23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਮਾਂ ਦਾ ਦਿਲ

ਅਜੀਤ ਡੈਸਕ 21-09-2025

ਕਿੰਨਾ ਖੁਸ਼ ਹੋਣਾ ਉੁਸ ਨੇ, ਨਿੱਤ ਰੋਜ਼ ਪੁੱਛਦੀ, 'ਤੇਰੀ ਬਦਲੀ ਨੇੜੇ ਕਦੋਂ ਹੋਊ..?' ਫੇਰ ਆਪੇ ਹੀ ਮੈਨੂੰ ਹੌਸਲਾ ਦੇਣਾ, 'ਕੋਈ ਨਾ, ਟੈਨਸ਼ਨ ਨਾ ਕਰਿਆ ਕਰ, ਹੋ 'ਜੂ ਬਦਲੀ ਵੀ ਪੁੱਤ ਛੇਤੀ... ਸ਼ੁਕਰ ਕਰਿਆ ਕਰ ਦਾਤੇ ਦਾ...ਨੌਕਰੀ ਮਿਲ ਗਈ ਤੈਨੂੰ... ਬਦਲੀ ਵੀ ਹੋ 'ਜੂ... ਵੇਖ ਕਿੰਨੇ ਲੋਕ ਆ ਜਿਹੜੇ ਨੌਕਰੀ ਨੂੰ ਵੀ ਤਰਸਦੇ ਪਏ ਆ...' ਮਾਂ ਨੇ ਆਪ ਮੁਹਾਰੇ ਹੀ ਅਸੀਸਾਂ ਦੀ ਝੜੀ ਲਗਾ ਦੇਣੀ। ਮਾਂ ਦੀਆਂ ਗੱਲਾਂ ਨਾਲ ਮੇਰਾ ਵੀ ਹੌਸਲਾ ਵਧਦਾ।
ਸਕੂਲ ਪਹੁੰਚਣ 'ਤੇ ਮੈਨੂੰ ਹਰ ਰੋਜ਼ ਫੋਨ 'ਤੇ ਪੁੱਛਣਾ, 'ਠੀਕ ਠਾਕ ਪਹੁੰਚ ਗਈ ਨਾ ਤੂੰ... ਕੋਈ ਤਕਲੀਫ਼ ਤਾਂ ਨੀ ਆਈ ਰਾਹ 'ਚ..?' ਫੇਰ ਸ਼ਾਮ ਨੂੰ ਘਰ ਪਰਤਣ 'ਤੇ ਵੀ ਮੇਰੀ ਸੁੱਖ ਸਾਂਦ ਪੁੱਛਣੀ। ਸਰਦੀਆਂ 'ਚ ਮੈਨੂੰ ਸਵੇਰੇ ਸੁਵਖਤੇ ਬੱਸ ਰਾਹੀਂ ਸਕੂਲ ਜਾਣਾ ਪੈਂਦਾ ਸੀ। ਬੱਸ ਵਿਚ ਵੀ ਮੈਂ ਦੂਰੋਂ ਸਕੂਲ ਜਾਣ ਵਾਲੀ ਇੱਕਲੀ ਹੁੰਦੀ। ਮਾਂ ਦੇ ਦਿਲ ਨੂੰ ਕਿੰਨੇ ਡੋਬੂ ਪੈਂਦੇ ਹੋਣੇ? ਕਿੰਨਾ ਫਿਕਰ ਸੀ ਉਸ ਨੂੰ ਮੇਰਾ? ਇਹ ਮਾਂ ਦਾ ਦਿੱਤੇ ਹੌਸਲੇ ਦੇ ਖੰਭ ਹੀ ਸਨ ਕਿ ਮੈਂ ਬਰਨਾਲੇ ਤੋਂ ਤਰਨਤਾਰਨ ਡਿਊਟੀ ਕਰ ਲਈ। ਸਕੂਲ ਦੀ ਹਰ ਗੱਲ ਦਾ ਜ਼ਿਕਰ ਮੈਂ ਮਾਂ ਨਾਲ ਜ਼ਰੂਰ ਕਰਨਾ। ਉਹ ਬਿਨਾਂ ਸ਼ਿਕਾਇਤ ਮੇਰੀ ਹਰ ਗੱਲ ਧਿਆਨ ਨਾਲ ਸੁਣਦੀ ਤੇ ਬਾਅਦ ਵਿਚ ਕਿੰਨੇ ਵਾਰੀ ਉਨ੍ਹਾਂ ਗੱਲਾਂ ਨੂੰ ਦੁਹਰਾਉਂਦੀ। ਮਾਂ ਦੀਆਂ ਗੱਲਾਂ ਵਿਚਲਾ ਨਿੱਘ ਮੈਨੂੰ ਹੋਰ ਵੀ ਚੰਗਾ ਲਗਦਾ।
ਮੇਰੀ ਬਦਲੀ ਤੋਂ ਕੁਝ ਦਿਨ ਪਹਿਲਾਂ ਹੀ ਮਾਂ ਅਚਾਨਕ ਜਹਾਨ ਤੋਂ ਤੁਰ ਗਈ। ਮਾਂ ਦੀਆਂ ਦੁਆਵਾਂ ਸਦਕਾ ਬਦਲੀ ਵੀ ਘਰ ਦੇ ਲਾਗਲੇ ਸਕੂਲ ਵਿਚ ਹੋ ਗਈ ਜਿਸ ਦੀ ਮਾਂ ਨੂੰ ਚਿਰੋਕੀ ਉਡੀਕ ਸੀ। ਮਾਂ ਨਾਲ ਕਰਨ ਵਾਲੀਆਂ ਕਿੰਨੀਆਂ ਹੀ ਗੱਲਾਂ ਮੇਰੇ ਮਨ ਅੰਦਰ ਰਹਿ ਗਈਆਂ। ਕਿੱਥੇ ਹਲਕਾ ਕਰਾਂ ਭਰਿਆ ਮਨ? ਮਾਂ ਦੇ ਫੋਨ ਦੀ ਉਡੀਕ ਅੱਜ ਵੀ ਰਹਿੰਦੀ ਹੈ। ਸੋਚਦੀ ਆਂ ਕਿੰਨਾ ਵੱਡਾ ਹੁੰਦੈ ਮਾਂਵਾਂ ਦਾ ਦਿਲ!

-ਪੰਜਾਬੀ ਮਿਸਟ੍ਰੈਸ, ਸ਼ਹੀਦ ਬੁੱਧੂ ਖਾਂ ਸ਼ੌਰਿਆ ਚੱਕਰਾ ਸ.ਸ.ਸ.ਸ. ਸਕੂਲ, ਸ਼ਹਿਣਾ (ਬਰਨਾਲਾ)
ਮੋਬਾਈਲ : 94656-97275

ਪਿਛਲੀ ਖ਼ਬਰ ਤਿੰਨ ਬੱਬਿਆਂ ਨੇ ਕਰਵਾਇਆ ਬਰੇਕਅੱਪ ਅਗਲੀ ਖ਼ਬਰ ਰੀਝਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।