ਨਵੀਂ ਦਿੱਲੀ, 20 ਸਤੰਬਰ (ਮਿਸਰਦੀਪ ਭਾਟੀਆ)-ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਵਲੋਂ ਕੈਨੇਡਾ ਦੇ ਵਿਦਵਾਨ ਹਰਲੀਨ ਸਿੰਘ ਦੀ ਪੁਸਤਕ 'ਦ ਲੌਸਟ ਹੀਰ' 'ਤੇ ਸਦਨ ਦੇ ਕਾਨਫ਼ਰੰਸ ਹਾਲ ਵਿਚ ਚਰਚਾ ਕਰਵਾਈ ਗਈ | ਚਰਚਾਕਾਰ ਸਨ-ਜੇ.ਐਨ.ਯੂ. ਦੇ ਰਾਜਨੀਤੀ ਵਿਭਾਗ ਤੋਂ ਸੇਵਾਮੁਕਤ ਪ੍ਰੋ. ਗੁਰਪ੍ਰੀਤ ਮਹਾਜਨ ਅਤੇ ਅਮਨਦੀਪ ਸੰਧੂ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋ. ਪੈਟਰਿਸ਼ੀਆ ਉਬਰਾਏ ਨੇ ਕੀਤੀ | ਪ੍ਰੋਗਰਾਮ ਦਾ ਆਰੰਭ ਕਰਦਿਆਂ ਸਦਨ ਦੇ ਡਾਇਰੈਕਟਰ ਜਨਰਲ ਡਾ. ਮਹਿੰਦਰ ਸਿੰਘ ਨੇ ਇਤਿਹਾਸ ਵਿਚ ਔਰਤਾਂ ਦੇ ਯੋਗਦਾਨ ਨੂੰ ਅਣਗੌਲਿਆਂ ਕਰਨ ਬਾਰੇ ਚਰਚਾ ਕਰਦਿਆਂ ਸਭ ਨੂੰ ਜੀ ਆਇਆਂ ਕਿਹਾ | ਉਪਰੰਤ ਸਦਨ ਦੀ ਖੋਜਾਰਥੀ ਹਰਮਨਗੀਤ ਕੌਰ ਨੇ ਵਕਤਿਆਂ ਨਾਲ ਸੰਖੇਪ ਜਾਣ-ਪਛਾਣ ਕਰਵਾਈ | ਪ੍ਰੋ. ਗੁਰਪ੍ਰੀਤ ਮਹਾਜਨ ਨੇ ਪੁਸਤਕ ਬਾਰੇ ਬੋਲਦਿਆਂ ਪਿ੍ਤ ਸੱਤਾ ਤੋਂ ਆਪਣੀ ਗੱਲ ਸ਼ੁਰੂ ਕਰਦਿਆਂ ਇਤਿਹਾਸ ਵਿਚ ਪੰਜਾਬੀ ਔਰਤ ਦੀ ਭੂਮਿਕਾ ਨੂੰ ਉਜਾਗਰ ਕੀਤਾ | ਵਕਤਾ ਅਨੁਸਾਰ ਪੁਸਤਕ ਵਿਚ 180 ਸਾਲ ਦੇ ਸਾਮਰਾਜੀ ਸਮੇਂ ਦੌਰਾਨ ਆਪਸੀ ਸਮਝ ਜ਼ਰੀਏ ਸਮਾਜ ਵਿਚ ਸਦਭਾਵਨਾ ਅਤੇ ਆਪਸੀ ਸਮਝ ਨੂੰ ਬਣਾਈ ਰੱਖਣ ਵਿਚ ਔਰਤ ਦੀ ਸ਼ਲਾਘਾਯੋਗ ਭੂਮਿਕਾ ਨੂੰ ਸਮਝਣ ਦੀ ਲੋੜ ਹੈ | ਅਮਨਦੀਪ ਸੰਧੂ ਨੇ ਵਡੇਰੇ ਪੰਜਾਬ ਦੇ ਪਰਿਪੇਖ ਵਿਚ ਗੱਲ ਕਰਦਿਆਂ ਇਸ ਵਿਚ ਵਸਦੇ ਭਾਈਚਾਰਿਆਂ ਅਤੇ ਸਾਂਝੇ ਪੰਜਾਬੀ ਚਰਿੱਤਰ ਤੇ ਉਸ ਦੀਆਂ ਚੁਣੌਤੀਆਂ ਦਾ ਖੁਲਾਸਾ ਕੀਤਾ | ਮੁਸ਼ਕਲਾਂ ਬਾਰੇ ਸਵਾਲ ਕੀਤੇ | ਪ੍ਰੋਗਰਾਮ ਵਿਚ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਲੇਖਕ ਨੇ ਉਨ੍ਹਾਂ ਹਾਲਾਤਾਂ ਦਾ ਜ਼ਿਕਰ ਕੀਤਾ, ਜਿਸ ਨੇ ਉਸ ਨੂੰ ਇਸ ਵਿਸ਼ੇ 'ਤੇ ਲਿਖਣ ਲਈ ਪ੍ਰੇਰਿਤ ਕੀਤਾ | ਅਖੀਰ ਵਿਚ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਪ੍ਰੋ. ਪੈਟਰਿਸ਼ੀਆ ਉਬਰਾਏ ਨੇ ਵਕਤਿਆਂ ਅਤੇ ਲੇਖਕ ਦੇ ਪੁਸਤਕ ਸੰਬੰਧੀ ਕੀਤੇ ਸੰਵਾਦ ਦੀ ਪ੍ਰਸੰਸਾ ਕਰਦਿਆਂ ਆਪਣੇ ਵਿਅਕਤੀਗਤ ਪਿਛੋਕੜ ਅਤੇ ਪੰਜਾਬੀ ਸਮਾਜ ਦੀਆਂ ਜਟਿਲਤਾਵਾਂ ਸੰਬੰਧੀ ਆਪਣੇ ਅਨੁਭਵਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ | ਸਦਨ ਦੀ ਜਨਰਲ ਸਕੱਤਰ ਡਾ. ਕਿਰਨਜੀਤ ਸੇਠੀ ਨੇ ਪ੍ਰੋਗਰਾਮ ਵਿਚ ਪਹੁੰਚੇ ਵਕਤਿਆਂ ਤੇ ਸਰੋਤਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ | ਡਾ. ਯਾਦਵਿੰਦਰ ਸਿੰਘ ਸਮੇਤ ਵਿਦਵਾਨ ਸਰੋਤਿਆਂ ਵਿਚ ਵੱਡੀ ਗਿਣਤੀ ਵਿਚ ਯੂਨੀਵਰਸਿਟੀ ਖੋਜਾਰਥੀਆਂ ਨੇ ਇਸ ਪ੍ਰੋਗਰਾਮ ਵਿਚ ਹਾਜ਼ਰੀ ਭਰੀ |