ਇਸਲਾਮਾਬਾਦ, 14 ਨਵੰਬਰ (ਪੀ. ਟੀ. ਆਈ.)-ਪਾਕਿਸਤਾਨ ਨੇ ਐਲਾਨ ਕੀਤਾ ਕਿ ਉਸ ਦੇ ਜਲਵਾਯੂ ਪਰਿਵਰਤਨ ਮੰਤਰੀ ਮੁਸਾਦਿਕ ਮਲਿਕ ਇਸ ਮਹੀਨੇ ਦੇ ਅਖੀਰ ਵਿਚ ਭਾਰਤ ਵਿਖੇ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੀ ਮੀਟਿੰਗ ਵਿਚ ਹਿੱਸਾ ਲੈਣਗੇ। ਐਸ.ਸੀ.ਓ. ਦੇਸ਼ਾਂ ਦੀ ਇਹ ਅਹਿਮ ਮੀਟਿੰਗ 20 ਤੋਂ 22 ਨਵੰਬਰ ਤੱਕ ਨਵੀਂ ਦਿੱਲੀ ਵਿਚ ਹੋਵੇਗੀ।ਭਾਰਤ ਨੇ 28 ਅਕਤੂਬਰ ਨੂੰ ਐਲਾਨ ਕੀਤਾ ਸੀ ਕਿ ਐਸ.ਸੀ.ਓ. ਦੇ ਸਾਰੇ ਮੈਂਬਰਾਂ ਨੂੰ ਸੱਦੇ ਭੇਜੇ ਗਏ ਹਨ।
ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਮੁਤਾਬਕ, ਇਹ ਸਮਾਗਮ ਐਸ.ਸੀ.ਓ. ਮੈਂਬਰ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਸੱਭਿਆਚਾਰਕ ਸਮਝ ਨਾਲ ਸੰਬੰਧਿਤ ਮੁੱਦਿਆਂ ‘ਤੇ ਚਰਚਾ ਕਰਨ ਲਈ ਇਕ ਮੰਚ ਪ੍ਰਦਾਨ ਕਰੇਗਾ।ਵਿਦੇਸ਼ ਦਫ਼ਤਰ ਨੇ ਆਪਣੇ ਬਿਆਨ ਵਿਚ ਕਿਹਾ ਕਿ ਪਾਕਿਸਤਾਨ ਸਰਕਾਰ ਐਸ.ਸੀ.ਓ. ਢਾਂਚੇ ਦੇ ਅੰਦਰ ਆਪਸੀ ਸਤਿਕਾਰ ਦੀ ਭਾਵਨਾ ਨਾਲ ਸੱਭਿਅਤਾਵਾਂ ਵਿਚਕਾਰ ਗੱਲਬਾਤ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਦਾ ਲੋਕਾਂ ਨਾਲ ਸੰਪਰਕ ਵਧਾਉਣ ਲਈ ਵਚਨਬੱਧ ਹੈ।
ਮੁਸਾਦਿਕ ਮਲਿਕ ਇਕ ਅਹਿਮ ਮੰਤਰੀ ਹਨ, ਜੋ ਸਰਕਾਰ ਦਾ ਅਧਿਕਾਰਤ ਪੱਖ ਪੇਸ਼ ਕਰਨ ਲਈ ਅਕਸਰ ਟੀ.ਵੀ. ਸ਼ੋਅਜ਼ ਵਿਚ ਦਿਖਾਈ ਦਿੰਦੇ ਹਨ। ਭਾਰਤ ਵਲੋਂ ਕਰਵਾਏ ਜਾ ਰਹੇ ਇਸ ਸੰਮੇਲਨ ਵਿਚ ਉਨ੍ਹਾਂ ਦੀ ਸ਼ਮੂਲੀਅਤ ਇਹ ਦਰਸਾਉਂਦੀ ਹੈ ਕਿ ਪਾਕਿਸਤਾਨ ਭਾਰਤ ਨਾਲ ਤਣਾਅ ਘਟਾਉਣਾ ਚਾਹੁੰਦਾ ਹੈ ਤਾਂ ਜੋ ਅਗਲੇ ਸਾਲ ਇਸਲਾਮਾਬਾਦ ਵਿਚ ਹੋਣ ਵਾਲੇ ਐਸ.ਸੀ.ਓ. ਸੰਮੇਲਨ ਵਿਚ ਭਾਰਤੀ ਲੀਡਰਸ਼ਿਪ ਦੀ ਸ਼ਮੂਲੀਅਤ ਲਈ ਰਾਹ ਪੱਧਰਾ ਕੀਤਾ ਜਾ ਸਕੇ।