21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਜ਼ਿਲ੍ਹਾ ਕਾਂਗਰਸ ਮਾਨਸਾ ਦੀ ਪ੍ਰਧਾਨਗੀ ਲਈ ਪੈਨਲ 'ਚ 6 ਉਮੀਦਵਾਰਾਂ ਦਾ ਨਾਂਅ ਹਾਈਕਮਾਨ ਨੂੰ ਭੇਜਿਆ ਜਾਵੇਗਾ-ਅਨਿਲ ਚੌਧਰੀ

ਮਾਨਸਾ ਵਿਖੇ ਕਾਂਗਰਸ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਨਿਗਰਾਨ ਅਨਿਲ ਚੌਧਰੀ, ਮੰਚ 'ਤੇ ਜ਼ਿਲ੍ਹਾ ਲੀਡਰਸ਼ਿਪ ਤੇ ਹੋਰ (ਹੇਠਾਂ) ਜੁੜੇ ਕਾਂਗਰਸੀ | ਤਸਵੀਰਾਂ : ਸੇਮੀ ਮਾਨਸਾ <br/> 21-09-2025
ਮਾਨਸਾ, 20 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਕਾਂਗਰਸ ਹਾਈਕਮਾਨ ਵਲੋਂ ਰਾਜ 'ਚ ਸੰਗਠਨ ਸਿਰਜਣ ਅਭਿਆਨ ਤਹਿਤ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਇਸੇ ਦੇ ਮੱਦੇਨਜ਼ਰ ਪਾਰਟੀ ਵਲੋਂ ਜ਼ਿਲ੍ਹਾ ਮਾਨਸਾ ਦੇ ਲਗਾਏ ਗਏ ਨਿਗਰਾਨ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਨਿਲ ਚੌਧਰੀ ਨੇ ਸਥਾਨਕ ਫੋਰ ਸੀਜ਼ਨ ਹੋਟਲ 'ਚ ਬੀਤੇ ਕੱਲ੍ਹ ਜ਼ਿਲ੍ਹਾ ਲੀਡਰਸ਼ਿਪ ਨਾਲ ਮੀਟਿੰਗ ਕੀਤੀ | ਸਾਬਕਾ ਵਿਧਾਇਕ ਸ੍ਰੀ ਚੌਧਰੀ ਦਿੱਲੀ ਕਾਂਗਰਸ ਦੇ ਪ੍ਰਧਾਨ ਵੀ ਰਹੇ ਹਨ | ਉਨ੍ਹਾਂ ਨਾਲ ਪ੍ਰਦੇਸ਼ ਕਾਂਗਰਸ ਵਲੋਂ ਲਗਾਏ ਕੋਆਰਡੀਨੇਟਰ ਤੇ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਪਵਨ ਕੁਮਾਰ ਗੋਇਲ ਜੈਤੋ ਤੇ ਅਵਤਾਰ ਸਿੰਘ ਗੋਨਿਆਣਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਪਾਰਟੀ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਕਿਹਾ ਕਿ ਇੱਕਮੁੱਠ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਵੇ ਤਾਂ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਹੋ ਸਕੇ | ਸ੍ਰੀ ਚੌਧਰੀ ਨੇ ਪਾਰਟੀ ਦੇ ਵਰਕਰਾਂ ਦੇ ਵਿਚਾਰ ਜਾਣਨ ਦੇ ਨਾਲ ਹੀ ਸਲਾਹ ਨਿੱਜੀ ਤੌਰ 'ਤੇ ਲਈ | ਉਨ੍ਹਾਂ ਆਖਿਆ ਕਿ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਵੇਗੀ | ਸ੍ਰੀ ਚੌਧਰੀ ਤੇ ਕੋਆਰਡੀਨੇਟਰ ਨੇ ਅੱਜ ਬਲਾਕ ਬੁਢਲਾਡਾ ਤੇ ਬਰੇਟਾ ਦੇ ਵਰਕਰਾਂ ਦੀਆਂ ਭਾਵਨਾਵਾਂ ਜਾਣੀਆਂ ਅਤੇ 21 ਸਤੰਬਰ ਨੂੰ ਬਲਾਕ ਸਰਦੂਲਗੜ੍ਹ ਤੇ ਝੁਨੀਰ ਦੇ ਕਾਰਕੁਨਾਂ ਨਾਲ ਵੀ ਵਿਚਾਰ ਵਟਾਂਦਰਾ ਕਰਨਗੇ | ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੇ ਸਾਬਕਾ ਵਿਧਾਇਕ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜਣ ਵਾਲੀ ਜਮਾਤ ਹੈ, ਜਿਸ ਕਰ ਕੇ ਉਸ ਨੇ ਪਹਿਲਾਂ ਦਿੱਲੀ 'ਚ ਮਾਰ ਖਾਧੀ ਹੈ ਅਤੇ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਵੀ 'ਆਪ' ਨੂੰ ਹਾਰ ਦਾ ਮੂੰਹ ਵੇਖਣਾ ਪਵੇਗਾ ਕਿਉਂਕਿ ਪੰਜਾਬ ਵਾਸੀਆਂ ਨਾਲ ਕੀਤੀਆਂ ਗਰੰਟੀਆਂ ਨੂੰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰਾ ਨਹੀਂ ਕੀਤਾ | ਕਾਬਲੇ ਗ਼ੌਰ ਰਹੇ ਕਿ ਜ਼ਿਲ੍ਹੇ 'ਚ 3 ਵਿਧਾਨ ਸਭਾ ਹਲਕੇ ਮਾਨਸਾ, ਬੁਢਲਾਡਾ ਤੇ ਸਰਦੂਲਗੜ੍ਹ ਪੈਂਦੇ ਹਨ | ਜ਼ਿਲ੍ਹਾ ਪ੍ਰਧਾਨਗੀ ਲਈ ਡੇਢ ਦਰਜਨ ਤੋਂ ਵਧੇਰੇ ਦਾਅਵੇਦਾਰ ਪੱਬਾਂ ਭਾਰ ਹੋਏ ਫਿਰਦੇ ਹਨ, ਜੋ ਪ੍ਰੋਫਾਰਮੇ ਭਰ ਕੇ ਨਿਗਰਾਨ ਤੇ ਟੀਮ ਨੂੰ ਸੌਂਪਣਗੇ | 'ਅਜੀਤ' ਵਲੋਂ ਸ੍ਰੀ ਚੌਧਰੀ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਪ੍ਰਧਾਨਗੀ ਪੈਨਲ 'ਚ ਕਿੰਨੇ ਉਮੀਦਵਾਰਾਂ ਦੇ ਨਾਂਅ ਭੇਜੇ ਜਾਣਗੇ ਤਾਂ ਉਨ੍ਹਾਂ ਸਪਸ਼ਟ ਕਿਹਾ ਕਿ ਵਰਕਰਾਂ ਦੀ ਰਾਏ ਲੈਣ ਉਪਰੰਤ 6 ਉਮੀਦਵਾਰਾਂ ਦੇ ਨਾਂਅ ਹਾਈਕਮਾਨ ਨੂੰ ਸਿਫ਼ਾਰਿਸ਼ ਕੀਤੇ ਜਾਣਗੇ | ਉਨ੍ਹਾਂ ਹੋਰ ਦੱਸਿਆ ਕਿ 10 ਅਕਤੂਬਰ ਤੱਕ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ | ਸ੍ਰੀ ਚੌਧਰੀ ਅਕਤੂਬਰ ਦੇ ਪਹਿਲੇ ਹਫ਼ਤੇ ਮਾਨਸਾ ਤੇ ਭੀਖੀ ਬਲਾਕ ਦੇ ਵਰਕਰਾਂ ਨਾਲ ਵੀ ਮੀਟਿੰਗ ਕਰਨਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ, ਬਲਕੌਰ ਸਿੰਘ ਸਿੱਧੂ, ਬਿਕਰਮ ਸਿੰਘ ਮੋਫ਼ਰ, ਡਾ. ਰਣਵੀਰ ਕੌਰ ਮੀਆਂ, ਕੁਲਵੰਤ ਰਾਏ ਸਿੰਗਲਾ, ਜੀਵਨ ਦਾਸ ਬਾਵਾ, ਰਣਜੀਤ ਸਿੰਘ ਦੋਦੜਾ, ਡਾ. ਮਨਜੀਤ ਸਿੰਘ ਰਾਣਾ, ਬਲਵਿੰਦਰ ਨਾਰੰਗ, ਪਿ੍ਤਪਾਲ ਸਿੰਘ ਡਾਲੀ, ਅਮਰੀਕ ਸਿੰਘ ਝੁਨੀਰ, ਸੱਤਪਾਲ ਸਿੰਘ ਮੂਲੇਵਾਲਾ, ਗੁਰਪ੍ਰੀਤ ਸਿੰਘ ਵਿੱਕੀ, ਲਾਜਪਤ ਰਾਏ ਸ਼ਰਮਾ, ਰਾਮ ਸਿੰਘ ਸਰਦੂਲਗੜ੍ਹ, ਐਡਵੋਕੇਟ ਬਲਕਰਨ ਸਿੰਘ ਬੱਲੀ, ਅੰਮਿ੍ਤਪਾਲ ਸਿੰਘ ਕੂਕਾ, ਸੱਤਪਾਲ ਵਰਮਾ, ਸੁਰੇਸ਼ ਕੁਮਾਰ ਨੰਦਗੜ੍ਹੀਆ, ਹਰਪ੍ਰੀਤ ਸਿੰਘ ਪਿਆਰੀ, ਹਰਬੰਸ ਸਿੰਘ ਖਿੱਪਲ, ਲਛਮਣ ਸਿੰਘ ਗੰਢੂਆਂ, ਕੇਸਰ ਸਿੰਘ ਧਲੇਵਾਂ, ਪ੍ਰਗਟ ਸਿੰਘ ਖੀਵਾ, ਹਰਬੰਸ ਸਿੰਘ ਗਾਗੋਵਾਲ, ਜਸਵੰਤ ਚਹਿਲ ਮੱਤੀ, ਰੁਪਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹੁਣ ਸਾਈਬਰ ਅਪਰਾਧੀਆਂ ਵਲੋਂ ਪੈਨਸ਼ਨਰਾਂ ਦੇ ਖਾਤੇ ਸਾਫ਼ ਕੀਤੇ ਜਾਣ ਲੱਗੇ ਅਗਲੀ ਖ਼ਬਰ ਖ਼ਰਾਬ ਹੋਈਆਂ ਫ਼ਸਲਾਂ ਦਾ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।