾ ਵਧ ਗਿਆ ਤਾਂ ਮੈਂ ਸੋਚਿਆ ਕਿ ਗਰਮੀ ਬਹੁਤ ਹੈ, ਇਸ ਲਈ ਪੰਛੀਆਂ ਲਈ ਰੱਖੇ ਪਾਣੀ ਵਾਲੇ ਬਰਤਨਾਂ ਦੀ ਗਿਣਤੀ ਵਧਾ ਦਿੰਦਾ ਹਾਂ ਮੈਂ ਆਸੇ ਪਾਸੇ ਨਿਗਾਹ ਮਾਰੀ ਮੈਨੂੰ ਇਕ ਸੀਮੈਂਟ ਨਾਲ ਲਿਬੜੀ ਹੋਈ ਬਾਲਟੀ ਨਜ਼ਰ ਆਈ ਮੈਂ ਉਸ ਨੂੰ  ਆਰਜ਼ੀ ਤੌਰ 'ਤੇ ਧੋ ਕੇ ਉਸ ਵਿਚ ਪਾਣੀ ਪਾ ਕੇ ਰੱਖ ਦਿੱਤਾ ਪਰ ਕਿਸੇ ਪੰਛੀ ਨੇ ਪਾਣੀ ਨਾ ਪੀਤਾ ਸਾਰੇ ਉਸ ਉੱਤੇ ਬੈਠ ਕੇ ਉੱਡ ਜਾਣ ਮੈਂ ਤਜਰਬੇ ਦੇ ਤੌਰ 'ਤੇ ਪਾਸੇ ਬੈਠਾ ਦੇਖਦਾ ਰਿਹਾ, ਫਿਰ ਮੈਂ ਅਗਲੇ ਦਿਨ ਉਸ ਬਾਲਟੀ ਨੂੰ  ਉੱਪਰੋਂ ਕੱਟ ਕੇ ਛੋਟੀ ਕਰ ਲਈ ਅਤੇ ਭਾਂਡੇ ਧੋਣ ਵਾਲੇ ਸਟੀਲ ਦੇ ਜਾਲ਼ ਜਿਹੇ ਨਾਲ਼ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਅਤੇ ਬਾਲਟੀ ਵਿਚੋਂ ਚਮਕਾ ਦਿੱਤੀ ਅਤੇ ਉਸ ਵਿਚ ਪਾਣੀ ਭਰ ਕੇ ਰੱਖਿਆ ਤਾਂ ਹੁਣ ਮੈਂ ਦੇਖਦਾ ਹਾਂ ਕਿ ਸਾਰੇ ਜਨੌਰ ਉਸ ਵਿਚੋਂ ਵੀ ਪਾਣੀ ਪੀਂਦੇ ਹਨ ਅਤੇ ਮੈਨੂੰ ਯਕੀਨ ਹੋ ਗਿਆ ਕਿ ਪੰਛੀ ਵੀ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਸਫ਼ਾਈ ਲਈ ਸੁਚੇਤ ਰਹਿੰਦੇ ਹਨ | ਹੁਣ ਮੈਂ ਪੰਛੀਆਂ ਲਈ ਪਾਣੀ ਰੱਖਣ ਵਾਲੇ ਬਰਤਨਾਂ ਦੀ ਹਰ ਰੋਜ਼ ਸਵੇਰੇ ਸਫ਼ਾਈ ਕਰਦਾ ਹਾਂ ਅਤੇ ਸਾਰੇ ਦੋਸਤਾਂ ਭੈਣਾਂ ਭਰਾਵਾਂ ਨੂੰ  ਬੇਨਤੀ ਕਰਦਾ ਹਾਂ ਪੰਛੀ ਚੋਗਾ ਲੈਣ ਲਈ ਜਾਂ ਪਾਣੀ ਪੀਣ ਲਈ ਉੱਡ ਕੇ ਬਹੁਤ ਦੂਰ ਨਹੀਂ ਜਾ ਸਕਦੇ, ਕਿਉਂਕਿ ਗਰਮੀਂ ਕਾਰਨ ਉਨ੍ਹਾਂ ਨੂੰ  ਡਿੱਗਣ ਅਤੇ ਹੋਰ ਮੁਸੀਬਤਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ, ਇਸ ਲਈ ਉਨ੍ਹਾਂ ਨੂੰ  ਸਾਫ਼-ਸੁਥਰਾ ਚੋਗਾ ਅਤੇ ਸਾਫ਼ ਸੁਥਰੇ ਬਰਤਨਾਂ ਵਿਚ ਵੱਧ ਤੋਂ ਵੱਧ ਥਾਵਾਂ ਤੇ ਪੀਣ ਲਈ ਪਾਣੀ ਰੱਖਿਆ ਜਾਏ ਅਤੇ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤਾਂ ਕਿ ਪੰਛੀ ਰੁੱਖਾਂ ਉੱਤੇ ਆਲ੍ਹਣੇ ਪਾ ਕੇ ਆਪਣੇ ਬੋਟਾਂ ਨੂੰ  ਗਰਮੀ, ਸਰਦੀ, ਮੀਂਹ ਹਨ੍ਹੇਰੀ ਅਤੇ ਸ਼ਿਕਾਰੀ ਕੁੱਤੇ ਬਿੱਲਿਆਂ ਆਦਿ ਤੋਂ ਬਚਾ ਸਕਣ |

-ਪਿੰਡ ਦੀਨਾ ਸਾਹਿਬ, ਜ਼ਿਲ੍ਹਾ ਮੋਗਾ ਪੰਜਾਬ 
ਮੋਬਾਈਲ : 94174-04804

ਪਿਛਲੀ ਖ਼ਬਰ ਤੇਲ ਨਿਕਲਿਆ ਅਗਲੀ ਖ਼ਬਰ ਡਾ. ਮੋਹਨ ਸਿੰਘ ਉਬਰਾਏ 'ਦੀਵਾਨਾ' (1899 ਤੋਂ 1984 ਤੱਕ)

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।