ਜਲੰਧਰ, 19 ਸਤੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਨੀ ਛੋਕਰਾ ਦੀ ਅਦਾਲਤ ਨੇ ਮਹਿਲਾ ਦੀ ਬਿਮਾਰੀ ਠੀਕ ਕਰਨ ਦੇ ਬਹਾਨੇ ਉਸ ਨੂੰ ਆਪਣੇ ਕਮਰੇ 'ਚ ਬੁਲਾ ਕੇ ਅਤੇ ਉਸ ਨੂੰ ਨਸ਼ੀਲੀ ਦਵਾਈ ਸੁੰਘਾ ਕੇ ਬੇਹੋਸ਼ ਕਰਕੇ ਜ਼ਬਰ ਜਨਾਹ ਕਰਨ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਮੁਹੰਮਦ ਸਰਫ਼ਰਾਜ਼ ਆਲਮ ਪੁੱਤਰ ਉਸਮਾਨ ਅਲੀ ਵਾਸੀ ਨਿਊ ਰਸੀਲਾ ਨਗਰ, ਬਸਤੀ ਦਾਨਿਸ਼ਮੰਦਾਂ, ਜਲੰਧਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਉਕਤ ਦੇ ਖ਼ਿਲਾਫ਼ ਮਿਤੀ 10 ਨਵੰਬਰ 2024 ਨੂੰ ਥਾਣਾ 5 ਵਿਖੇ ਪੀੜਤ ਮਹਿਲਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਸੀ | ਸ਼ਿਕਾਇਤ ਕਰਤਾ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਉਹ ਅਕਸਰ ਬਿਮਾਰ ਰਹਿੰਦੀ ਸੀ ਤੇ ਉਸ ਨੂੰ ਪਤਾ ਲੱਗਿਆ ਕਿ ਉਕਤ ਤਾਂਤਰਿਕ ਬਾਬਾ ਫਾਂਡੇ ਨਾਲ ਬਿਮਾਰੀ ਸਹੀ ਕਰ ਦਿੰਦਾ ਹੈ ਜਦੋਂ ਉਹ ਉਸ ਕੋਲ ਗਈ ਤਾਂ ਉਸ ਨੇ ਮੇਰੇ ਘਰਵਾਲੇ ਨੂੰ ਕਮਰੇ ਦੇ ਬਾਹਰ ਬਿਠਾ ਦਿੱਤਾ ਤੇ ਉਸ ਨੂੰ ਕੋਈ ਨਸ਼ੀਲੀ ਦਵਾਈ ਸੁੰਘਾ ਕੇ ਉਸ ਨਾਲ ਜ਼ਬਰ ਜਨਾਹ ਕੀਤਾ ਤੇ ਬਾਅਦ 'ਚ ਦੌੜ ਗਿਆ, ਜਿਸ ਤੋਂ ਬਾਅਦ ਉਕਤ ਬਾਬੇ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਸੀ ਤੇ ਅੱਜ ਅਦਾਲਤ ਨੇ ਸਬੂਤਾਂ ਦੀ ਘਾਟ ਦੇ ਕਰਕੇ ਦੋਸ਼ ਸਾਬਤ ਨਾ ਹੋਣ 'ਤੇ ਉਕਤ ਬਾਬੇ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ |