ਸੁਲਤਾਨਪੁਰ ਲੋਧੀ, 30 ਅਗਸਤ (ਥਿੰਦ)- ਸਵੇਰ ਤੋਂ ਪੈ ਰਹੇ ਭਾਰੀ ਮੀਂਹ ਨੇ ਮੰਡ ਖੇਤਰ ਤੇ ਪਾਣੀ ਵਿਚ ਘਿਰੇ ਲੋਕਾਂ ਲਈ ਵੱਡੀ ਮੁਸੀਬਤ ਖੜੀ ਕਰ ਦਿੱਤੀ ਹੈ | ਮੰਡ ਬਾਊਪੁਰ, ਸਾਂਗਰਾ, ਮੰਡ ਸਾਂਗਰਾ, ਮੁਬਾਰਕਪੁਰ ਆਦਿ ਪਿੰਡਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੜ੍ਹ 'ਚ ਘਿਰੇ ਲੋਕਾਂ ਨੇ ਦੱਸਿਆ ਕਿ ਮਕਾਨਾਂ ਵਿਚ ਪਾਣੀ ਆ ਜਾਣ ਕਾਰਨ ਉਨ੍ਹਾਂ ਨੇ ਆਪਣਾ ਸਾਮਾਨ ਘਰਾਂ ਦੀ ਛੱਤਾਂ ਉੱਤੇ ਰੱਖਿਆ ਹੋਇਆ ਪਰ ਉੱਤੋਂ ਭਾਰੀ ਮੀਂਹ ਪੈਣ ਕਾਰਨ ਭਿੱਜ ਰਿਹਾ ਹੈ | ਪਿੰਡ ਸਾਂਗਰਾ ਦੇ ਨੰਬਰਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਲਗਾਤਾਰ 20 ਦਿਨ ਹੜ੍ਹ ਵਿਚ ਘਿਰੇ ਰਹਿਣ ਕਰਕੇ ਕਈ ਮਕਾਨ ਡਿਗਣੇ ਸ਼ੁਰੂ ਹੋ ਗਏ ਹਨ ਤੇ ਬਹੁਤੇ ਮਕਾਨਾਂ ਵਿਚ ਤਰੇੜਾਂ ਆ ਗਈਆਂ ਹਨ | ਉਨ੍ਹਾਂ ਦੱਸਿਆ ਕਿ ਪਿੰਡ ਰਾਮਪੁਰ ਗੋਰੇ ਦੇ ਕਿਸਾਨ ਬਲਜੀਤ ਸਿੰਘ, ਗੁਰਨਿਸ਼ਾਨ ਸਿੰਘ ਦਾ ਮਕਾਨ ਡਿੱਗ ਚੁੱਕਾ ਹੈ | ਇਸੇ ਤਰ੍ਹਾਂ ਇਸੇ ਪਿੰਡ ਦੇ ਬਖਤੌਰ ਸਿੰਘ ਦਾ ਵੀ ਮਕਾਨ ਢਹਿ ਢੇਰੀ ਹੋ ਗਿਆ | ਉਨ੍ਹਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਸਵਾ ਫੁੱਟ ਦੇ ਕਰੀਬ ਪਾਣੀ ਹੇਠਾਂ ਉਤਰ ਗਿਆ ਸੀ ਤੇ ਉਨ੍ਹਾਂ ਨੂੰ ਆਸ ਬੱਝ ਗਈ ਸੀ ਕਿ ਆਉਣ ਵਾਲੇ ਪੰਜ ਛੇ ਦਿਨਾਂ ਵਿਚ ਹੜ੍ਹ ਦਾ ਪਾਣੀ ਘੱਟ ਜਾਵੇਗਾ ਪਰ ਅੱਜ ਸ਼ਾਮ ਵੇਲੇ ਪਾਣੀ ਫਿਰ ਵਧਣਾ ਸ਼ੁਰੂ ਹੋ ਗਿਆ ਹੈ | ਐਸ.ਡੀ.ਐਮ. ਸੁਲਤਾਨਪੁਰ ਲੋਧੀ ਅਲਕਾ ਕਾਲੀਆ ਤੇ ਤਹਿਸੀਲਦਾਰ ਗੌਰਵ ਬਾਂਸਲ ਲਗਾਤਾਰ ਉਨ੍ਹਾਂ ਨਾਲ ਸੰਪਰਕ 'ਚ ਹਨ ਤੇ ਪੂਰਾ ਦਿਨ ਮੰਡ ਬਾਊਪੁਰ ਪੁਲ ਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਦੇ ਰਹਿੰਦੇ ਹਨ | ਵਾਰਿਸ ਪੰਜਾਬ ਦੀ ਜਥੇਬੰਦੀ ਵੱਲੋਂ ਹੜ੍ਹ ਵਿਚ ਘਿਰੇ ਲੋਕਾਂ ਲਈ ਪਾਣੀ ਤੇ ਪਸ਼ੂਆਂ ਲਈ ਫੀਡ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ | ਐਸ.ਡੀ.ਐਮ. ਅਲਕਾ ਕਾਲੀਆਂ ਨੇ ਕਿਹਾ ਕਿ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਹੜ੍ਹ ਵਿਚ ਘਿਰੇ ਲੋਕਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਹੈ |