ਫਿਲੌਰ, 19 ਸਤੰਬਰ (ਸਤਿੰਦਰ ਸ਼ਰਮਾ)-ਝੋਨੇ ਦੀ ਖ਼ਰੀਦ ਨੂੰ ਸੁਚਾਰੂ ਰੂਪ 'ਚ ਨੇਪਰੇ ਚਾੜ੍ਹਨ ਲਈ ਐੱਸ ਡੀ ਐੱਮ ਫਿਲੌਰ ਪਰਲੀਨ ਕੌਰ ਬਰਾੜ ਦੀ ਅਗਵਾਈ ਹੇਠ ਇਕ ਮੀਟਿੰਗ ਹੋਈ, ਜਿਸ ਵਿਚ ਨਾਇਬ ਤਹਿਸੀਲਦਾਰ ਨੂਰਮਹਿਲ ਤੋਂ ਇਲਾਵਾ ਫਿਲੌਰ, ਗੁਰਾਇਆ, ਬਿਲਗਾ ਦੀਆਂ ਨਗਰ ਕੌਂਸਲਜ਼ ਦੇ ਕਾਰਜ ਸਾਧਕ ਅਫ਼ਸਰ ਵੀ ਹਾਜ਼ਰ ਸਨ | ਡੀ.ਐੱਫ.ਐੱਸ.ਓ. ਫਿਲੌਰ ਰਾਜ ਕੁਮਾਰ ਸਮੇਤ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਤੋਂ ਬਿਨ੍ਹਾਂ ਸੰਬੰਧਤ ਮਾਰਕੀਟ ਕਮੇਟੀਆਂ ਦੇ ਸਕੱਤਰਾਂ ਨੇ ਵੀ ਇਸ ਮੀਟਿੰਗ ਵਿਚ ਭਾਗ ਲਿਆ | ਐੱਸ.ਡੀ.ਐੱਮ. ਫਿਲੌਰ ਨੇ ਅਧਿਕਾਰੀਆਂ ਕੋਲੋਂ ਖ਼ਰੀਦ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਸਟਾਫ਼ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ ਅਤੇ ਕਿਸੇ ਵੀ ਮੁਸ਼ਕਿਲ ਦੇ ਹੱਲ ਲਈ ਨਿਗਰਾਨ ਅਫ਼ਸਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਹਨ | ਡੀ.ਐੱਫ.ਐੱਸ.ਓ. ਨੇ ਦੱਸਿਆ ਕਿ ਮੰਡੀਆਂ 'ਚ ਹਾਲੇ ਫ਼ਸਲ ਦੀ ਕੋਈ ਆਮਦ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਬਾਰਦਾਨੇ ਦਾ ਪ੍ਰਬੰਧ ਵੀ ਮੁਕੰਮਲ ਕਰ ਲਿਆ ਗਿਆ ਹੈ |