ਜਲੰਧਰ, 29 ਅਗਸਤ (ਐੱਮ. ਐੱਸ. ਲੋਹੀਆ) - ਸਥਾਨਕ ਲਾਜਪਤ ਨਗਰ ਵਿਖੇ ਲਿੰਕ ਰੋਡ 'ਤੇ ਚੱਲ ਰਹੇ ਨਿਊ ਰੂਬੀ ਹਸਪਤਾਲ ਵਲੋਂ ਸ਼ਹਿਰ ਦੇ ਪ੍ਰਮੁੱਖ ਡਾਕਟਰਾਂ ਲਈ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਦੌਰਾਨ ਹਸਪਤਾਲ 'ਚ ਸੇਵਾਵਾਂ ਦੇ ਰਹੇ ਦਿਲ, ਸ਼ੂਗਰ ਅਤੇ ਦਵਾਈਆਂ ਦੇ ਮਾਹਿਰ ਡਾ. ਐਸ.ਪੀ.ਐਸ. ਗਰੋਵਰ ਨੇ ਹਾਜ਼ਰ ਡਾਕਟਰਾਂ ਨੂੰ ਸੰਬੋਧਨ ਕੀਤਾ | ਆਪਣੇ ਤਜੁਰਬੇ ਸਾਂਝੇ ਕਰਦੇ ਹੋਏ ਡਾ. ਗਰੋਵਰ ਨੇ ਕਿਹਾ ਕਿ ਮੋਟਾਪਾ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ, ਇਸ ਲਈ ਹਰ ਇਕ ਨੂੰ ਤੰਦਰੁਸਤ ਰਹਿਣ ਲਈ ਮੋਟਾਪੇ ਤੋਂ ਬਚਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅਜੋਕ ਸਮੇਂ 'ਚ ਜੀਵਨ ਸ਼ੈਲੀ ਅਤੇ ਖਾਣ ਪਾਣ ਦਾ ਸਾਡੇ ਸਰੀਰ 'ਤੇ ਬਹੁਤ ਪ੍ਰਭਾਵ ਪੈ ਰਿਹਾ ਹੈ, ਜਿਸ ਨਾਲ ਛੋਟੀ ਉਮਰ ਦੇ ਬੱਚੇ ਵੀ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ | ਡਾ. ਗਰੋਵਰ ਨੇ ਕਿਹਾ ਕਿ ਦੇਖਣ 'ਚ ਆਇਆ ਹੈ ਕਿ ਮੋਟਾਪੇ ਦੇ ਕਈ ਕਾਰਨ ਹੋ ਸਕਦੇ ਹਨ, ਪਰ ਇਸ ਤੋਂ ਬਚਣ ਲਈ ਰੋਜ਼ਾਨਾ ਕਸਰਤ ਅਤੇ ਸੰਤੁਲਿਤ ਭੋਜਨ ਲੈਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਮੋਟਾਪਾ ਨਾਲ ਦਿਲ ਦੇ ਦੌਰੇ, ਦਿਮਾਗੀ ਦੌਰੇ, ਬੀ.ਪੀ., ਗੋਡਿਆਂ ਦੀ ਸਮੱਸਿਆ, ਕੋਲੈਸਟ੍ਰੋਲ 'ਚ ਵਾਧਾ, ਸ਼ੂਗਰ, ਦਿਲ ਦੇ ਰੋਗ, ਕੈਂਸਰ, ਗੁਰਦੇ ਦੀ ਬਿਮਾਰੀ, ਨੀਂਦ ਦੀ ਸਮਸਿਆ, ਮਾਹਵਾਰੀ ਦੀਆਂ ਬੇਨਿਯਮੀਆਂ ਅਤੇ ਪਿੱਤੇ ਦੀ ਬਿਮਾਰੀ ਆਦਿ ਦੀਆਂ ਸੰਭਾਵਨਾਵਾਂ ਵਧੇਰੇ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਡਾਕਟਰ ਦੀ ਸਲਾਹ ਨਾਲ ਮੋਟਾਪੇ 'ਤੇ ਕਾਬੂ ਪਾਇਆ ਜਾ ਸਕਦਾ ਹੈ | ਇਸ ਮੌਕੇ ਡਾ. ਅਮਨਪ੍ਰੀਤ ਸਿੰਘ, ਡਾ. ਅਸ਼ਵਨੀ ਮਹਿੰਦਰੂ, ਡਾ. ਦਿਆਲ ਓਬਰਾਏ, ਡਾ. ਮਹਿੰਦਰ ਕੇ. ਨਿਰਮਲ, ਡਾ. ਰਾਜੇਸ਼ ਸ਼ਰਮਾ, ਡਾ. ਐਨ.ਕੇ. ਸ਼ਰਮਾ, ਡਾ. ਪਰਵੀਨ ਗੁਗਲਾਨੀ ਅਤੇ ਡਾ. ਵਿਸ਼ਾਲ ਭਨੋਟ, ਡਾ. ਰਾਣੀ, ਡਾ. ਸੁਖਮਨ, ਇੰਜੀਨੀਅਰ ਕੁਲਦੀਪ ਸਿੰਘ, ਡਾ. ਜਤਿੰਦਰ ਅਤੇ ਕਈ ਹੋਰ ਹਾਜ਼ਰ ਸਨ |