ਮੀਤੋ ਨੇ ਜਿਵੇਂ ਹੀ ਹਵੇਲੀ ਵਿਚ ਪੈਰ ਪਾਇਆ, ਜ਼ੈਲਦਾਰ ਠਠੰਬਰ ਗਿਆ, ਉਹਨੂੰ ਆਸ ਨਹੀਂ ਸੀ ਕਿ ਮੀਤੋ ਆਵੇਗੀ। ਮੀਤੋ ਪੋਲੇ ਪੈਰੀਂ ਵਰਾਂਡੇ ਵੜੀ, ਕਫਨ ਚੁੱਕਿਆ, ਰੱਜ ਰੋਈ, ਧਾਹਾਂ ਮਾਰੀਆਂ ਤੇ ਉਸ ਦੀ ਗੂੜੀ ਨੀਂਦੇ ਸੁੱਤੇ ਪਏ ਪੁੱਤ ਦਾ ਮੂੰਹ ਹੰਝੂਆਂ ਨਾਲ ਭਰ ਦਿੱਤਾ।
ਅੱਖਾਂ 'ਚੋਂ ਵਗਦਾ ਦਰਿਆ ਥੋੜ੍ਹਾ ਨੀਵਾਂ ਹੋਇਆ ਤਾਂ ਦੇਖਿਆ, ਜ਼ੈਲਦਾਰ ਹੱਥ ਜੋੜੀ ਖੜ੍ਹਾ ਸੀ, ਮੀਤੋ ਬੜੀ ਹਿੰਮਤ ਕਰ ਕੇ ਬੋਲੀ, 'ਜਿਹੜਾ ਸੇਕ ਤਾਹਨੂੰ ਅੱਜ ਲੱਗਿਆ, ਮੈਂ ਸਾਲ ਪਹਿਲਾਂ ਆਪਣੀ ਛਾਤੀ 'ਤੇ ਝੱਲ ਲਿਆ ਸੀ, ਪਰ ਉਹ ਸੇਕ ਨਿੱਤ ਸਾੜਦਾ, ਕੁਦਰਤੀ ਮੌਤ ਤੇ ਬੰਦਾ ਰੱਬ ਦਾ ਭਾਣਾ ਕਹਿ ਕੇ ਸਬਰ ਕਰ ਲੈਂਦਾ, ਪਰ ਜੇ ਪਤਾ ਲੱਗੇ ਕਿ ਅਸੀਂ ਕਿਸੇ ਕਰਕੇ ਆਪਣਾ ਜੀਅ ਗੁਆ ਲਿਆ, ਫਿਰ ਸਬਰ ਨੀਂ ਆਉਂਦਾ।'
ਬੜਾ ਲੰਮਾ ਹਓਕਾ ਭਰ ਉਹ ਫਿਰ ਬੋਲੀ, 'ਜਿੱਦਣ ਮੈਂ ਆਪਣਾ ਪੁੱਤ ਤੋਰਿਆ ਸੀ, ਤੇਰੇ ਘਰੇ ਉਲਾਂਭਾ ਲੈ ਕੇ ਆਈ ਸੀ ਕਿ ਤੇਰੇ ਲਾਲਚ ਨੇ ਮੇਰਾ ਪੁੱਤ ਖਾ ਲਿਆ, ਤਾਂ ਤੂੰ ਕਿਹਾ ਸੀ ਕਿ ਅਸੀਂ ਕਿਸੇ ਨੂੰ ਢਾਹ ਕੇ ਨਸ਼ਾ ਨੀਂ ਖਵਾਉਂਦੇ, ਜਿਹੜਾ ਮੰਗਦਾ ਏ, ਲਿਆ ਕੇ ਦੇ ਦੇਈਦਾ ਏ, ਤੂੰ ਮੇਰੇ ਪੁੱਤ ਨੂੰ ਢਾਹ ਕੇ ਨਹੀਂ ਖੁਆਇਆ ਤਾਂ ਆਪਣੇ ਨੂੰ ਕਿਹੜਾ ਖੁਆਇਆ ਹੋਣਾ, ਪਰ ਉਨ੍ਹੀਂ ਰਾਹੀਂ ਉਹ ਵੀ ਚਲਾ ਗਿਆ ਨਾ। ਹਵੇਲੀਆਂ ਦਿਆਂ ਮਾਲਕਾ, ਬਹਿ ਗਿਆ ਨਾ, ਅੱਜ ਖਾਲੀ ਹੋ ਕੇ।' ਮੀਤੋ ਦੇ ਹੰਝੂ ਫਿਰ ਹੜ ਹੜ੍ਹ ਗਏ। ਉਹ ਜ਼ੈਲਦਾਰ ਅੱਗੇ ਝੋਲੀ ਅੱਡ ਕੇ ਬੋਲੀ, 'ਮੈਨੂੰ ਇਕ ਗੱਲ ਦਾ ਜਵਾਬ ਦੇ, ਇਨ੍ਹਾਂ ਮਾਵਾਂ ਦੇ ਘਿਓ-ਮੱਖਣੀ ਖਾਣੇ ਪੁੱਤਰਾਂ ਨੂੰ ਨਸ਼ਿਆਂ ਦਾ, ਚਿੱਟਿਆਂ ਦਾ, ਕੈਪਸੂਲਾਂ ਦਾ ਪਤਾ ਕਿਥੋਂ ਲੱਗ ਜਾਂਦਾ, ਜੇ ਕੋਈ ਲਿਆਵੇ ਨਾ, ਵੇਚੇ ਨਾ, ਤਾਂ ਇਹ ਕਿਥੋਂ ਜਾ ਕੇ ਲੱਭਣਗੇ ਤੇ ਖਾਣਗੇ। ਤੇਰੇ ਵਰਗਾ ਖਾਨਦਾਨੀ ਅਮੀਰ ਬੰਦਾ ਤਾਂ ਇਲਾਕੇ ਵਿਚ ਵੀ ਕਿਸੇ ਨੂੰ ਐਦਾਂ ਦਾ ਮਾੜਾ ਕੰਮ ਨਾ ਕਰਨ ਦਿੰਦਾ, ਪਰ ਤੂੰ ਆਪ ਹੀ ਇਹ ਸਭ ਵੇਚਣ ਲੱਗ ਪਿਆ, ਕਾਹਦੇ ਲਈ, ਪੈਸੇ ਲਈ, ਹੁਣ ਦੱਸ ਕੀ ਕਰੇਂਗਾ ਪੈਸਾ, ਹਵੇਲੀ ਦੀਆਂ ਕੰਧਾਂ ਨਾਲ ਕੱਲਾ ਟੱਕਰਾਂ ਮਾਰਦਾ ਫਿਰੇਂਗਾ, ਮੈਂ ਮਾਂ ਆਂ ਮੈਨੂੰ ਤੇਰੇ ਪੁੱਤ ਦੇ ਜਾਣ ਦਾ ਵੀ ਓਨਾ ਹੀ ਦੁੱਖ ਏ, ਜਿੰਨਾ ਆਪਣੇ ਦਾ ਸੀ, ਮੈਂ ਤਾਂ ਜਿਵੇਂ ਕਿਵੇਂ ਝੱਲ ਲਿਆ, ਪਰ ਤੂੰ ਜਦੋਂ ਗਿਣਤੀਆਂ-ਮਿਣਤੀਆਂ ਕਰੇਂਗਾ, ਕਿੰਨੇ ਘਰਾਂ ਦੇ ਦੀਵੇ ਤੇਰੇ ਕਰਕੇ ਬੁਝ ਗਏ, ਤੂੰ ਜੀਵੇਂਗਾ ਕਿਵੇਂ, ਕੰਡੇ ਬੀਜ ਕੇ ਫੁੱਲ ਨੀਂ ਭਾਲੀਦੇ, ਮਾਂ ਦਾ ਢਿੱਡ ਕਿਸੇ ਦੇ ਵੀ ਬੱਚੇ ਨੂੰ ਬਦਦੁਆ ਨਹੀਂ ਦਿੰਦਾ, ਪਰ ਵਿਲਕਦੀਆਂ ਆਂਦਰਾਂ ਦੀ ਉਹ ਸੁਣਦਾ ਏ।'
ਐਨੀ ਗੱਲ ਬੋਲ ਮੀਤੋ ਬੂਹੇ ਤੋਂ ਬਾਹਰ ਹੋ ਗਈ, ਜ਼ੈਲਦਾਰ ਪਾਗਲਾਂ ਵਾਂਗੂੰ ਕਦੇ ਹਵੇਲੀ ਵੱਲ, ਕਦੇ ਕਫ਼ਨ 'ਚ ਲਪੇਟੇ ਪੁੱਤ ਵੱਲ ਤੇ ਕਦੇ ਖਾਲੀ ਹੋਏ ਹੱਥਾਂ ਵੱਲ ਝਾਕ ਰਿਹਾ ਸੀ।
-ਨਵਾਂ ਸ਼ਹਿਰ।
ਮੋਬਾਈਲ : 73409-23044