ਹੌਲਨਾਕ ਪਹਿਲਗਾਮ ਅੱਤਵਾਦੀ ਹਮਲੇ ਉਪਰੰਤ ਜਦ ਭਾਰਤੀ ਸੂਰਬੀਰਾਂ ਨੇ ਏਅਰ ਸਟਰਾਈਕ ਰਾਹੀਂ ਪਾਕਿਸਤਾਨ ਦੇ ਘਰ 'ਚ ਘੁਸ ਕੇ ਭਾਰਤ ਵਿਰੋਧੀ ਸਰਗਰਮ ਅੱਤਵਾਦੀ ਟਿਕਾਣਿਆਂ ਨੂੰ ਨੇਸਤੋ-ਨਾਬੂਦ ਕੀਤਾ, ਜਿਸ ਤੋਂ ਬੁਖਲਾ ਪਾਕਿਸਤਾਨੀ ਫ਼ੌਜ ਵਲੋਂ ਭਾਰਤ ਦੀ ਪ੍ਰਭੂਸੱਤਾ ਦੀ ਉਲੰਘਣਾ ਅਤੇ ਭਾਰਤੀ ਨਾਗਰਿਕਾਂ ਨੂੰ ਖ਼ਤਰੇ 'ਚ ਪਾਉਣ ਦੀਆਂ ਸਪੱਸ਼ਟ ਕੋਸ਼ਿਸ਼ਾਂ ਵਜੋਂ ਰੋਜ਼ ਰਾਤ ਸਮੇਂ ਹਮਲੇ ਕੀਤੇ ਜਾ ਰਹੇ ਸੀ। ਅਜਿਹੇ ਸਮੇਂ ਸੰਬੰਧਿਤ ਲੋਕਾਂ ਦੇ ਮਨ 'ਚ ਅਣਕਿਆਸੇ ਜੰਗ ਦਾ ਖੌਫ਼ ਅਤੇ ਤਣਾਅ ਦਾ ਮਾਹੌਲ ਕੁਦਰਤੀ ਹੀ ਵਸਿਆ ਹੁੰਦਾ ਹੈ ਪਰ ਸਭ ਕਾਸੇ ਦੇ ਬਾਵਜੂਦ ਬਹੁਤ ਸਾਰੇ ਲੋਕ ਆਪਸੀ ਮੇਲ-ਜੋਲ, ਮਹਿਫ਼ਲਾਂ 'ਚ ਨਿੱਜੀ ਤਜਰਬਿਆਂ ਭਰੀਆਂ ਰੌਚਿਕ ਗੱਲਾਂਬਾਤਾਂ ਜਾਂ ਮਿਸਾਲਾਂ ਦਾ ਤੜਕਾ ਲਗਾ ਕੇ ਮਾਹੌਲ ਨੂੰ ਸੁਖਾਵਾਂ ਬਣਾਉਣ ਦੀ ਮੁਹਾਰਿਤ (ਕਲਾ) ਨਾਲ ਲੈਸ ਹੁੰਦੇ ਹਨ।
ਸਰਹੱਦੀ ਪਿੰਡ ਜੀਵਨਵਾਲ ਦੀ ਸਾਂਝੀ ਸੱਥ 'ਚ ਤਖ਼ਤਪੋਸ਼ ਉੱਪਰ ਬੈਠੇ 10-12 ਪਿੰਡ ਵਾਸੀ ਕਿਸਾਨਾਂ ਦੀ ਮਹਿਫ਼ਲ ਦੌਰਾਨ ਅੱਜ ਪਹਿਲਾਂ ਵਾਲੀ ਆਮ ਗੱਲਬਾਤ ਦੀ ਬਜਾਏ ਬਲੈਕ ਆਊਟ, ਡਰੋਨ ਹਮਲੇ, ਅਣਸੁਖਾਵੀਂ ਸਥਿਤੀ ਨਾਲ ਨਿਪਟਣ ਆਦਿ ਪ੍ਰਤੀ ਤਿਆਰੀਆਂ ਜ਼ਿੰਮੇਵਾਰੀਆਂ ਸੰਬੰਧੀ ਬਹਿਸ-ਮੁਥਾਹਿੱਸਿਆਂ ਦਾ ਦੌਰ ਚਲ ਰਿਹਾ ਸੀ। ਹੱਥ 'ਚ ਅਖ਼ਬਾਰ ਫੜੀ ਸੱਥ 'ਚ ਹੁਣੇ ਹੀ ਆਏ ਬਿਕਰ ਸਿਹੁੰ ਪੰਚ ਦੇ ਬੈਠਣ ਲਈ ਤਖ਼ਤਪੋਸ਼ ਦੀ ਨੁੱਕਰੇ ਥਾਂ ਛੱਡਦਿਆਂ ਸਰਬਜੀਤ ਹੁੱਭਕੇ ਬੋਲਿਆ, 'ਆ ਬੈਠ... ਬਾਈ ਬਿੱਕਰ ਸਿਹਾਂ... ਨਾਲੇ 'ਕੱਲਾ-'ਕੱਲਾ ਹੀ... ਸਾਨੂੰ ਵੀ ਸੁਣਾ... ਕੋਈ ਨਵੀਂ ਤਾਜ਼ੀ... ਕੀ ਕਹਿੰਦੀ ਅਖ਼ਬਾਰ?... ਭਾਵੇਂ ਮੋਬਾਈਲਾਂ 'ਤੇ ਤਾਂ ਪਤਾ ਨਹੀਂ ਜੰਗ ਨੂੰ ਲੈ ਕੇ ਕਿੰਨੀਆਂ ਕੁ ਪੋਸਟਾਂ ਘੁੰਮ ਰਹੀਆਂ ਪਰ ਜੋ ਪੁਖਤਾ ਖ਼ਬਰ, ਜਾਣਕਾਰੀ ਤਸਵੀਰਾਂ ਸਮੇਤ ਅਖ਼ਬਾਰ ਤੋਂ ਮਿਲਦੀ ਹੈ, ਉਸ ਦਾ ਕੋਈ ਵੀ ਜਵਾਬ ਨਹੀਂ ਅਤੇ ਇਸ ਦੀ ਗੱਲ ਸੋਲਾਂ ਆਨੇ ਸੱਚ' ਕਹਿੰਦਿਆਂ ਸੱਥ 'ਚ ਬੈਠੇ ਸਾਰਿਆਂ ਵਲੋਂ ਪੁਸ਼ਟੀ ਵੀ ਕੀਤੀ ਗਈ ਸੀ।
ਚਿਹਰੇ 'ਤੇ ਐਨਕ ਟਿਕਾ ਅਖ਼ਬਾਰ ਦੀਆਂ ਤਹਿਆਂ ਖੋਲ੍ਹ ਪੜ੍ਹ ਕੇ ਸੁਣਾ ਬਿਕਰ ਸਿੰਹੁ ਬੋਲਿਆ, 'ਪਾਕਿਸਤਾਨ ਵਲੋਂ ਸਾਡੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਅਤੇ ਸਥਾਨਾਂ 'ਤੇ ਰਾਤ ਸਮੇਂ ਡਰੋਨਾ ਅਤੇ ਹੋਰ ਹਥਿਆਰਾਂ ਨਾਲ ਕੀਤੇ ਜਾ ਰਹੇ ਹਮਲਿਆਂ ਅਤੇ ਭਵਿੱਖ 'ਚ ਹੋ ਸਕਣ ਵਾਲੇ ਹਰ ਟਕਰਾਅ ਦਾ ਜਵਾਬ ਸਾਡੇ ਜਵਾਨਾਂ ਵਲੋਂ ਆਪਣੇ ਡਾਢੇ ਮਜ਼ਬੂਤ ਏਅਰ ਡਿਫੈਂਸ ਸਿਸਟਮ ਅਤੇ ਫੈਸਲਾਕੁੰਨ ਤਰੀਕੇ ਦਿੱਤਾ ਜਾ ਰਿਹਾ ਹੈ। ਭਾਰਤ ਨੇ ਏਅਰ ਸਟਰਾਈਕ 'ਚ ਪਾਕਿਸਤਾਨ ਦੇ ਚਾਰ ਮਹੱਤਵਪੂਰਨ ਏਅਰ ਬੇਸਾਂ ਅਤੇ ਕਈ ਦਹਿਸ਼ਤਗਰਦ ਸਿਖਲਾਈ ਕੇਂਦਰਾਂ ਨੂੰ ਤਬਾਹ ਕੀਤਾ ਹੈ, ਜਿਸ ਤੋਂ ਪਾਕਿਸਤਾਨ ਬੁਖਲਾ ਉਠਿਆ ਅਤੇ ਹੋਰ ਸੁਣੋ... ਪਾਕਿਸਤਾਨ ਠੂਠਾ ਫੜ ਦੂਜੇ ਦੇਸ਼ਾਂ ਵੱਲ ਖ਼ੈਰ ਮੰਗਣ ਤੁਰਿਆ... ਆਈ ਐਮ.