ਜਲੰਧਰ, 19 ਸਤੰਬਰ (ਐੱਮ. ਐੱਸ. ਲੋਹੀਆ)-ਗੁੰਮ ਹੋ ਚੁੱਕੇ ਅਤੇ ਚੋਰੀਸ਼ੁਦਾ 8 ਮੋਬਾਈਲ ਫੋਨ ਕਮਿਸ਼ਨਰੇਟ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਬਰਾਮਦ ਕਰਕੇ ਮਾਲਕਾਂ ਨੂੰ ਸੌਂਪੇ ਹਨ | ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਨੇ ਜਾਣਕਾਰੀ ਦਿੱਤੀ ਕਿ ਗੁੰਮਸ਼ੁਦਾ ਮੋਬਾਈਲ ਫੋਨਾਂ ਸਬੰਧੀ ਮਿਲੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਇਕ ਵਿਸ਼ੇਸ਼ ਪੁਲਿਸ ਟੀਮ ਗਠਿਤ ਕੀਤੀ ਗਈ ਸੀ, ਜਿਸ ਦੀ ਅਗਵਾਈ ਏ.ਡੀ.ਸੀ.ਪੀ. ਪਰਮਜੀਤ ਸਿੰਘ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਵਲੋਂ ਕੀਤੀ ਗਈ | ਕ੍ਰਾਈਮ ਸੈੱਲ ਮੁਖੀ ਸਰਬਜੀਤ ਸਿੰਘ ਗਿੱਲ ਦੀ ਨਿਗਰਾਨੀ ਹੇਠ ਟੀਮ ਵਲੋਂ ਤਕਨੀਕੀ ਸਹਾਇਤਾ ਅਤੇ ਆਧੁਨਿਕ ਸਾਧਨਾਂ ਦੀ ਵਰਤੋਂ ਕਰਕੇ ਵੱਖਵੱਖ ਥਾਵਾਂ ਤੋਂ 8 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪ ਦਿੱਤਾ ਗਿਆ ਹੈ | ਪੁਲਿਸ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਦਾ ਮੋਬਾਈਲ ਗੁੰਮ ਜਾਂ ਚੋਰੀ ਹੋ ਜਾਵੇ ਤਾਂ ਉਹ ਤੁਰੰਤ ਨਜ਼ਦੀਕੀ ਥਾਣੇ 'ਚ ਸ਼ਿਕਾਇਤ ਦਰਜ ਕਰਵਾਉਣ ਜਾਂ ਫਿਰ ਸਰਕਾਰ ਵਲੋਂ ਜਾਰੀ ਕੀਤੇ ਸੀ.ਈ.ਆਈ.ਆਰ. ਪੋਰਟਲ ਰਾਹੀਂ ਰਿਪੋਰਟ ਕਰਵਾਉਣ, ਤਾਂ ਜੋ ਮੋਬਾਈਲ ਦੀ ਬਰਾਮਦੀ 'ਚ ਮਦਦ ਮਿਲ ਸਕੇ |