ਕਪੂਰਥਲਾ, 29 ਅਗਸਤ (ਅਮਰਜੀਤ ਕੋਮਲ)-ਕਪੂਰਥਲਾ ਸਬ ਡਵੀਜ਼ਨ ਦੇ ਹੜ੍ਹ ਪ੍ਰਭਾਵਿਤ ਪਿੰਡਾਂ, ਬਾਘੂਵਾਲ, ਕੰਮੇਵਾਲ ਤੇ ਹੋਰ ਪਿੰਡਾਂ ਦੇ ਲੋਕਾਂ ਜੋ ਦਰਿਆ ਬਿਆਸ ਦੇ ਐਡਵਾਂਸ ਧੁੱਸੀ ਬੰਨ੍ਹ 'ਤੇ ਤੰਬੂ ਲਗਾ ਕੇ ਬੈਠੇ ਹਨ, ਨੂੰ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਦੇ ਮੁੱਖ ਸੇਵਾਦਾਰ ਬਾਬਾ ਲੀਡਰ ਸਿੰਘ ਦੀ ਦੇਖ ਰੇਖ ਹੇਠ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵਲੋਂ ਪਿਛਲੇ 15 ਦਿਨਾਂ ਤੋਂ ਰੋਜ਼ਾਨਾ ਸਵੇਰੇ ਸ਼ਾਮ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ ਹੈ | ਬਾਬਾ ਲੀਡਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਗੁਰਦੁਆਰਾ ਸਾਹਿਬ ਵਿਚ ਬੀਬੀਆਂ ਵਲੋਂ 200 ਤੋਂ ਵੱਧ ਲੋਕਾਂ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ ਤੇ ਬਾਅਦ ਵਿਚ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਇਹ ਲੰਗਰ ਤਕਸੀਮ ਕਰਨ ਲਈ ਗੁਰਦੁਆਰਾ ਸਾਹਿਬ ਦੀਆਂ ਗੱਡੀਆਂ 'ਤੇ ਵੱਖ-ਵੱਖ ਥਾਵਾਂ ਵੱਲ ਰਵਾਨਾ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਐਡਵਾਂਸ ਧੁੱਸੀ ਬੰਨ੍ਹਾਂ 'ਤੇ ਬੈਠੇ ਲੋਕ ਆਪਣੇ ਘਰਾਂ ਨੂੰ ਨਹੀਂ ਜਾਂਦੇ, ਉਨੀ ਦੇਰ ਤੱਕ ਗੁਰਦੁਆਰਾ ਸਾਹਿਬ ਵਲੋਂ ਨਿਰੰਤਰ ਲੰਗਰ ਦੀ ਸੇਵਾ ਕੀਤੀ ਜਾਵੇਗੀ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਲੰਗਰ ਦੀ ਸੇਵਾ ਵਿਚ ਬਣਦਾ ਯੋਗਦਾਨ ਪਾਉਣ ਤਾਂ ਜੋ ਗੁਰੂ ਕੇ ਲੰਗਰ ਨਿਰੰਤਰ ਜਾਰੀ ਰੱਖੇ ਜਾ ਸਕਣ | ਉਨ੍ਹਾਂ ਦਾਨੀ ਸੱਜਣਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਸ ਸੰਕਟ ਦੀ ਘੜੀ ਵਿਚ ਅੱਗੇ ਆਉਣ ਤੇ ਹੜ੍ਹ ਪੀੜਤਾਂ ਦੀ ਸਾਰ ਲੈਣ |