ਮਲੋਟ, 20 ਸਤੰਬਰ (ਅਜਮੇਰ ਸਿੰਘ ਬਰਾੜ)-ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਵੇਂ ਪ੍ਰਧਾਨ ਦੀ ਚੋਣ ਬੜੀ ਦਿਲਚਸਪ ਹੁੰਦੀ ਜਾ ਰਹੀ ਹੈ | ਹੁਣ ਤੱਕ ਇਸ ਵਿਚ ਕੁੱਲ ਅੱਠ ਕਾਂਗਰਸੀ ਆਗੂਆਂ ਨੇ ਆਬਜ਼ਰਵਰਾਂ ਕੋਲ ਆਪਣੀ ਪ੍ਰਧਾਨ ਬਣਨ ਦੀ ਇੱਛਾ ਪ੍ਰਗਟਾਈ ਹੈ | ਜ਼ਿਲ੍ਹਾ ਆਬਜ਼ਰਵਰ ਸ੍ਰੀ ਵਿਕਾਰ ਰਸੂਲ ਵਾਣੀ ਜੋ ਜੰਮੂ ਕਸ਼ਮੀਰ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ, ਸਹਿ ਆਬਜ਼ਰਵਰ ਅੰਗਦ ਸੈਣੀ ਸਾਬਕਾ ਵਿਧਾਇਕ ਜਲੰਧਰ ਅਤੇ ਸਹਿ ਆਬਜ਼ਰਵਰ ਬਲਵੰਤ ਰਾਏ ਨਾਥ ਜੋ ਬਠਿੰਡਾ ਦੇ ਮੇਅਰ ਰਹਿ ਚੁੱਕੇ ਹਨ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਦੀ ਚੋਣ ਲਈ ਦੋ ਵੱਡੇ ਇਕੱਠ ਕਰ ਚੁੱਕੇ ਹਨ | ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਅਤੇ 6 ਉਮੀਦਵਾਰਾਂ ਦੀ ਇੰਟਰਵਿਊ ਵੀ ਹੋ ਚੁੱਕੀ ਹੈ | ਜ਼ਿਲ੍ਹਾ ਆਬਜ਼ਰਵਰ ਸ੍ਰੀ ਵਾਣੀ ਨੇ ਬਹੁਤ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਇਨ੍ਹਾਂ ਅੱਠ ਉਮੀਦਵਾਰਾਂ 'ਚੋਂ ਜ਼ਿਲ੍ਹਾ ਪ੍ਰਧਾਨ ਇਕ ਨੇ ਹੀ ਬਣਨਾ ਹੈ ਪਰ ਇਹ ਨਹੀਂ ਕਿ ਜਿਹੜੇ 7 ਨਹੀਂ ਬਣਨਗੇ ਉਹ ਕਾਂਗਰਸ ਦੇ ਆਗੂ ਨਹੀਂ ਰਹਿਣਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਜਾਂ ਹੋਰ ਅਹੁਦੇ ਦੇ ਕੇ ਨਿਵਾਜਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਕੋਈ ਵੀ ਜੋ ਜ਼ਿਲ੍ਹਾ ਪ੍ਰਧਾਨ ਬਣੇਗਾ ਉਹ ਵਿਧਾਨ ਸਭਾ ਹਲਕੇ ਦੀ ਚੋਣ ਲੜ ਸਕਦਾ ਹੈ | ਜ਼ਿਲ੍ਹਾ ਪ੍ਰਧਾਨ 'ਤੇ ਚੋਣ ਨਾ ਲੜਨ ਦੀ ਕੋਈ ਪਾਬੰਦੀ ਨਹੀਂ ਹੈ | ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਣਨ ਵਾਲਿਆਂ 'ਚ ਮਜ਼ਬੂਤ ਸਿਆਸੀ ਪਿਛੋਕੜ ਵਾਲੇ ਫ਼ਤਿਹ ਸਿੰਘ ਬਾਦਲ ਨੇ ਜ਼ਿਲ੍ਹਾ ਪ੍ਰਧਾਨ ਬਣਨ ਦੀ ਇੱਛਾ ਪ੍ਰਗਟਾਈ ਹੈ | ਇਸ ਤੋਂ ਇਲਾਵਾ ਪਿਛਲੇ ਤਿੰਨ ਸਾਲਾਂ ਤੋਂ ਕਾਂਗਰਸ ਪਾਰਟੀ ਦੇ ਜ਼ਿਲ੍ਹੇ ਦੀ ਪ੍ਰਧਾਨਗੀ ਕਰ ਰਹੇ ਸ਼ੁਭਦੀਪ ਸਿੰਘ ਬਿੱਟੂ ਜੋ ਤਿੰਨ ਵਾਰ ਨਗਰ ਕੌਂਸਲਰ ਤੇ ਨਗਰ ਕੌਂਸਲ ਮਲੋਟ ਦੇ ਪ੍ਰਧਾਨ ਹਨ, ਨੇ ਵੀ ਦੁਬਾਰਾ ਇਹ ਅਹੁਦਾ ਪ੍ਰਾਪਤ ਕਰਨ ਲਈ ਆਪਣੀ ਅਰਜ਼ੀ ਦਿੱਤੀ ਹੈ | ਬਾਰ ਐਸੋਸੀਏਸ਼ਨ ਮਲੋਟ ਦੇ ਸਬਕਾ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਹਲਕਾ ਕੋਆਰਡੀਨੇਟਰ ਐਡਵੋਕੇਟ ਜਸਪਾਲ ਸਿੰਘ ਔਲਖ ਵੀ ਹਨ, ਨੇ ਵੀ ਜ਼ਿਲ੍ਹਾ ਪ੍ਰਧਾਨਗੀ ਦੀ ਇੱਛਾ ਪ੍ਰਗਟਾਈ ਹੈ | ਇਸ ਤੋਂ ਇਲਾਵਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਹੇ ਚਰਨਜੀਤ ਸਿੰਘ ਬਾਮ ਜੋ ਕਿ ਕਾਂਗਰਸੀ ਆਗੂ ਵੀ ਹਨ, ਨੇ ਵੀ ਆਪਣੇ ਕਾਗਜ਼ ਅੱਜ ਜ਼ਿਲ੍ਹਾ ਕਮੇਟੀ ਕੋਲ ਦਿੱਤੇ ਹਨ | ਚਾਰ ਹੋਰ ਕਾਂਗਰਸੀ ਆਗੂਆਂ ਵਲੋਂ ਵੀ ਜ਼ਿਲ੍ਹਾ ਪ੍ਰਧਾਨਗੀ ਲਈ ਜ਼ੋਰ ਅਜਮਾਈ ਕੀਤੀ ਜਾ ਰਹੀ ਹੈ | ਇਸ ਵਾਰ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਕੌਣ ਬਣੇਗਾ ਇਸ ਬਾਰੇ ਨਿੱਤ ਹੀ ਨਵੀਆਂ ਨਵੀਆਂ ਕਿਆਸਰਾਈਆਂ ਕੀਤੀਆਂ ਜਾ ਰਹੀਆਂ ਹਨ ਪਰ ਕੁਝ ਵੱਡੇ ਚਿਹਰੇ ਆਉਣ ਨਾਲ ਇਹ ਚੋਣ ਦਿਲਚਸਪ ਬਣ ਗਈ ਹੈ |