ਮਲੋਟ, 20 ਸਤੰਬਰ (ਪਾਟਿਲ, ਅਜਮੇਰ ਸਿੰਘ ਬਰਾੜ)-ਖ਼ਰੀਦ ਸੀਜ਼ਨ ਦੌਰਾਨ ਕਿਸਾਨਾਂ ਦੀਆਂ ਫ਼ਸਲਾਂ ਨੂੰ ਖ਼ਰਾਬ ਮੌਸਮ ਤੋਂ ਬਚਾਉਣ ਲਈ ਮਲੋਟ ਹਲਕੇ ਦੀਆਂ ਅਨਾਜ ਮੰਡੀਆਂ 'ਚ ਸਟੀਲ ਕਵਰ ਸ਼ੈੱਡ ਬਣਾਏ ਜਾ ਰਹੇ ਹਨ | ਇਹ ਜਾਣਕਾਰੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਹਲਕੇ ਦੇ ਪਿੰਡ ਔਲਖ, ਸੰਮੇਵਾਲੀ ਤੇ ਬਾਂਮ ਦੀਆਂ ਅਨਾਜ ਮੰਡੀਆਂ 'ਚ ਬਣੇ ਸ਼ੈੱਡਾਂ ਦਾ ਪਿੰਡ ਵਾਸੀਆਂ ਵਲੋਂ ਆਪ ਹੀ ਉਦਘਾਟਨ ਕਰਨ ਮੌਕੇ ਕਰਵਾਏ ਸਮਾਗਮਾਂ 'ਚ ਆਨਲਾਈਨ ਵੀਡੀਓ ਕਾਲ ਰਾਹੀਂ ਜੁੜਨ ਮੌਕੇ ਕੀਤਾ | ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਸ਼ੈੱਡ ਤਿਆਰ ਹੋਣ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਨੂੰ ਖੁੱਲ੍ਹੇ ਅਸਮਾਨ ਹੇਠ ਰੱਖਣ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਅਤੇ ਫ਼ਸਲ ਦੇ ਸਟਾਕ ਨੂੰ ਮੌਸਮ ਦੇ ਅਸਰ ਤੋਂ ਬਚਾਇਆ ਜਾ ਸਕੇਗਾ | ਇਸ ਨਾਲ ਅਨਾਜ ਦੀ ਖ਼ਰਾਬੀ ਰੁਕੇਗੀ ਅਤੇ ਮੰਡੀਆਂ 'ਚ ਖ਼ਰੀਦ ਪ੍ਰਕਿਰਿਆ ਸੁਚਾਰੂ ਤਰੀਕੇ ਨਾਲ ਚੱਲ ਸਕੇਗੀ | ਇਨ੍ਹਾਂ ਕਾਰਜਾਂ ਦੀ ਸ਼ੁਰੂਆਤ ਮੌਕੇ ਐਕਸੀਅਨ ਲੋਕ ਨਿਰਮਾਣ ਵਿਭਾਗ ਵੀਨਜ ਗਰਗ, ਬਲਾਕ ਪ੍ਰਧਾਨ ਸਿਮਰਜੀਤ ਸਿੰਘ ਬਰਾੜ, ਬਲਾਕ ਪ੍ਰਧਾਨ ਲਾਭ ਸਿੰਘ, ਹਰਬੰਸ ਸਿੰਘ ਸੰਮੇਵਲੀ, ਗੁਰਸ਼ਰਨ ਸਿੰਘ, ਕੁਸ਼ੱਲਿਆ ਦੇਵੀ, ਮਨਪ੍ਰੀਤ ਸਿੰਘ ਜੇ.ਈ., ਅਮਨਦੀਪ ਸਿੰਘ ਜੇ.ਈ. ਨੇ ਕਰਵਾਈ | ਇਸ ਮੌਕੇ ਪਿੰਡਾਂ ਦੇ ਆਗੂ, ਪੰਚਾਇਤਾਂ ਅਤੇ ਪਤਵੰਤੇ ਹਾਜ਼ਰ ਸਨ |