14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਜ਼ਿਲ੍ਹੇ ਦੇ ਮੰਡ ਖੇਤਰਾਂ 'ਚ ਸਥਿਤੀ ਅਜੇ ਵੀ ਗੰਭੀਰ, ਦਰਿਆ 'ਚ ਵਧ ਰਹੇ ਪਾਣੀ ਦੇ ਪੱਧਰ ਤੋਂ ਲੋਕ ਚਿੰਤਤ

ਅਜੀਤ ਡੈਸਕ 31-08-2025

ਲੋਕਾਂ ਦੀ ਮਦਦ ਲਈ ਫ਼ੌਜ ਨੇ ਪਿੰਡ ਬਾਘੂਵਾਲ ਨੇੜੇ ਮੋਰਚਾ ਸੰਭਾਲਿਆ
ਕਪੂਰਥਲਾ, 30 ਅਗਸਤ (ਅਮਰਜੀਤ ਕੋਮਲ)- ਪਹਾੜੀ ਖੇਤਰਾਂ ਵਿਚ ਹੋ ਰਹੀ ਜ਼ੋਰਦਾਰ ਬਾਰਿਸ਼, ਚੱਕੀ ਦਰਿਆ ਤੇ ਪੌਂਗ ਡੈਮ ਵਿਚੋਂ ਨਿਰੰਤਰ ਦਰਿਆ ਬਿਆਸ ਵਿਚ ਪਾਣੀ ਛੱਡੇ ਜਾਣ ਕਾਰਨ ਜ਼ਿਲ੍ਹੇ ਦੀਆਂ ਕਪੂਰਥਲਾ, ਸੁਲਤਾਨਪੁਰ ਲੋਧੀ ਤੇ ਭੁਲੱਥ ਸਬ ਡਵੀਜ਼ਨਾਂ ਦੇ ਮੰਡ ਖੇਤਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ | ਹੜ੍ਹ ਕਾਰਨ ਆਪਣੇ ਘਰ ਛੱਡ ਕੇ ਐਡਵਾਂਸ ਧੁੱਸੀ ਬੰਨ੍ਹ 'ਤੇ ਤੰਬੂ ਲਗਾ ਕੇ ਬੈਠੇ ਹਨ ਲੋਕਾਂ ਨੂੰ ਪਾਣੀ ਵਿਚ ਘਿਰੇ ਆਪਣੇ ਘਰਾਂ ਦੀ ਚਿੰਤਾ ਸਤਾ ਰਹੀ ਹੈ | ਬੀਤੀ ਰਾਤ ਦਰਿਆ ਬਿਆਸ ਵਿਚ ਪਾਣੀ ਦਾ ਪੱਧਰ ਭਾਵੇਂ ਘੱਟ ਹੋ ਗਿਆ ਸੀ ਪਰ ਅੱਜ ਸਵੇਰ ਤੋਂ ਹੀ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤੇ ਦੁਪਹਿਰ ਬਾਅਦ ਤੱਕ ਦਰਿਆ ਬਿਆਸ ਵਿਚੋਂ 2 ਲੱਖ 17 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਨਿਰੰਤਰ ਵਹਿ ਰਿਹਾ ਹੈ | ਕਪੂਰਥਲਾ ਸਬ ਡਵੀਜ਼ਨ ਦੇ ਹੜ੍ਹ ਪ੍ਰਭਾਵਿਤ ਪਿੰਡ ਬਾਘੂਵਾਲ ਤੇ ਕੰਮੇਵਾਲ ਤੇ ਹੋਰ ਨੇੜਲੇ ਲੋਕਾਂ ਦੀ ਸਹਾਇਤਾ ਲਈ ਅੰਮਿ੍ਤਸਰ ਤੋਂ 270 ਇੰਜੀਨੀਅਰ ਰੈਜੀਮੈਂਟ ਦੇ ਸੂਬੇਦਾਰ ਪਿਆਰੇ ਲਾਲ ਦੀ ਅਗਵਾਈ ਵਿਚ 11 ਫ਼ੌਜ ਦੇ ਜਵਾਨਾਂ ਨੇ ਮੋਰਚਾ ਸੰਭਾਲ ਲਿਆ ਹੈ ਤੇ ਉਨ੍ਹਾਂ ਹੜ੍ਹ ਪ੍ਰਭਾਵਿਤ ਖੇਤਰ ਦੇ ਮੋਹਤਬਰ ਵਿਅਕਤੀਆਂ ਨੂੰ ਆਪਣੇ ਮੋਬਾਈਲ ਨੰਬਰ ਦਿੱਤੇ ਹਨ ਕਿ ਜੇਕਰ ਮੰਡ ਖੇਤਰ ਦੇ ਕਿਸੇ ਵੀ ਪਿੰਡ ਜਾਂ ਡੇਰੇ ਵਿਚੋਂ ਕਿਸੇ ਵਿਅਕਤੀ ਨੂੰ ਬਹਾਰ ਕੱਢਣਾ ਹੋਵੇ ਤਾਂ ਉਨ੍ਹਾਂ ਨੂੰ ਤੁਰੰਤ ਸੂਚਿਤ ਕੀਤਾ ਜਾਵੇ | ਪਿੰਡ ਬਾਘੂਵਾਲ ਦੇ ਸਰਪੰਚ ਪਰਮਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਹਫ਼ਤਿਆਂ ਤੋਂ ਪਿੰਡ ਵਾਸੀ ਆਪਣੇ ਪਰਿਵਾਰਾਂ ਸਮੇਤ ਐਡਵਾਂਸ ਧੁੱਸੀ ਬੰਨ੍ਹ 'ਤੇ ਬੈਠੇ ਹਨ ਤੇ ਲੋਕਾਂ ਵਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ | ਇਸੇ ਦੌਰਾਨ ਹੀ ਮੁਸਲਿਮ ਭਾਈਚਾਰੇ ਵਲੋਂ ਜਮੀਅਤ ਉਲਮਾ ਹਿੰਦ ਕਪੂਰਥਲਾ ਦੇ ਪ੍ਰਧਾਨ ਮੌਲਾਨਾ ਅਮਾਨੁੱਲਾ ਤੇ ਕਪੂਰਥਲਾ ਦੇ ਸ਼ਾਹੀ ਇਮਾਮ ਮੌਲਵੀ ਅਬਦੁਲ ਹਮੀਦ, ਮਨਸੂਰ ਅਲੀ ਸਾਥੀਆਂ ਸਮੇਤ ਹੜ੍ਹ ਪ੍ਰਭਾਵਿਤ ਖੇਤਰ ਇਲਾਕੇ ਦਾ ਦੌਰਾ ਕਰਨ ਪੁੱਜੇ | ਇਸ ਮੌਕੇ ਮੌਲਾਨਾ ਅਮਾਨੁੱਲਾ ਨੇ ਦੱਸਿਆ ਕਿ ਉਹ ਜਮੀਅਤ ਉਲਮਾ ਹਿੰਦ ਦੇ ਪੰਜਾਬ ਪ੍ਰਧਾਨ ਤੇ ਚੇਅਰਮੈਨ ਹੱਜ ਕਮੇਟੀ ਮੁਫ਼ਤੀ ਖਲੀਲ ਕਾਸਮੀ ਦੀਆਂ ਹਦਾਇਤਾਂ 'ਤੇ ਹੜ੍ਹ ਪ੍ਰਭਾਵਿਤ ਖੇਤਰ ਕੰਮੇਵਾਲ, ਬਾਘੂਵਾਲ ਆਦਿ ਖੇਤਰਾਂ ਦਾ ਦੌਰਾ ਕੀਤਾ | ਇਸ ਮੌਕੇ ਪ੍ਰਭਾਵਿਤ ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕੀਤਾ ਜਾਵੇ | ਇਸ ਮੌਕੇ ਜਮੀਅਤ ਉਲਮਾ ਹਿੰਦ ਨੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਉਣ ਦਾ ਭਰੋਸਾ ਦਿਵਾਇਆ |
ਡਰੇਨਜ਼ ਵਿਭਾਗ ਵਲੋਂ ਬੰਨ੍ਹ ਦੀ ਮਜ਼ਬੂਤੀ ਦਾ ਕੰਮ ਜੰਗੀ ਪੱਧਰ 'ਤੇ ਜਾਰੀ-ਇੰਜ. ਸਰਤਾਜ ਸਿੰਘ
ਦਰਿਆ ਬਿਆਸ ਦੇ ਐਡਵਾਂਸ ਧੁੱਸੀ ਬੰਨ੍ਹਾਂ ਨੂੰ ਹੜ੍ਹ ਦੀ ਮਾਰ ਤੋਂ ਬਚਾਉਣ ਲਈ ਡਰੇਨਜ਼ ਵਿਭਾਗ ਵਲੋਂ ਪਿਛਲੇ 10 ਦਿਨਾਂ ਤੋਂ ਸੰਵੇਦਨਸ਼ੀਲ ਥਾਵਾਂ ਉੱਪਰ 50 ਹਜ਼ਾਰ ਮਿੱਟੀ ਦੇ ਬੋਰੇ ਲਗਾਏ ਗਏ ਹਨ ਤੇ ਵਿਭਾਗ ਵਲੋਂ ਡਿਪਟੀ ਕਮਿਸ਼ਨਰ ਨੂੰ ਜਿੱਥੇ ਪਾਣੀ ਦੀ ਆਮਦ ਸਬੰਧੀ ਹਰ ਘੰਟੇ ਰਿਪੋਰਟ ਦਿੱਤੀ ਜਾ ਰਹੀ ਹੈ ਉੱਥੇ ਧੱੁਸੀ ਬੰਨ ਦੀ ਮਜ਼ਬੂਤੀ ਲਈ ਵੀ ਕੰਮ ਵੱਖ-ਵੱਖ ਥਾਵਾਂ 'ਤੇ ਜੰਗੀ ਪੱਧਰ 'ਤੇ ਜਾਰੀ ਹਨ | ਸਰਤਾਜ ਸਿੰਘ ਕਾਰਜਕਾਰੀ ਇੰਜੀਨੀਅਰ ਡਰੇਨਜ਼ ਵਿਭਾਗ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਧੁੱਸੀ ਬੰਨ੍ਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਇਸ ਸਮੇਂ ਬੰਨਾ ਨੂੰ ਕੋਈ ਖ਼ਤਰਾ ਨਹੀਂ | ਕਪੂਰਥਲਾ ਸਬ ਡਵੀਜ਼ਨ ਵਿਚ ਬੰਨ੍ਹ ਦੀ ਮਜ਼ਬੂਤੀ ਲਈ ਚੱਲ ਰਹੇ ਕਾਰਜਾਂ ਦੀ ਦੇਖ-ਰੇਖ ਕਰ ਰਹੇ ਐਸ.ਡੀ.ਓ. ਖ਼ੁਸ਼ਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਪੀਰੇਵਾਲ ਤੇ ਧਾਲੀਵਾਲ ਬੇਟ ਦੇ ਸਾਹਮਣੇ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਕੰਮ ਚੱਲ ਰਿਹਾ ਹੈ ਤੇ ਵਿਭਾਗ ਵਲੋਂ ਦੋਵਾਂ ਥਾਵਾਂ 'ਤੇ ਮਿੱਟੀ ਦੇ ਬੋਰੇ ਤੇ ਕਰੇਟ ਲਗਾਏ ਜਾ ਰਹੇ ਹਨ | ਇਸ ਤੋਂ ਇਲਾਵਾ ਮੰਡ ਖਿਜ਼ਰਪੁਰ ਨੇੜੇ ਧੁੱਸੀ ਬੰਨ੍ਹ 'ਤੇ 1200 ਫੁੱਟ ਦੀ ਲੰਬਾਈ ਵਿਚ ਮਿੱਟੀ ਦੇ ਬੋਰਿਆਂ ਦੇ ਕਰੇਟ ਲਗਾਏ ਜਾ ਰਹੇ ਹਨ | ਇਸੇ ਤਰ੍ਹਾਂ ਪਿੰਡ ਨਬੀਪੁਰ ਤੇ ਭਰੋਆਣਾ ਨੇੜੇ ਧੁੱਸੀ ਬੰਨ੍ਹ 'ਤੇ ਐਸ.ਡੀ.ਓ. ਵਿਜੇ ਕੁਮਾਰ ਦੀ ਨਿਗਰਾਨੀ ਹੇਠ ਕੰਮ ਚੱਲ ਰਹੇ ਹਨ ਤੇ ਨਬੀਪੁਰ ਕੋਲ ਧੁੱਸੀ ਬੰਨ ਦੀ ਮਜ਼ਬੂਤੀ ਲਈ ਵਾਇਰ ਕਰੇਟ ਤੇ ਭਰੋਆਣਾ ਨੇੜੇ ਪਿੰਡ ਵਾਸੀਆਂ ਦੀ ਮਦਦ ਨਾਲ ਮਿੱਟੀ ਦੇ ਬੋਰੇ ਭਰ ਕੇ ਬੰਨ੍ਹ ਦੇ ਨਾਲ ਲਗਾਏ ਜਾ ਰਹੇ ਹਨ |
ਦਰਜਨ ਤੋਂ ਵੱਧ ਪਿੰਡਾਂ ਦੀ ਫ਼ਸਲ ਪਾਣੀ 'ਚ ਡੁੱਬੀ, ਫੌਜ ਦੀ ਮਦਦ ਨਾਲ ਬਚਾਅ ਕਾਰਜ ਜਾਰੀ
ਸੁਲਤਾਨਪੁਰ ਲੋਧੀ, 30 ਅਗਸਤ (ਨਰੇਸ਼ ਹੈਪੀ)- ਮੰਡ ਖੇਤਰ ਸੁਲਤਾਨਪੁਰ ਲੋਧੀ ਦੇ ਪਿੰਡ ਚੱਕਾਂ ਨੇੜਿਓਾ ਬੀਤੀ ਅੱਧੀ ਰਾਤ ਆਰਜ਼ੀ ਬੰਨ੍ਹ ਟੁੱਟਣ ਕਾਰਨ ਪਿੰਡ ਚੱਕ ਪੱਤੀ ਬਾਲੂ ਬਹਾਦਰ, ਠੱਕਰ ਕੌੜਾ, ਹਾਜੀਪੁਰ, ਹੁਸੈਨਪੁਰ ਬੂਲੇ, ਮੰਡ ਹੁਸੈਨਪੁਰ, ਲੋਧੀਵਾਲ, ਕਬੀਰਪੁਰ, ਹਜ਼ਾਰਾ ਆਦਿ ਦਰਜਨ ਤੋਂ ਵੱਧ ਪਿੰਡਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਈਆਂ | ਇਸ ਬੰਨ੍ਹ ਦੇ ਟੁੱਟਣ ਨਾਲ ਆਹਲੀ ਵਾਲੇ ਬੰਨ੍ਹ ਤੋਂ ਫੈਲਿਆ ਪਾਣੀ ਆਪਸ ਵਿਚ ਮਿਲ ਗਿਆ | ਸਾਬਕਾ ਸਰਪੰਚ ਕੁੰਦਨ ਸਿੰਘ ਚੱਕਾਂ, ਗੁਰਦੀਪ ਸਿੰਘ ਸ਼ਹੀਦ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਅੱਧੀ ਰਾਤ ਸਾਡੀ ਲੱਗੀ ਵਾਹ ਨੂੰ ਪਿੱਛੇ ਛੱਡ ਕੇ ਇਹ ਮੰਡ ਖੇਤਰ ਦਾ ਆਰਜ਼ੀ ਬੰਨ੍ਹ ਵੀ ਦਰਿਆ ਬਿਆਸ ਦੀ ਭੇਟ ਚੜ੍ਹ ਗਿਆ, ਇਸ ਨਾਲ ਕੁੱਲ ਮਿਲਾ ਕੇ ਹੁਣ ਤੱਕ ਕੁੱਲ ਛੇ ਆਰਜ਼ੀ ਬੰਨ੍ਹ ਪਿਛਲੇ 20 ਦਿਨਾਂ ਵਿਚ ਦਰਿਆ ਬਿਆਸ ਦੀ ਭੇਟ ਚੜ੍ਹ ਚੁੱਕੇ ਹਨ | ਦੂਜੇ ਪਾਸੇ ਮੰਡ ਬਾਊਪੁਰ ਦੇ ਖੇਤਰ ਵਿਚ ਅਜੇ ਵੀ ਵੱਡੀ ਗਿਣਤੀ ਵਿਚ ਕਈ ਲੋਕ ਪਾਣੀ ਵਿਚ ਘਿਰੇ ਹੋਏ ਹਨ ਤੇ ਉਹ ਆਪਣੇ ਘਰ ਛੱਡ ਕੇ ਬਾਹਰ ਆਉਣ ਨੂੰ ਤਿਆਰ ਨਹੀਂ ਹਨ ਭਾਵੇਂ ਉਨ੍ਹਾਂ ਨੂੰ ਪ੍ਰਸ਼ਾਸਨ ਜਾਂ ਧਾਰਮਿਕ ਸੰਸਥਾਵਾਂ ਵੱਲੋਂ ਸੁਰੱਖਿਅਤ ਥਾਂ 'ਤੇ ਆਉਣ ਦੀ ਅਪੀਲ ਕੀਤੀ ਗਈ ਹੈ | ਪਾਣੀ ਵਿਚ ਘਿਰੇ ਕਿਸਾਨ ਸੁਖਵਿੰਦਰ ਸਿੰਘ ਅਤੇ ਸੰਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਆਪਣੇ ਬੱਚਿਆਂ ਨੂੰ ਰਿਸ਼ਤੇਦਾਰਾਂ ਕੋਲ ਸੁਰੱਖਿਅਤ ਥਾਵਾਂ 'ਤੇ ਭੇਜ ਦਿੱਤਾ ਹੈ ਜਦ ਕਿ ਉਹ ਆਪ ਅਜੇ ਵੀ ਆਪਣੇ ਘਰਾਂ ਵਿਚ ਡਟੇ ਹੋਏ ਹਨ ਭਾਵੇਂ ਉਨ੍ਹਾਂ ਦੇ ਘਰਾਂ ਵਿਚ ਦੋ ਤੋਂ ਪੰਜ ਫੁੱਟ ਪਾਣੀ ਫਿਰ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡੇ ਕੋਲ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਵਿਅਕਤੀੇ ਹੀ ਸਹਾਇਤਾ ਲਈ ਪੁੱਜੇ ਹਨ ਜਿਨ੍ਹਾਂ ਦੇ ਉਹ ਧੰਨਵਾਦੀ ਹਨ | ਬਾਊਪੁਰ ਦੇ ਸੁਰਿੰਦਰ ਸਿੰਘ ਮਲਾਹ ਨੇ ਦੱਸਿਆ ਕਿ ਉਸਦੇ ਦੋ ਡੰਗਰ ਪਾਣੀ 'ਚ ਰੁੜ ਗਏ ਹਨ | ਭੀਮ ਕਦੀਮ ਦੇ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਸਦੇ ਵੀ ਦੋ ਡੰਗਰ ਪਾਣੀ 'ਚ ਰੁੜ ਗਏ ਹਨ ਜਿਸ ਨਾਲ ਉਸਦਾ ਹੁਣ ਗੁਜ਼ਾਰਾ ਹੋਣਾ ਮੁਸ਼ਕਿਲ ਹੋ ਗਿਆ ਹੈ | ਫ਼ੌਜੀ ਕਲੋਨੀ ਤੋਂ ਸੇਵਾ ਕਰਨ ਆਏ ਇੱਕ ਪਰਿਵਾਰ ਦੀ ਮੁਖੀ ਔਰਤ ਪਰਮਜੀਤ ਕੌਰ ਨੇ ਦੱਸਿਆ ਕਿ ਔਰਤ ਹੀ ਔਰਤ ਦਾ ਦਰਦ ਸਮਝਦੀ ਹੈ, ਇਸ ਲਈ ਉਹ ਹੜ੍ਹ 'ਚ ਘਿਰੇ ਲੋਕਾਂ ਨੂੰ ਘਰੋ ਘਰੀਂ ਜਾ ਕੇ ਔਰਤਾਂ ਲਈ ਜ਼ਰੂਰੀ ਚੀਜ਼ਾਂ ਪਹੁੰਚਾ ਕੇ ਆਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਵਾਲੇ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ | ਹੜ੍ਹ 'ਚ ਘਿਰੇ ਮੰਡ ਖੇਤਰ ਦੇ ਲੋਕਾਂ ਨੂੰ ਅਜੇ ਕਿਸੇ ਵੀ ਤਰ੍ਹਾਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਬਾਰਿਸ਼ਾਂ ਪੈਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਸਰਪੰਚ ਗੁਰਮੀਤ ਸਿੰਘ ਬਾਊਪੁਰ, ਸਰਪੰਚ ਗੁਰਪ੍ਰੀਤ ਸਿੰਘ ਰਾਮਪੁਰ ਗੋਰਾ, ਕਿਸਾਨ ਆਗੂ ਕੁਲਦੀਪ ਸਿੰਘ ਸਾਂਗਰਾ ਤੇ ਪਰਮਜੀਤ ਸਿੰਘ ਬਾਊਪੁਰ ਨੇ ਹੜ੍ਹ ਪ੍ਰਭਾਵਿਤ ਖੇਤਰ 'ਚ ਮਦਦ ਕਰਨ ਲਈ ਆਉਣ ਵਾਲੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ, ਸੰਤਾ ਮਹਾਂਪੁਰਖਾਂ, ਪੁਲਿਸ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ |
ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ ਨੇ ਹਲਕਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ, ਥਿੰਦ)- ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ ਨੇ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਪੀੜਿਤ ਲੋਕਾਂ ਨਾਲ ਹਮਦਰਦੀ ਪ੍ਰਗਟਾਈ | ਇਸ ਮੌਕੇ ਉਨ੍ਹਾਂ ਨਾਲ ਹਲਕਾ ਸੁਲਤਾਨਪੁਰ ਲੋਧੀ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਪਿੰਡ ਆਹਲੀ ਕਲਾਂ ਪੁੱਜਣ 'ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਉਨ੍ਹਾਂ ਦਾ ਸਵਾਗਤ ਕਰਦਿਆਂ ਾਪਣੀਆਂ ਮੁਸ਼ਕਲਾਂ ਦੱਸੀਆਂ ਗਈਆਂ | ਪਿੰਡ ਆਹਲੀ ਕਲਾਂ ਦੇ ਪੀੜਤ ਕਿਸਾਨਾਂ ਜਿਨ੍ਹਾਂ ਵਿਚ ਸ਼ਮਿੰਦਰ ਸਿੰਘ ਸਰਪੰਚ, ਰਸ਼ਪਾਲ ਸਿੰਘ, ਜਥੇਦਾਰ ਗੁਰਜੰਟ ਸਿੰਘ ਸੰਧੂ, ਤਰਲੋਚਨ ਸਿੰਘ, ਡਾ. ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਹਰ ਸਾਲ ਹੀ ਬਿਆਸ ਦਰਿਆ 'ਚ ਆਉਣ ਵਾਲੇ ਹੜ੍ਹ ਦੀ ਮਾਰ ਝੱਲਦੇ ਹਨ ਤੇ ਹਰ ਸਾਲ ਹੀ ਉਨ੍ਹਾਂ ਦੀਆਂ ਫ਼ਸਲਾਂ ਬਰਬਾਦ ਹੁੰਦੀਆਂ ਹਨ | ਉਨ੍ਹਾਂ ਨੇ ਮੰਗ ਰੱਖੀ ਕਿ ਜੇ ਬਿਆਸ ਦਰਿਆ ਦੀ ਖ਼ੁਦਾਈ ਕਰਵਾ ਦਿੱਤੀ ਜਾਵੇ ਤਾਂ ਉਹ ਹੜ੍ਹਾਂ ਦੀ ਮਾਰ ਤੋਂ ਬਚ ਸਕਦੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਕੇਂਦਰ ਸਰਕਾਰ ਵੱਲੋਂ ਤਾਂ ਦੇ ਦਿੱਤਾ ਗਿਆ ਸੀ ਪਰ ਪੰਜਾਬ ਸਰਕਾਰ ਨੇ ਆਪਣਾ ਹਿੱਸਾ ਨਹੀਂ ਪਾਇਆ | ਇਸ ਮੌਕੇ ਸਤਿਗੁਰੂ ਉਦੈ ਸਿੰਘ ਨੇ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਪਿਛਲੇ ਸਾਲ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਤੇ ਦਰਿਆ ਦੀ ਖ਼ੁਦਾਈ ਕਰਨ ਸਬੰਧੀ ਗੱਲਬਾਤ ਕਰਨਗੇ | ਮੰਡ ਬਾਊਪੁਰ ਵਿਖੇ ਪੀੜਤ ਕਿਸਾਨਾਂ ਨਾਲ਼ ਵੀ ਸਤਿਗੁਰੂ ਉਦੈ ਸਿੰਘ ਨੇ ਗੱਲਬਾਤ ਕੀਤੀ | ਉਨ੍ਹਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਵੀ ਮੁਲਾਕਾਤ ਕੀਤੀ ਤੇ ਉਨ੍ਹਾਂ ਵੱਲੋਂ ਹੜ੍ਹਾਂ ਦੌਰਾਨ ਨਿਭਾਈ ਗਈ ਸੇਵਾ ਦੀ ਸ਼ਲਾਘਾ ਕੀਤੀ | ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਇਸ ਇਲਾਕੇ ਦੀ ਮੁੱਖ ਮੰਗ ਨੂੰ ਰੱਖਦਿਆਂ ਪਿਛਲੇ ਸਮੇਂ ਦੌਰਾਨ ਪੁਲ ਦਾ ਨਿਰਮਾਣ ਕਰਵਾਇਆ ਗਿਆ ਸੀ ਜਿਸ ਦਾ 16 ਪਿੰਡਾਂ ਦੇ ਕਿਸਾਨਾਂ ਨੂੰ ਬਹੁਤ ਵੱਡਾ ਫ਼ਾਇਦਾ ਹੋ ਰਿਹਾ ਹੈ | ਉਪਰੰਤ ਸਤਿਗੁਰੂ ਉਦੈ ਸਿੰਘ ਖੈੜਾ ਬੇਟ ਵਿਖੇ ਸੰਤ ਮਹਾਤਮਾ ਮੁਨੀ ਅਤੇ ਸੰਤ ਅਮਰੀਕ ਸਿੰਘ ਖੁਖਰੈਣ ਵਾਲਿਆਂ ਨਾਲ ਵੀ ਮੁਲਾਕਾਤ ਕੀਤੀ | ਇਸ ਮੌਕੇ ਹਰਕਮਲ ਸਿੰਘ ਚੀਮਾ, ਮੁਖ਼ਤਿਆਰ ਸਿੰਘ ਭਗਤ ਪੁਰ, ਗੁਰਿੰਦਰਪਾਲ ਸਿੰਘ ਗੋਗਾ, ਨਰਿੰਦਰ ਸਿੰਘ ਪੰਨੂ ਸਾਰੇ ਬਲਾਕ ਪ੍ਰਧਾਨ, ਮਹਿੰਦਰ ਪਾਲ ਸਿੰਘ, ਕੁਲਦੀਪ ਸਿੰਘ ਡਡਵਿੰਡੀ, ਰਮੇਸ਼ ਸਿੰਘ ਡਡਵਿੰਡੀ, ਬਲਦੇਵ ਸਿੰਘ ਰੰਗੀਲਪੁਰ, ਅਮਰਜੀਤ ਸਿੰਘ ਹੀਰਾ, ਗੁਰਜੰਟ ਸਿੰਘ ਸੰਧੂ, ਸ਼ਮਿੰਦਰ ਸਿੰਘ ਸਰਪੰਚ, ਸ਼ਿੰਦਰ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ ਸੱਦੂਵਾਲ, ਹਰਦੀਪ ਸਿੰਘ, ਰਣਜੀਤ ਸਿੰਘ ਗੱਟੀ, ਸੁੱਖਾ ਬੂਲੇ, ਡਾਕਟਰ ਨਰਿੰਦਰ ਸਿੰਘ ਗਿੱਲ, ਪਰਮਿੰਦਰ ਸਿੰਘ ਰਾਮਪੁਰ ਜਗੀਰ, ਪ੍ਰੀਤਮ ਸਿੰਘ ਅਕਾਲੀ, ਬਲਵਿੰਦਰ ਸਿੰਘ ਫੱਤੋਵਾਲ, ਕੁਲਵੰਤ ਸਿੰਘ, ਵਿੱਕੀ ਟੋਹੜਾ, ਰੁਪਿੰਦਰ ਸੇਠੀ, ਬਲਦੇਵ ਸਿੰਘ, ਭਗਵੰਤ ਸਿੰਘ ਤਲਵੰਡੀ ਚੌਧਰੀਆਂ, ਤਰਲੋਕ ਸਿੰਘ ਬੂਹ, ਦਲਵੀਰ ਸਿੰਘ ਚੀਮਾ, ਮਾਨ ਸਿੰਘ ਦੇਸਲ, ਮਨਪ੍ਰੀਤ ਸਿੰਘ ਬੂਹ, ਬਲਕਾਰ ਸਿੰਘ ਹਰਨਾਮ ਪੁਰ, ਕੁਲਦੀਪ ਸਿੰਘ ਸਰਪੰਚ ਸਰੂਪਵਾਲ, ਨਿਰਮਲ ਸਿੰਘ ਭੱਡਾ, ਨਿਰਮਲ ਸਿੰਘ ਮੱਲ ਸਰਪੰਚ, ਸਾਬਕਾ ਵਾਈਸ ਪ੍ਰਧਾਨ ਜਗਪਾਲ ਸਿੰਘ ਚੀਮਾ, ਮੋਨੂੰ ਭੰਡਾਰੀ, ਬਲਦੇਵ ਸਿੰਘ ਮੁਰਾਦਪੁਰ, ਮਨਜੀਤ ਸਿੰਘ, ਹਰਨੇਕ ਸਿੰਘ, ਹੈਪੀ ਰੱਤਾ ਆਦਿ ਵੀ ਹਾਜ਼ਰ ਸਨ |
ਆਹਲੀ ਕਲਾਂ ਨੇੜੇ ਆਰਜ਼ੀ ਬੰਨ੍ਹ 'ਚ ਪਿਆ ਇੱਕ ਹੋਰ ਪਾੜ
ਸੁਲਤਾਨਪੁਰ ਲੋਧੀ, (ਥਿੰਦ, ਨਰੇਸ਼ ਹੈਪੀ)- ਮੰਡ ਇਲਾਕੇ ਵਿਚ ਆਏ ਹੜ੍ਹ ਦੇ ਪਾਣੀ ਦਾ ਪੱਧਰ ਫਿਰ ਤੋਂ ਵੱਧਣ ਕਾਰਨ ਪਿਛਲੇ 20 ਦਿਨਾਂ ਤੋਂ ਹੜ੍ਹ ਵਿਚ ਫਸੇ ਲੋਕਾਂ ਦੀਆਂ ਸਮੱਸਿਆਵਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ | ਅੱਜ ਸਵੇਰੇ 7 ਵਜੇ ਤੋਂ ਬਿਆਸ ਦਰਿਆ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਸੀ ਜੋ ਲਗਾਤਾਰ ਵਧਦਾ ਜਾ ਰਿਹਾ ਹੈ | ਬਿਆਸ ਦਰਿਆ ਵਿਚ ਲਾਇਆ ਆਰਜੀ ਬੰਨ੍ਹ ਦੇਰ ਰਾਤ ਚੱਕ ਪੱਤੀ ਬਾਲੂ ਬਹਾਦਰ ਕੋਲੋਂ ਟੁੱਟ ਜਾਣ ਕਾਰਨ ਕਿਸਾਨਾਂ ਦੀ 50 ਤੋਂ 60 ਏਕੜ ਝੋਨੇ ਦੀ ਫ਼ਸਲ ਡੁੱਬਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ | ਉੱਧਰ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ 20 ਦਿਨਾਂ ਤੋਂ ਲਗਾਤਾਰ ਹੜ੍ਹ ਪੀੜਤਾਂ ਦੀ ਸੇਵਾ ਵਿਚ ਹੀ ਡਟੇ ਹੋਏ ਹਨ | ਲੰਘੀ 11 ਅਗਸਤ ਨੂੰ ਪਹਿਲਾਂ ਆਰਜ਼ੀ ਬੰਨ੍ਹ ਵਿਚ ਪਾੜ ਪਿਆ ਸੀ ਤੇ ਖੇਤਾਂ ਵਿਚ ਪਾਣੀ ਭਰ ਗਿਆ ਸੀ | ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਇਸ ਇਲਾਕੇ ਵਿਚ 11 ਅਗਸਤ ਤੋਂ ਮੋਰਚਾ ਸੰਭਾਲ ਲਿਆ ਸੀ | ਉਹ ਅੱਜ ਪਹਿਲਾਂ ਆਹਲੀ ਕਲਾਂ ਤੇ ਖ਼ੁਰਦ ਪਿੰਡਾਂ ਦੇ ਲੋਕਾਂ ਨੂੰ ਮਿਲੇ ਜਿੱਥੇ ਚੱਕ ਪੱਤੀ ਬਾਲੂ ਬਹਾਦਰ ਕੋਲੋਂ ਆਰਜ਼ੀ ਬੰਨ੍ਹ ਟੁੱਟਣ ਨਾਲ ਪਾਣੀ ਝੋਨੇ ਦੇ ਖੇਤਾਂ ਵਿਚ ਭਰਨਾ ਸ਼ੁਰੂ ਹੋ ਗਿਆ ਸੀ | ਇਸ 20 ਕਿੱਲੋਮੀਟਰ ਲੰਮੇ ਆਰਜ਼ੀ ਬੰਨ੍ਹ ਨੂੰ ਬਚਾਉਣ ਲਈ ਇਲਾਕੇ ਦੇ ਲੋਕ ਪਿਛਲੇ ਕਈ ਦਿਨਾਂ ਤੋਂ ਲੱਗੇ ਰਹੇ ਸਨ | ਸੰਤ ਸੀਚੇਵਾਲ ਨੇ ਲਗਾਤਾਰ ਪਾਣੀ ਵਿਚ ਘਿਰੇ ਪਿੰਡਾਂ ਤੇ ਡੇਰੇ ਵਾਲਿਆਂ ਨੂੰ ਪ੍ਰਸ਼ਾਦੇ ਪਹੁੰਚਦੇ ਕੀਤੇ | ਹੜ੍ਹ ਪੀੜਤ ਪਿਛਲੇ 20 ਦਿਨਾਂ ਤੋਂ ਪਾਣੀ ਵਿਚ ਘਿਰ ਜਾਣ ਕਾਰਨ ਉਨ੍ਹਾਂ ਦੇ ਜਿੱਥੇ ਰਸੋਈ ਗੈਸ ਸਿਲੰਡਰ ਖ਼ਤਮ ਹੋਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਆ ਰਹੀਆਂ ਹਨ ਉਥੇ ਘਰਾਂ ਵਿਚ ਅਜੇ ਵੀ ਪਾਣੀ ਹੋਣ ਕਾਰਨ ਉਥੇ ਆਮ ਜ਼ਿੰਦਗੀ ਜਿਊਣੀ ਅਜੇ ਔਖੀ ਦੱਸੀ ਜਾ ਰਹੀ ਹੈ |

ਪਿਛਲੀ ਖ਼ਬਰ ਚੇਅਰਮੈਨ ਰਮਨ ਬਹਿਲ ਵਲੋਂ ਹੜ੍ਹ ਪ੍ਰਭਾਵਿਤ ਪਿੰਡ ਬਲੱਗਣ ਤੇ ਕਮਾਲਪੁਰ ਅਫਗਾਨਾ ਦਾ ਦੌਰਾ <br/> ਅਗਲੀ ਖ਼ਬਰ ਅੱਜ ਵੀ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਰਹਿ ਰਹੇ ਲੋਕਾਂ ਦੇ ਘਰ ਤੱਕ ਪੁੱਜਾ ਪ੍ਰਸ਼ਾਸਨ 3 ਟੀਮਾਂ ਨੇ ਰਾਸ਼ਨ ਕਿੱਟਾਂ ਵੰਡੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।