ਸ਼ਾਹਕੋਟ, 19 ਸਤੰਬਰ (ਸੁਖਦੀਪ ਸਿੰਘ)-ਸ਼ਾਹਕੋਟ ਵਿਖੇ ਪਰਿਵਾਰਕ ਝਗੜੇ ਦੇ ਚੱਲਦਿਆਂ ਮਾਨਸਿਕ ਪ੍ਰੇਸ਼ਾਨੀ 'ਚ ਇੱਕ ਔਰਤ ਵਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਉਸ ਦੀ ਮੌਤ ਹੋ ਗਈ | ਮਿ੍ਤਕ ਔਰਤ ਦੇ ਲੜਕੇ ਸੁਖਰਾਜ ਸਿੰਘ ਪੁੱਤਰ ਤਰਨਜੀਤ ਸਿੰਘ ਵਾਸੀ ਸਲੈਚਾਂ ਰੋਡ, ਸ਼ਾਹਕੋਟ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਸਾਡੇ ਘਰ ਅਤੇ ਦੁਕਾਨ 'ਚੋਂ ਹਿੱਸੇ ਦੀ ਮੰਗ ਕਰਦਿਆਂ ਝਗੜਾ ਕਰਦੇ ਸਨ, ਜਿਸ ਕਾਰਨ ਮੇਰੀ ਮਾਤਾ ਦਲਵੀਰ ਕੌਰ (54) ਕਾਫ਼ੀ ਪ੍ਰੇਸ਼ਾਨ ਰਹਿੰਦੀ ਸੀ | ਅੱਜ ਸਵੇਰੇ ਕਰੀਬ 6 ਵਜੇ ਮੇਰੀ ਮਾਤਾ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਅਤੇ ਬੇਹੋਸ਼ ਹੋ ਗਈ | ਮੈਂ ਆਪਣੀ ਮਾਤਾ ਨੂੰ ਕਮਰੇ 'ਚ ਬੇਹੋਸ਼ੀ ਦੀ ਹਾਲਤ ਵਿੱਚ ਪਏ ਦੇਖਿਆ ਤਾਂ ਉਸ ਨੂੰ ਸ਼ਾਹਕੋਟ ਦੇ ਇੱਕ ਨਿੱਜੀ ਹਸਪਤਾਲ ਲੈ ਗਿਆ, ਜਿਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਸਿਵਲ ਹਸਪਤਾਲ ਨਕੋਦਰ ਰੈਫਰ ਕਰ ਦਿੱਤਾ ਅਤੇ ਉਥੇ ਉਸ ਦੀ ਮੌਤ ਹੋ ਗਈ | ਇਸ ਸੰਬੰਧੀ ਸ਼ਾਹਕੋਟ ਪੁਲਿਸ ਨੂੰ ਪਤਾ ਲੱਗਣ 'ਤੇ ਮਾਡਲ ਥਾਣਾ ਸ਼ਾਹਕੋਟ ਦੇ ਏ.ਐਸ.ਆਈ. ਅੰਗਰੇਜ਼ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤੀ | ਉਨ੍ਹਾਂ ਦੱਸਿਆ ਕਿ ਮਿ੍ਤਕ ਔਰਤ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ |