ਜਲੰਧਰ, 20 ਸਤੰਬਰ (ਸ਼ਿਵ)-ਪਾਵਰਕਾਮ ਦੀਆਂ ਅਲੱਗ-ਅਲੱਗ ਟੀਮਾਂ ਨੇ ਅੱਜ ਸ਼ਹਿਰ ਦੇ ਕਈ ਹਿੱਸਿਆਂ ਵਿਚ 1640 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕਰਕੇ ਬਿਜਲੀ ਚੋਰੀ ਦੇ ਕੇਸਾਂ ਤੋਂ ਇਲਾਵਾ ਬਿਜਲੀ ਵਰਤੋਂ ਕਰਨ ਦੀਆਂ ਬੇਨਿਯਮੀਆਂ ਦੇ 24 ਮਾਮਲੇ ਫੜ੍ਹ ਕੇ ਸਬੰਧਿਤ ਖਪਤਕਾਰਾਂ ਨੂੰ 13.5 ਲੱਖ ਰੁਪਏ ਜੁਰਮਾਨਾ ਕੀਤਾ ਹੈ | ਬਿਜਲੀ ਦੇ ਕੁਨੈਕਸ਼ਨਾਂ ਦੀ ਜਾਂਚ ਦਾ ਕੰਮ ਪਾਵਰਕਾਮ ਦੇ ਉੱਤਰੀ ਜ਼ੋਨ ਦੇ ਮੁੱਖ ਇੰਜ. ਦੇਸ ਰਾਜ ਬੰਗੜ ਅਤੇ ਉਪ ਮੁੱਖ ਇੰਜ. ਗੁਲਸ਼ਨ ਚੁਟਾਨੀ ਦੀ ਹਦਾਇਤ 'ਤੇ ਕੀਤੀ ਗਈ ਹੈ | ਪਾਵਰਕਾਮ ਵੱਲੋਂ ਇੱਕ ਦੂਜੇ ਡਵੀਜ਼ਨਾਂ ਦੇ ਮੁਲਾਜ਼ਮਾਂ 'ਤੇ ਆਧਾਰਿਤ ਕਰੀਬ 15 ਟੀਮਾਂ ਬਣਾ ਕੇ ਬਿਜਲੀ ਕੁਨੈਕਸ਼ਨਾਂ ਦੀ ਚੈਕਿੰਗ ਕੀਤੀ ਗਈ | ਪਾਵਰਕਾਮ ਦੇ ਅਧਿਕਾਰੀਆਂ ਮੁਤਾਬਕ ਜਿਹੜੇ ਅੱਜ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ, ਉਨ੍ਹਾਂ ਵਿਚ ਬਿਜਲੀ ਚੋਰੀ ਦੇ 12 ਕੇਸ ਫੜ੍ਹੇ ਹਨ ਜਦਕਿ 12 ਹੋਰ ਬਿਜਲੀ ਦੀਆਂ ਬੇਨਿਯਮੀਆਂ ਨਾਲ ਸਬੰਧਿਤ ਕੇਸ ਹਨ | ਇਨ੍ਹਾਂ ਵਿਚ ਕੁੰਡੀ ਨਾਲ ਬਿਜਲੀ ਚੋਰੀ ਕੀਤੀ ਜਾ ਰਹੀ ਸੀ | ਇਸ ਮਾਮਲੇ ਵਿਚ ਦੋਸ਼ੀਆਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ | ਪਾਵਰਕਾਮ ਦੀਆਂ ਟੀਮਾਂ ਵੱਲੋਂ ਈਸਟ ਡਵੀਜ਼ਨ ਵਿਚ 280 ਕੈਂਟ ਡਵੀਜ਼ਨ ਵਿਚ 275 , ਮਾਡਲ ਟਾਊਨ ਡਵੀਜ਼ਨ ਵਿਚ 314 , ਵੈੱਸਟ ਡਵੀਜ਼ਨ ਵਿਚ 534, ਫਗਵਾੜਾ ਡਵੀਜ਼ਨ ਵਿਚ 237 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਹੈ | ਉਧਰ ਪਾਵਰਕਾਮ ਦੇ ਉੱਤਰੀ ਜ਼ੋਨ ਦੇ ਉਪ ਮੁੱਖ ਇੰਜ. ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਜਿਨ੍ਹਾਂ ਦੇ ਖ਼ਿਲਾਫ਼ ਬਿਜਲੀ ਚੋਰੀ ਤੋਂ ਇਲਾਵਾ ਹੋਰ ਕੇਸਾਂ ਵਿਚ ਬੇਨਿਯਮੀਆਂ ਫੜ੍ਹੀਆਂ ਗਈਆਂ ਹਨ, ਉਨ੍ਹਾਂ ਵਿਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ |