ਜਲੰਧਰ, 19 ਸਤੰਬਰ (ਪਵਨ ਖਰਬੰਦਾ)-ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨਜ਼ ਲੋਹਾਰਾਂ ਵੱਲੋਂ ਸਾਲਾਨਾ ਫਰੈਸ਼ਰ ਪਾਰਟੀ ਉਡਾਨ 2025 ਰੰਗ-ਬਿਰੰਗੀ ਤੇ ਉਤਸ਼ਾਹਪੂਰਨ ਸਮਾਰੋਹ ਦੇ ਰੂਪ ਵਿੱਚ ਮਨਾਈ ਗਈ, ਜਿਸ ਵਿੱਚ ਨਵੇਂ ਵਿਦਿਆਰਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਕਾਰਜਕ੍ਰਮ ਦੀ ਸ਼ੁਰੂਆਤ ਇਨੋਸੈਂਟ ਹਾਰਟਸ ਦੇ ਮੈਨੇਜਮੈਂਟ ਮੈਂਬਰਾਂ ਵੱਲੋਂ ਦੀਵੇ ਦੀ ਰੌਸ਼ਨੀ ਨਾਲ ਕੀਤੀ ਗਈ | ਵਿਦਿਆਰਥੀਆਂ ਨੇ ਇਕਲ ਗੀਤ, ਇਕਲ ਨਾਚ, ਗਰੁੱਪ ਨਾਚ ਅਤੇ ਕੋਰੀਓਗ੍ਰਾਫੀ ਰਾਹੀਂ ਆਪਣੀ ਕਲਾ ਪ੍ਰਦਰਸ਼ਿਤ ਕੀਤੀ | ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਭਗਵਾਨ ਗਣੇਸ਼ ਦੀ ਵੰਦਨਾ ਨਾਲ ਹੋਈ | ਵਿਦਿਆਰਥੀ ਐਂਕਰਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਮਾਰੋਹ ਦਾ ਸੰਚਾਲਨ ਕੀਤਾ | ਫਰੈਸ਼ਰਜ਼ ਵੱਲੋਂ ਕੀਤਾ ਗਿਆ ਰੈਂਪ ਵਾਕ ਸਭ ਨੂੰ ਬਹੁਤ ਪਸੰਦ ਆਇਆ, ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਜੱਜਾਂ ਦੀ ਭੂਮਿਕਾ ਲੋਹਾਰਾਂ ਤੋਂ ਮਿਸਜ਼ ਰਿਚਾ ਸ਼ਰਮਾ ਅਤੇ ਮਿਸਜ਼ ਕਿਰਨ ਬਾਲਾ ਵੱਲੋਂ ਨਿਭਾਈ ਗਈ | ਜੇਤੂਆਂ ਨੂੰ ਵਿਸ਼ੇਸ਼ ਮਹਿਮਾਨਾਂ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਮਿਸਟਰ ਫਰੈਸ਼ਰ ਉਜ਼ੈਦ, ਮਿਸ ਫਰੈਸ਼ਰ ਜਸਦੀਪ ਕੌਰ, ਮਿਸਟਰ ਟੈਲੈਂਟਡ ਧੈਰਿਆ ਬਤਰਾ, ਮਿਸ ਟੈਲੈਂਟਡ ਅਮਨਜੋਤ ਕੌਰ, ਮਿਸਟਰ ਹੈਂਡਸਮ ਕਰਣ ਸ਼ਰਮਾ, ਮਿਸ ਚਾਰਮਿੰਗ-ਜਾਨਵੀ ਸ਼ਰਮਾ ਦੀ ਚੋਣ ਕੀਤੀ ਗਈ | ਇਸ ਮੌਕੇ ਮਿਸਜ਼ ਸ਼ਰਮੀਲਾ ਨਕਰਾ (ਡਿਪਟੀ ਡਾਇਰੈਕਟਰ, ਕਲਚਰਲ ਅਫੇਅਰਜ਼) ਵੀ ਹਾਜ਼ਰ ਸਨ | ਡਾ. ਗਗਨਦੀਪ ਕੌਰ ਧੰਜੂ (ਡਾਇਰੈਕਟਰ, ਅਕੈਡਮਿਕਸ) ਨੇ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਜਦਕਿ ਮਿਸਟਰ ਰਾਹੁਲ ਜੈਨ (ਡਾਇਰੈਕਟਰ, ਆਪ੍ਰੇਸ਼ਨਜ਼) ਨੇ ਵਿਦਿਆਰਥੀਆਂ ਨੂੰ ਚਮਕਦਾਰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਡਾ. ਅਨੁਪ ਬੌਰੀ (ਚੇਅਰਮੈਨ, ਇਨੋਸੈਂਟ ਹਾਰਟਸ ਗਰੁੱਪ) ਨੇ ਵਿਦਿਆਰਥੀਆਂ ਨੂੰ ਆਪਣੇ ਟੀਚਿਆਂ ਤੇ ਕੇਂਦਰਿਤ ਰਹਿਣ, ਮਿਹਨਤ ਕਰਨ ਅਤੇ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ |