ਢਿਲਵਾਂ, 30 ਅਗਸਤ (ਪ੍ਰਵੀਨ ਕੁਮਾਰ)- ਦਰਿਆ ਬਿਆਸ ਵਿਚ ਪਾਣੀ ਵਧਣ ਤੋਂ ਬਾਅਦ ਦਰਿਆ ਬਿਆਸ ਦੇ ਨਾਲ ਲੱਗਦੇ ਮੰਡ ਖੇਤਰ ਵਿਚ ਪਿਛਲੇ ਲਗਭਗ 23 ਦਿਨਾਂ ਤੋਂ ਫ਼ਸਲਾਂ ਪਾਣੀ ਦੀ ਮਾਰ ਹੇਠ ਹਨ ਅਤੇ ਦਰਿਆ ਬਿਆਸ ਦਾ ਪਾਣੀ ਧੁੱਸੀ ਬੰਨ੍ਹ ਦੇ ਨਾਲ ਵਹਿ ਰਿਹਾ ਹੈ ਤੇ ਅਜਿਹੇ ਵਿਚ ਜਿੱਥੇ ਵੱਖ ਵੱਖ ਪਿੰਡਾਂ ਦੇ ਵਸਨੀਕ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ ਉੱਥੇ ਡਰੇਨਜ਼ ਵਿਭਾਗ ਵਲੋਂ ਵੀ ਦਿਨ ਰਾਤ ਲਗਾਤਾਰ ਧੁੱਸੀ ਬੰਨ੍ਹ ਦੀ ਨਿਗਰਾਨੀ ਰੱਖੀ ਜਾ ਰਹੀ ਹੈ | ਇਸ ਸੰਬੰਧੀ ਡਰੇਨਜ਼ ਵਿਭਾਗ ਦੇ ਐਸ.ਡੀ.ਓ. ਖੁਸ਼ਵਿੰਦਰ ਸਿੰਘ ਤੇ ਸੁਖਪਾਲ ਸਿੰਘ ਨੇ ਦੱਸਿਆ ਕਿ ਢਿਲਵਾਂ ਨਜ਼ਦੀਕ ਧੁੱਸੀ ਬੰਨ੍ਹ ਮਜ਼ਬੂਤ ਸਥਿਤੀ ਵਿਚ ਹੈ ਪਰ ਫਿਰ ਵੀ ਉਨ੍ਹਾਂ ਵਲੋਂ ਲਗਾਤਾਰ ਬੰਨ੍ਹ ਦਾ ਦੌਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਵਸਨੀਕ ਤੇ ਮੋਹਤਬਰ ਵਿਅਕਤੀ ਉਨ੍ਹਾਂ ਦੇ ਸੰਪਰਕ ਵਿਚ ਹਨ ਤੇ ਜਿੱਥੇ ਕਿਤੇ ਵੀ ਬੰਨ੍ਹ ਕਮਜ਼ੋਰ ਲੱਗਦਾ ਹੈ ਤਾਂ ਤੁਰੰਤ ਉਸ 'ਤੇ ਕੰਮ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸੇ ਤਹਿਤ ਬਲਾਕ ਢਿਲਵਾਂ ਦੇ ਪਿੰਡ ਮਨਸੂਰਵਾਲ ਬੇਟ ਤੇ ਧਾਲੀਵਾਲ ਬੇਟ ਵਿਖੇ ਬੰਨ੍ਹ ਦੀ ਮਜ਼ਬੂਤੀ ਲਈ ਮਿੱਟੀ ਦੇ ਬੋਰੇ ਤੇ ਕਰੇਟ ਲਗਾਏ ਗਏ ਹਨ | ਇਸ ਮੌਕੇ ਉਨ੍ਹਾਂ ਨਾਲ ਵਿਭਾਗ ਦੇ ਜੇ.ਈ. ਹਰਦੀਪ ਸਿੰਘ, ਜਸਵਿੰਦਰ ਸਿੰਘ, ਰਕੇਸ਼ ਕੁਮਾਰ, ਮਿਨਾਲ ਸ਼ਰਮਾ, ਸਿਮਰਜੀਤ ਸਿੰਘ ਆਦਿ ਮੌਜੂਦ ਸਨ |