ਐਫ. ਨੇ ਤਰਸ ਖਾ ਕੇ ਇਕ ਅਰਬ ਡਾਲਰ ਦਾ ਕਰਜ਼ਾ ਮਨਜ਼ੂਰ...।
ਫੱਗਣ ਸਿਹੁੰ ਨੇ ਬਿੱਕਰ ਪੰਚ ਦੀ ਗੱਲ ਵਿਚਾਲੇ ਹੀ ਕੱਟਦਿਆਂ ਤੈਸ਼ ਭਰੀ ਆਵਾਜ਼ 'ਚ ਕਿਹਾ, 'ਬਾਈ! ਪਰ ਕਰਜ਼ਾ ਤਾਂ ਕਰਜ਼ਾ ਹੀ ਹੁੰਦੈ... ਵਿਆਜ ਸਣੇ ਮੋੜਨਾ ਤਾਂ ਪੈਣਾ ਹੀ... ਸਿਆਣੇ ਆਖਦੇ ਕਰਜ਼ਾ ਤਾਂ ਬੰਦੇ ਦੀ ਜਾਨ ਦਾ ਖੌਅ ਹੁੰਦੈ... ਸਾਡੇ ਜਵਾਨ ਤਾਂ ਪਾਕਿਸਤਾਨ ਦਾ ਇਸ ਤੋਂ ਵੀ ਵੱਧ ਨੁਕਸਾਨ ਕਰ ਚੁੱਕੇ... ਭਲਾ ਪਾਕਿਸਤਾਨ ਨੂੰ ਕੀ ਲੋੜ ਸੀ ਖਾਹ-ਮਖਾਹ ਭਾਰਤ ਨਾਲ ਪੰਗਾ ਲੈਣ ਦੀ?
ਚਲ ਰਹੀ ਗੱਲਬਾਤ 'ਚ ਥੋੜ੍ਹੀ ਵਿਰਲ ਮਿਲਦਿਆਂ ਹੀ ਨੰਬਰਦਾਰ ਸੁੰਦਰ ਸਿਹੁੰ ਹਥਲੀ ਡੰਗੋਰੀ ਉਤੇ ਮੱਥਾ ਟਿਕਾ ਕੇ ਲੰਬੇਰੀ ਹੇਕ ਭਰੀ ਜਿਹੀ ਆਵਾਜ਼ ਵਿਚ ਬੋਲਿਆ, 'ਭਾਈ ਪਾਕਿਸਤਾਨ ਦੀ ਤਾਂ 'ਘਰ ਦਾਣੇ ਨਹੀਂ ਤੇ ਮਾਂ ਪੀਹਣ ਨੂੰ ਗਈ, ਠੂਠਾ ਫੜ ਕੇ ਵੀ ਅੜੀ ਪੁਗਾਉਣ ਵਾਲੀ ਗੱਲ ਹੈ... ਚਾਲੀ ਕੁ ਵਰ੍ਹੇ ਪਹਿਲਾਂ ਦੀ ਗੱਲ... ਉਦੋਂ ਕਣਕ ਦੀ ਫ਼ਸਲ 'ਚ ਖੁਰਪੇ (ਰੰਬੇ) ਨਾਲ ਹੱਥੀਂ ਗੋਡੀ ਕਰਨ ਦਾ ਰਿਵਾਜ ਸੀ ਅਤੇ 15-16 ਰੁਪਏ ਪ੍ਰਤੀ ਏਕੜ ਰੇਟ ਦੇ ਹਿਸਾਬ ਪਿੰਡਾਂ ਦੇ ਕਿਰਤੀ ਲੋਕ ਪਰਿਵਾਰਾਂ ਸਮੇਤ ਖੇਤਾਂ 