ਮੰਡੀ ਕਿੱਲਿਆਂਵਾਲੀ, 29 ਅਗਸਤ (ਇਕਬਾਲ ਸਿੰਘ ਸ਼ਾਂਤ)-ਬੀਤੀ ਰਾਤ ਕੌਮੀ ਸ਼ਾਹ ਰਾਹ 9 'ਤੇ ਗੁਰੂ ਨਾਨਕ ਕਾਲਜ ਨੇੜੇ ਮੋਟਰਸਾਈਕਲ ਨਾਲ ਵਾਪਰੇ ਸੜਕ ਹਾਦਸੇ 'ਚ ਪਿੰਡ ਮਹਿਣਾ ਦੀ 55 ਸਾਲਾਂ ਗੁਰਵਿੰਦਰ ਕੌਰ ਦੀ ਮੌਤ ਹੋ ਗਈ, ਜਦ ਕਿ ਉਸ ਦਾ 35 ਸਾਲਾਂ ਪੁੱਤਰ ਸੰਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਏਮਜ਼ ਬਠਿੰਡਾ ਦਾਖ਼ਲ ਕਰਵਾਇਆ ਗਿਆ ਹੈ | ਜਾਣਕਾਰੀ ਮੁਤਾਬਕ ਗੁਰਵਿੰਦਰ ਕੌਰ ਡੱਬਵਾਲੀ ਦੇ ਹਸਪਤਾਲ ਵਿਚ ਉਸ ਦੇ ਜ਼ੇਰੇ ਇਲਾਜ ਪੁੱਤਰ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਵੱਲ ਜਾ ਰਹੀ ਸੀ | ਮੋਟਰਸਾਈਕਲ ਨੂੰ ਉਸ ਦਾ ਲੜਕਾ ਸੰਦੀਪ ਸਿੰਘ ਚਲਾ ਰਿਹਾ ਸੀ | ਇਸ ਦੌਰਾਨ ਉਨ੍ਹਾਂ ਦੇ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰੀ, ਜਿਸ ਕਾਰਨ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ | ਹਾਦਸੇ ਤੋਂ ਬਾਅਦ ਸੰਦੀਪ ਸਿੰਘ ਨੂੰ ਸਿਵਲ ਹਸਪਤਾਲ ਡੱਬਵਾਲੀ ਭੇਜਿਆ ਗਿਆ, ਜਿਥੇ ਡਾਕਟਰਾਂ ਨੇ ਗੁਰਵਿੰਦਰ ਕੌਰ ਨੂੰ ਮਿ੍ਤਕ ਐਲਾਨ ਦਿੱਤਾ | ਥਾਣਾ ਕਿੱਲਿਆਂਵਾਲੀ ਦੇ ਏ. ਐੱਸ. ਆਈ. ਮੋਹਨ ਸਿੰਘ ਨੇ ਦੱਸਿਆ ਕਿ ਮਿ੍ਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਤਹਿਤ ਲਾਸ਼ ਨੂੰ ਪੋਸਟਮਾਰਟਮ ਉਪਰੰਤ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ |