23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਰੀਝਾਂ

ਅਜੀਤ ਡੈਸਕ 21-09-2025

ਵਿਆਹ ਵੇਖਣ ਲਈ ਲਿਆਂਦੇ ਬੂਟ, ਉਸ ਨੇ ਬੜੇ ਚਾਅ ਨਾਲ ਦਿਖਾਏ ਤਾਂ ਸਾਰਾ ਟੱਬਰ ਗਲ਼ ਪੈ ਗਿਆ। ਇਹ ਬੂਟ ਕੋਈ ਤੁਹਾਡੇ ਪਾਉਣ ਵਾਲੇ ਨੇ? ਇਹ ਤਾਂ ਮੁੰਡਿਆਂ ਦੇ ਪਾਉਣ ਵਾਲੇ ਹਨ। ਸਿਆਣੇ ਬੰਦੇ ਨੂੰ ਇਵੇਂ ਦੇ ਸੋਹਣੇ ਲਗਦੇ ਭਲਾ? ਹਰਨਾਮ ਸਿੰਘ ਦਾ ਮਨ ਇਹ ਸੁਣ ਕੇ ਬਹੁਤ ਦੁਖੀ ਹੋਇਆ। ਕਿਉਂਕਿ ਉਸ ਨੇ ਤਾਂ ਬੜੀ ਰੀਝ ਨਾਲ, ਪੂਰੇ ਤਿੰਨ ਹਜ਼ਾਰ ਰੁਪਏ ਖਰਚ ਕੇ ਇਹ ਬੂਟ ਖਰੀਦੇ ਸਨ। ਦੁਖੀ ਹਿਰਦੇ ਨਾਲ ਉਹ ਪੈਰੀਂ ਉਹ ਉਨ੍ਹੀਂ ਪੈਰੀਂ ਵਾਪਸ ਕਰਨ ਚਲਾ ਗਿਆ। ਜਦ ਰਸਤੇ ਵਿਚ ਜਾ ਰਿਹਾ ਸੀ ਤਾਂ ਉਸ ਦਾ ਦੋਸਤ ਮਿਲਿਆ।
ਜਦ ਦੋਸਤ ਨੇ ਹਰਨਾਮ ਦਾ ਉਤਰਿਆ ਚਿਹਰਾ ਦੇਖਿਆ ਤਾਂ ਇਸ ਦਾ ਕਾਰਨ ਪੁੱਛਿਆ। ਹਰਨਾਮ ਨੇ ਬੂਟ ਕੱਢ ਕੇ ਵਿਖਾ ਦਿੱਤੇ ਅਤੇ ਨਾਲ ਹੀ ਸਾਰੀ ਕਥਾ ਵੀ ਸੁਣਾਈ। ਇਹ ਸਭ ਸੁਣ ਕੇ ਦੋਸਤ ਬੋਲਿਆ, 'ਯਾਰ ਇਹ ਕੋਈ ਜ਼ਿਆਦਾ ਵੱਡੀ ਗੱਲ ਤਾਂ ਨਹੀਂ, ਅੱਜਕਲ੍ਹ ਤਾਂ ਬੱਚੇ-ਬੁੱਢੇ, ਮੁੰਡੇ-ਕੁੜੀਆਂ, ਔਰਤਾਂ-ਮਰਦ ਸਭ ਇਕ-ਦੂਜੇ ਤੋਂ ਵਧ ਕੇ ਹਨ। ਅੱਜ ਦੇ ਵਿਗਿਆਨਕ ਯੁੱਗ ਵਿਚ ਕੌਣ ਜਵਾਨ ਅਤੇ ਕੌਣ ਬੁੱਢਾ? ਸਭ ਹੀ ਬਰਾਬਰ ਹਨ।' ਇਸ 'ਤੇ ਹਰਨਾਮ ਬੋਲਿਆ, 'ਨਹੀਂ ਯਾਰ! ਗੱਲ ਫੈਸ਼ਨ ਦੇ ਯੁੱਗ ਦੀ ਨਹੀਂ ਹੈ। ਜਦ ਮੈਂ ਜਵਾਨ ਸੀ, ਉਸ ਸਮੇਂ ਬਹੁਤ ਫਿਕਰਾਂ ਸਨ, ਛੋਟੀ ਭੈਣ ਦੇ ਵਿਆਹ ਦਾ ਫਿਕਰ, ਉਤੋਂ ਛੋਟੇ-ਛੋਟੇ ਧੀ-ਪੁੱਤ ਨੂੰ ਪੜ੍ਹਾਉਣ ਦਾ ਵੀ। ਉਸ ਸਮੇਂ ਤਾਂ ਪੰਜ ਰੁਪਿਆਂ ਦਾ ਭੁਜੀਆ ਖਾਣ ਲੱਗਿਆਂ ਵੀ ਸੋਚਦੇ ਸੀ। ਇਥੋਂ ਤੱਕ ਕਿ ਕੱਛੇ-ਬਨੈਣ ਵੀ ਜਦ ਖੁਦ ਆਪ ਤੌਬਾ ਕਰ ਜਾਂਦੇ ਸਨ, ਫਿਰ ਹੀ ਨਵੇਂ ਖਰੀਦਦੇ ਸੀ।'
ਪਰ ਹੁਣ ਤਾਂ ਧੀ-ਪੁੱਤ ਜਵਾਨ ਹੋ ਕੇ ਆਪ ਕਮਾਉਣ ਲੱਗ ਪਏ ਹਨ। ਘਰ ਦਾ ਖਰਚਾ ਵੀ ਚੁੱਕ ਰਹੇ ਹਨ। ਸੋ, ਇਸ ਲਈ ਹੁਣ ਆਪਣੇ-ਆਪ ਲਈ ਜਿਊਣ ਦੀ ਸੋਚੀਂ। ਇਵੇਂ ਦੇ ਬੂਟ ਜਵਾਨੀ ਵੇਲੇ ਤੋਂ ਹੀ ਬਹੁਤ ਪਸੰਦ ਸਨ। ਬਸ ਉਦੋਂ ਕਦੇ ਸਬੱਬ ਹੀ ਨਹੀਂ ਬਣਿਆ। ਇਸ ਲਈ ਸੋਚਿਆ ਕਿ ਚਲ ਹੁਣ। ਪਰ ਜਦ ਦਿਲ ਦੀ 'ਰੀਝ' ਪੁਰਾਣੀ ਤਾਂ ਉਹੀ ਬੱਚੇ ਅੱਜ ਗਲ ਪੈ ਗਏ, ਜਿਨ੍ਹਾਂ ਲਈ ਕਦੇ...। ਇਹ ਕਹਿ ਕੇ ਹਰਨਾਮ ਸਿੰਘ ਸਕੂਟਰ ਦੀ ਕਿੱਕ ਮਾਰਦਾ ਹੋਇਆ, ਵਾਪਸ ਸ਼ਹਿਰ ਵੱਲ ਚਲ ਪਿਆ।

-ਪਿੰਡ ਥਰੀਏਵਾਲ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ।
ਮੋਬਾਈਲ : 82890-51214

 

ਪਿਛਲੀ ਖ਼ਬਰ ਮਾਂ ਦਾ ਦਿਲ ਅਗਲੀ ਖ਼ਬਰ ਕਰਾਰੀ ਚਪੇੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।