ਸੁਲਤਾਨਪੁਰ ਲੋਧੀ, 29 ਅਗਸਤ (ਨਰੇਸ਼ ਹੈਪੀ, ਥਿੰਦ)-ਡੈਮਾਂ 'ਚੋਂ ਪਾਣੀ ਛੱਡੇ ਜਾਣ ਕਾਰਨ ਦਰਿਆ ਬਿਆਸ 'ਚ ਪਾਣੀ ਦਾ ਪੱਧਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਲਗਾਤਾਰ ਡਰਾਈ ਜਾ ਰਿਹਾ ਹੈ | ਮੰਡ ਖੇਤਰ ਚ ਇਸ ਮੌਕੇ ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਪ੍ਰਸ਼ਾਸਨ ਨੂੰ ਪਿੰਡਾਂ ਨੂੰ ਖਾਲੀ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਫੌਜ ਨੇ ਕਮਾਨ ਸੰਭਾਲ ਲਈ ਹੈ | ਫੌਜ ਦੇ ਜਵਾਨ ਮੰਡ ਖੇਤਰ ਦੇ ਪਾਣੀ ਵਿੱਚ ਜਾ ਕੇ ਲੋਕਾਂ ਨੂੰ ਰੈਸਕਿਊ ਕਰਨ ਵਿੱਚ ਲੱਗੇ ਹੋਏ ਹਨ | ਪ੍ਰਸ਼ਾਸਨ ਤੇ ਸਰਕਾਰ ਦੇ ਦਾਅਵੇ ਨੂੰ ਦਰਕਿਨਾਰ ਕਰਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ, ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ, ਕੁਲਦੀਪ ਸਿੰਘ ਸਾਗਰਾਂ ਆਦਿ ਕਰੀਬ 20 ਦਿਨਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ | ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਲਈ ਪਿੰਡ ਲੱਖ ਵਰਿਆਂਹ ਵਿੱਚ ਲਗਾਏ ਗਏ ਰਾਹਤ ਕੈਂਪ ਵਿੱਚ ਸੁਵਿਧਾਵਾਂ ਦੀ ਬਹੁਤ ਘਾਟ ਹੈ | ਹੜ੍ਹ ਪੀੜਤਾਂ ਨੇ ਦੱਸਿਆ ਕਿ ਕੈਂਪ ਨੂੰ ਜਾਣ ਵਾਲੇ ਰਸਤੇ ਵਿੱਚ ਚਿੱਕੜ ਤੇ ਗਾਰਾ ਭਰਿਆ ਹੋਇਆ ਹੈ ਅਤੇ ਬਾਥਰੂਮਾਂ ਦੀ ਹਾਲਤ ਬੇਹੱਦ ਖ਼ਰਾਬ ਹੈ | ਇਕ ਹੜ੍ਹ ਪੀੜਤਾਂ ਨੇ ਦੱਸਿਆ ਕਿ ਰਾਤ ਨੂੰ ਕੋਈ ਵੀ ਔਰਤਾਂ ਲਈ ਸੁਰੱਖਿਆ ਨਹੀਂ ਹੈ, ਉਹ ਆਪਣੀ ਜਵਾਨ ਧੀ ਨਾਲ ਰਹਿ ਰਹੀ ਹੈ | ਉਸ ਨੇ ਕਿਹਾ ਕਿ ਇੱਥੇ ਖਾਣ ਪੀਣ ਲਈ ਵੀ ਢੁਕਵੇਂ ਪ੍ਰਬੰਧ ਨਹੀਂ ਹਨ | ਉਸਨੇ ਸਮਾਜ ਸੇਵੀ ਸੰਸਥਾ ਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਸ ਦਾ ਸਭ ਕੁਝ ਉੱਜੜ ਗਿਆ ਹੈ ਤੇ ਉਸਦੀ ਮਦਦ ਕੀਤੀ ਜਾਵੇ | ਉਸਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵੀ ਸਰਕਾਰੀ ਪੈੱ੍ਰਸ ਨੋਟ ਭੇਜ ਕੇ ਤਸਵੀਰਾਂ ਖਿਚਵਾ ਕੇ ਸਰਕਾਰ ਅਤੇ ਲੋਕਾਂ ਅੱਗੇ ਸਾਰੇ ਪ੍ਰਬੰਧ ਕਰਨ ਦੇ ਦਾਅਵੇ ਕਰ ਰਿਹਾ ਹੈ | ਹੜ੍ਹ ਪੀੜਿਤ ਸੰਘਰਸ਼ ਕਮੇਟੀ ਦੇ ਪ੍ਰਮੁੱਖ ਕਿਸਾਨ ਆਗੂ ਕੁਲਦੀਪ ਸਿੰਘ ਸਾਗਰਾਂ ਨੇ ਰਾਹਤ ਕੈਂਪਾਂ ਬਾਰੇ ਸਚਾਈ ਦੱਸਦਿਆਂ ਕਿਹਾ ਕਿ ਜਦੋਂ ਰਾਹਤ ਸਮਗਰੀ ਲੈ ਕੇ ਕੋਈ ਦਾਨੀ ਸੱਜਣ ਟਰਾਲੀ ਜਾਂ ਕਿਸੇ ਹੋਰ ਵਾਹਨ ਰਾਹੀਂ ਆਉਂਦਾ ਹੈ ਤਾਂ ਪ੍ਰਸ਼ਾਸਨ ਦੇ ਮੁਲਾਜ਼ਮ ਉਸ ਨੂੰ ਰੋਕ ਕੇ ਸਰਕਾਰੀ ਰਾਹਤ ਕੈਂਪ ਵਿੱਚ ਲੈ ਕੇ ਜਾਣ ਲਈ ਕਹਿੰਦੇ ਹਨ ਤਾਂ ਕਿ ਪ੍ਰਸ਼ਾਸਨ ਇਹ ਸਾਬਤ ਕਰ ਸਕੀਏ ਕਿ ਅਸੀਂ ਲੋਕਾਂ ਦੀ ਬਹੁਤ ਸੇਵਾ ਕਰ ਰਹੇ ਹਾਂ | ਦੂਜੇ ਪਾਸੇ ਐਮ ਪੀ ਭਾਈ ਅੰਮਿ੍ਤਪਾਲ ਸਿੰਘ ਦਾ ਕੈਂਪ ਲੱਗਿਆ ਹੋਇਆ ਹੈ | ਉਨ੍ਹਾਂ ਨੂੰ ਸਾਡੇ ਵਲੋਂ ਹੱਥ ਜੋੜ ਕੇ ਬੇਨਤੀ ਕੀਤੀ ਗਈ ਕਿ ਹੜ੍ਹ ਪੀੜਤ ਲੋਕਾਂ ਨੂੰ ਰਾਸ਼ਨ ਸਮਗਰੀ ਵੰਡਣ ਸਮੇਂ ਲੋਕਲ ਕਮੇਟੀ ਦੀ ਮਦਦ ਲਈ ਜਾਵੇ ਤਾਂ ਕਿ ਅਸੀਂ ਦੱਸੀਏ ਕਿ ਇਹ ਸੱਚਮੁੱਚ ਹੜ੍ਹ ਪੀੜਿਤ ਹੈ ਜਾਂ ਨਹੀਂ ਪ੍ਰੰਤੂ ਉਹ ਜਿਹੜਾ ਵੀ ਜਾਂਦਾ ਹੈ, ਉਸ ਨੂੰ ਰਾਹਤ ਸਮਗਰੀ ਵੰਡ ਰਹੇ ਹਨ ਅਤੇ ਪੀੜਤ ਲੋਕ ਇਸ ਤੋਂ ਵਾਂਝੇ ਰਹਿ ਜਾਂਦੇ ਹਨ | ਹੜ੍ਹ ਦੇ ਨਾਲ ਹੋਈ ਇਸ ਤਬਾਹੀ ਲਈ ਉਨ੍ਹਾਂ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਗੈਰ ਜ਼ਿੰਮੇਵਾਰੀ ਮੈਨੇਜਮੈਂਟ ਨੂੰ ਜ਼ਿੰਮੇਵਾਰ ਠਹਿਰਾਇਆ | ਉਨ੍ਹਾਂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਇਲਾਵਾ ਦਾਨੀ ਸੱਜਣਾਂ ਨੂੰ ਵੀ ਅਪੀਲ ਕੀਤੀ ਕਿ ਸਾਡੀ ਮਦਦ ਕੀਤੀ ਜਾਵੇ |