22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਹੱਡਾ ਰੋੜੀ ਨਾ ਹੋਣ ਕਾਰਨ ਸ੍ਰੀ ਮੁਕਤਸਰ ਸਾਹਿਬ ਦੇ ਆਸਪਾਸ ਦੀਆਂ ਸੜਕਾਂ 'ਤੇ ਸੁੱਟੇ ਜਾ ਰਹੇ ਹਨ ਮੁਰਦਾ ਪਸ਼ੂ <br/>

ਅਜੀਤ ਡੈਸਕ 21-09-2025

ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਨੇੜੇ-ਤੇੜੇ ਹੱਡਾ ਰੋੜੀ ਨਾ ਹੋਣ ਕਾਰਨ ਮੁਰਦਾ ਪਸ਼ੂਆਂ ਨੂੰ ਸੜਕਾਂ ਦੇ ਕਿਨਾਰਿਆਂ 'ਤੇ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਚਾਰ-ਚੁਫ਼ੇਰੇ ਬਦਬੂ ਫ਼ੈਲ ਰਹੀ ਹੈ ਅਤੇ ਰਾਹਗੀਰ ਬਹੁਤ ਪ੍ਰੇਸ਼ਾਨ ਹੁੰਦੇ ਹਨ | ਇਸ ਤੋਂ ਇਲਾਵਾ ਇੱਟਾਂ ਰੋੜਿਆਂ ਤੋਂ ਇਲਾਵਾ ਹੋਰ ਮਲਬਾ ਅਤੇ ਕੂੜਾ ਵੀ ਸ਼ਹਿਰ ਦੇ ਆਲੇ-ਦੁਆਲੇ ਦੀਆਂ ਸੜਕਾਂ ਦੇ ਕਿਨਾਰਿਆਂ 'ਤੇ ਸੁੱਟਿਆ ਜਾ ਰਿਹਾ ਹੈ | ਇਸ ਵੱਲ ਪ੍ਰਸ਼ਾਸਨ ਤੇ ਨਗਰ ਕੌਂਸਲ ਵਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਲੋਕ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ | ਸ੍ਰੀ ਮੁਕਤਸਰ ਸਾਹਿਬ ਦੀ ਮਲੋਟ ਰੋਡ ਦੇ ਡੇਰਾ ਬਿਆਸ ਕੋਲੋਂ ਬਠਿੰਡਾ ਰੋਡ ਨੂੰ ਜਾਂਦੇ ਬਾਈਪਾਸ ਨੂੰ ਕੂੜਾ ਘਰ ਬਣਾ ਕੇ ਰੱਖ ਦਿੱਤਾ ਗਿਆ | ਜਦੋਂ ਬਠਿੰਡਾ ਰੋਡ ਤੋਂ ਇਸ ਬਾਈਪਾਸ 'ਤੇ ਚੜ੍ਹਦੇ ਹਾਂ ਤਾਂ ਨਾਲ ਹੀ ਖਾਲੀ ਪਲਾਟਾਂ ਵਿਚ ਸਰਕਾਨਾ ਤੇ ਘਾਹ ਫੂਸ ਉਗਿਆ ਹੋਇਆ ਹੈ | ਇਸ ਦੀ ਆੜ ਵਿਚ ਸੜਕ ਦੇ ਕਿਨਾਰਿਆਂ 'ਤੇ ਮਰੇ ਹੋਏ ਪਸ਼ੂਆਂ ਨੂੰ ਸੁੱਟ ਦਿੱਤਾ ਜਾਂਦਾ ਹੈ, ਜਿਸ ਮਗਰੋਂ ਕੁੱਤੇ ਮੁਰਦਾ ਪਸ਼ੂਆਂ ਨੂੰ ਖਾਣ ਸਮੇਂ ਪਸ਼ੂਆਂ ਦੇ ਪਿੰਜਰ ਸੜਕ 'ਤੇ ਲੈ ਆਉਂਦੇ ਹਨ, ਜਿਸ ਨਾਲ ਆਵਾਜਾਈ ਵਿਚ ਅੜਿੱਕਾ ਬਣਦਾ ਹੈ | ਖੂੰਖਾਰ ਕੁੱਤੇ ਲੋਕਾਂ ਨੂੰ ਵੱਢਦੇ ਹਨ, ਕਈ ਘਟਨਾਵਾਂ ਵਾਪਰ ਚੁੱਕੀਆਂ ਹਨ | ਇਸ ਤੋਂ ਅੱਗੇ ਜਾ ਕੇ ਸੜਕ ਦੇ ਕਿਨਾਰਿਆਂ 'ਤੇ ਇੱਟਾਂ ਰੋੜਿਆਂ ਦੇ ਮਲਬਿਆਂ ਤੋਂ ਇਲਾਵਾ ਕੂੜਾ ਸੁੱਟ ਕੇ ਢੇਰ ਲਾਏ ਜਾ ਰਹੇ ਹਨ | ਇਹੀ ਹਾਲਾਤ ਹੋਰ ਸੜਕਾਂ ਦੇ ਹਨ | ਕੋਟਕਪੂਰਾ ਰੋਡ ਤੋਂ ਇਲਾਵਾ ਹੋਰ ਕਈ ਸੜਕਾਂ ਦੇ ਕਿਨਾਰਿਆਂ 'ਤੇ ਕੂੜੇ ਦੇ ਢੇਰ ਆਮ ਵੇਖਣ ਨੂੰ ਮਿਲਦੇ ਹਨ, ਜਿਸ ਕਰਕੇ ਸੜਕਾਂ ਦੇ ਬਰਮਾਂ 'ਤੇ ਟਾਲ ਦੇਣ ਲਈ ਵਾਹਨ ਵਾਲਿਆਂ ਕੋਲ ਕੋਈ ਚਾਰਾ ਨਹੀਂ ਹੁੰਦਾ, ਜਿਸ ਕਾਰਨ ਹਾਦਸੇ ਵਾਪਰਦੇ ਹਨ | ਸ਼ਹਿਰ ਦੀ ਫ਼ਿਰੋਜ਼ਪੁਰ ਰੋਡ 'ਤੇ ਬਹੁਤ ਸਮਾਂ ਪਹਿਲਾਂ ਹੱਡਾ ਰੋੜੀ ਹੁੰਦੀ ਸੀ, ਜਦੋਂ ਤੋਂ ਉਹ ਹੱਡਾ ਰੋੜੀ ਬੰਦ ਕੀਤੀ ਹੈ, ਪ੍ਰਸ਼ਾਸਨ ਅਤੇ ਨਗਰ ਕੌਂਸਲ ਨੇ ਉਸ ਮਗਰੋਂ ਕੋਈ ਹੱਲ ਨਹੀਂ ਕੱਢਿਆ ਅਤੇ ਮੁਰਦਾ ਪਸ਼ੂਆਂ ਨੂੰ ਮਜ਼ਬੂਰਨ ਲੋਕ ਸੜਕਾਂ 'ਤੇ ਸੁੱਟ ਦਿੰਦੇ ਹਨ | ਪਤਾ ਲੱਗਿਆ ਹੈ ਕਿ ਜਦੋਂ ਕੋਈ ਨਗਰ ਕੌਂਸਲ ਨੂੰ ਸੂਚਨਾ ਦਿੰਦਾ ਹੈ ਤਾਂ ਮੁਰਦਾ ਪਸ਼ੂ ਹੋਰ ਸ਼ਹਿਰਾਂ ਦੀਆਂ ਹੱਡਾਂ ਰੋੜੀਆਂ ਵਿਚ ਲਿਜਾਏ ਜਾਂਦੇ ਹਨ, ਪਰ ਕਈ ਲੋਕ ਇਸ ਝੰਜਟ ਵਿਚ ਪੈਣ ਦੀ ਬਜਾਏ ਸੜਕਾਂ 'ਤੇ ਸੁੱਟ ਕੇ ਆਪ ਤਾਂ ਚਲੇ ਜਾਂਦੇ ਹਨ, ਪਰ ਲੋਕਾਂ ਲਈ ਮੁਸੀਬਤ ਖੜ੍ਹੀ ਕਰ ਜਾਂਦੇ ਹਨ | ਇਸ ਤਰ੍ਹਾਂ ਹੀ ਕੂੜਾ ਸੁੱਟ ਦਿੱਤਾ ਜਾਂਦਾ ਹੈ | ਅਜਿਹਾ ਕਰਨ ਵਾਲਾ ਵਿਅਕਤੀ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਦਾ, ਜਿਸ ਦਾ ਖ਼ਮਿਆਜਾ ਸਾਰਿਆਂ ਨੂੰ ਭੁਗਤਣਾ ਪੈਂਦਾ ਹੈ | ਜਾਗਰੂਕ ਲੋਕਾਂ ਦੀ ਮੰਗ ਹੈ ਕਿ ਸ਼ਹਿਰ ਅਤੇ ਇਲਾਕੇ ਦੇ ਮੁਰਦਾ ਪਸ਼ੂ ਸੁੱਟਣ ਲਈ ਹੱਡਾ ਰੋੜੀ ਦਾ ਪ੍ਰਬੰਧ ਕੀਤਾ ਜਾਵੇ ਜਾਂ ਇਸ ਦਾ ਕੋਈ ਹੋਰ ਹੱਲ ਕੱਢਿਆ ਜਾਵੇ | ਇਸ ਤੋਂ ਇਲਾਵਾ ਸੜਕਾਂ ਦੇ ਕਿਨਾਰਿਆਂ 'ਤੇ ਕੂੜੇ ਦੇ ਢੇਰ ਚੁੱਕੇ ਜਾਣ ਅਤੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਜੋ ਮੁਸੀਬਤ ਝੱਲ ਰਹੇ ਲੋਕਾਂ ਨੂੰ ਅਜਿਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕੇ |

ਪਿਛਲੀ ਖ਼ਬਰ ਮਨਜਿੰਦਰ ਸਿੰਘ ਕਾਕਾ ਉੜਾਂਗ ਆੜ੍ਹਤੀ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਬਣੇ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਵੱਡਾ ਝਟਕਾ, ਦਰਜਨਾਂ ਪਰਿਵਾਰ ਕਾਂਗਰਸ 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।