'ਚ ਕੰਮ ਕਰਦੇ ਸੀ, ਜਿਸ ਨਾਲ ਮਸਾਂ ਹੀ ਘਰ ਦੇ ਪੰਜ-ਪਾਂਜੇ ਪੂਰੇ ਹੁੰਦੇ ਸੀ। ਕੀ ਹੋਇਆ ਅਰਜਨ ਨਾਮੀ ਖੇਤ ਮਜ਼ਦੂਰ ਦੀ ਆਪਣੇ ਗੁਆਂਢੀਆਂ ਨਾਲ ਕਿਸੇ ਗੱਲੋਂ ਤਣਾ-ਤਣੀ, ਬੋਲ-ਕੁਬੋਲ ਹੋ ਗਈ। ਅਰਜਨ ਤਾਂ ਪਹਿਲਾਂ ਹੀ ਪਾਕਿਸਤਾਨ ਵਾਂਗੂੰ ਝੋਲੀਓਂ ਦਿਮਾਗੋਂ ਖਾਲੀ ਸੀ ਪਰ ਹੈ ਰੱਜ ਕੇ ਅੜੀ ਖੋਰਾ ਸੀ। ਗੁਆਂਢੀਆਂ ਨੂੰ ਅਰਜਨ ਵਲੋਂ ਦਬਕੇ ਮਾਰਦੇ ਨੂੰ ਮੈਂ ਖੁਦ ਸੁਣਿਆ ਸੀ। 'ਅਖੇ ਭਾਵੇਂ ਖੇਤ ਮਾਲਕ ਤੋਂ ਲਏ ਗੋਡੀ ਦੇ ਅਤੇ ਉਧਾਰੇ ਚੁੱਕੇ ਰੁਪਏ ਪੁਲਿਸ ਚੌਕੀ ਭਰ ਕੇ ਖੁਦ ਭੁੱਖੇ ਢਿੱਡ ਵੀ ਕਿਉਂ ਨਾ ਸੌਣਾ ਪਵੇ ਪਰ ਤੇਰੇ ਜਿਹੇ ਗੁਆਂਢੀ ਐਰੇ-ਗੈਰੇ ਨੱਥੂ ਖੈਰੇ ਨੂੰ ਮੈਂ ਖੰਘਣ ਨਹੀਂ ਦੇਣਾ... ਤੇ ਉਹੀ ਗੱਲ ਪਾਕਿਸਤਾਨ ਦੀ ਹੈ... ਭਾਵੇਂ ਠੂਠਾ ਫੜ ਕੇ ਕਿਤੋਂ ਵੀ ਮੰਗਣਾ... ਕਿੰਨਾ ਵੀ ਕਰਜ਼ਾ... ਕਿੰਨੀ ਵੀ ਕੰਗਾਲੀ ਕਿਉਂ ਨਾ ਸਹੇੜਨੇ ਪੈਣ ਪਰ ਘੁੱਗ ਵਸਦੇ ਗੁਆਂਢੀ ਦੇਸ਼ ਭਾਰਤ ਅਤੇ ਭਾਰਤ ਵਾਸੀਆਂ ਨਾਲ ਸ਼ਰਾਰਤਬਾਜ਼ੀ, ਇੱਟ-ਖੜਿੱਕੇ ਤੋਂ ਬਾਜ਼ ਨਹੀਂ ਆਉਣਾ...।'
ਗੱਲ ਕੀ... ਬਜ਼ੁਰਗ ਨੰਬਰਦਾਰ ਸੁੰਦਰ ਸਿਹੁੰ ਵਲੋਂ ਐਨ ਮੌਕੇ ਮੁਤਾਬਿਕ ਢੁਕਵੀਂ ਵਿਅੰਗਮਈ ਮਿਸਾਲ ਦੇ ਲਗਾਏ ਤੜਕੇ ਮੁਹਾਰਤ ਸਦਕਾ ਹੁਣ ਸਮੁੱਚੀ ਸੱਥ 'ਚ ਹਾਸੇ ਭਰਿਆ ਮਾਹੌਲ ਪਸਰ ਗਿਆ ਸੀ।
-ਬ੍ਰਿਸਬੇਨ (ਆਸਟ੍ਰੇਲੀਆ)
ਮੋਬਾਈਲ : +61415049120