ਰਣਜੀਤ ਸਿੰਘ
ਸੱਤਪਾਲ ਸਿੰਘ ਸਿਵੀਆਂ
ਰਾਜਪੁਰਾ/ਬਠਿੰਡਾ, 31 ਮਾਰਚ-ਪੰਜਾਬ ਭਰ 'ਚ ਹਰ ਸਾਲ ਦੀ ਤਰ੍ਹਾਂ ਕਣਕ ਦੀ ਸਰਕਾਰੀ ਪੱਧਰ 'ਤੇ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ | ਰਾਜਪੁਰਾ ਦੀ ਅਨਾਜ ਮੰਡੀ 'ਚ ਉੱਦਮੀ ਕਿਸਾਨ ਨੇ ਕਣਕ ਦੀ ਸੁਨਹਿਰੀ ਫ਼ਸਲ ਲਿਆ ਕੇ ਖਾਤਾ ਖੋਲ੍ਹ ਦਿੱਤਾ ਹੈ | ਕਣਕ ਦੀ ਆਮਦ ਨਾਲ ਅਨਾਜ ਮੰਡੀ 'ਚ ਲੇਬਰ ਸਮੇਤ ਹੋਰ ਹਰ ਤਰ੍ਹਾਂ ਦੇ ਰੋਜ਼ਗਾਰ ਦਾ ਪਹੀਆ ਘੁੰਮਣਾ ਸ਼ੁਰੂ ਹੋ ਗਿਆ ਹੈ | ਉੱਦਮੀ ਕਿਸਾਨ ਦਾ ਸਮੂਹ ਆੜ੍ਹਤੀ ਵਰਗ, ਮਾਰਕੀਟ ਕਮੇਟੀ ਦੇ ਅਫ਼ਸਰਾਂ, ਲੇਬਰ ਸਮੇਤ ਹਰ ਵਰਗ ਨੇ ਭਰਵਾਂ ਸਵਾਗਤ ਕੀਤਾ | ਕਣਕ ਦੀ ਆਮਦ ਨਾਲ ਸਰਕਾਰੀ ਤੌਰ 'ਤੇ ਕਾਗ਼ਜ਼ੀ ਕੰਮਕਾਰ ਵੀ ਸ਼ੁਰੂ ਹੋ ਜਾਵੇਗਾ | ਹਲਕੇ 'ਚ ਪਏ ਮੀਂਹ ਕਾਰਨ ਇਹ ਲੱਗ ਰਿਹਾ ਸੀ ਕਿ ਪਹਿਲੀ ਅਪ੍ਰੈਲ ਨੂੰ ਕਣਕ ਆਵੇ ਜਾਂ ਨਾ ਆਵੇ ਅਤੇ ਸਰਕਾਰੀ ਖ਼ਰੀਦ ਲਈ ਪਹਿਲੀ ਅਪ੍ਰੈਲ ਦਾ ਦਿਨ ਧਰਿਆ-ਧਰਾਇਆ ਹੀ ਨਾ ਰਹਿ ਜਾਵੇ ਤੇ ਸਰਕਾਰੀ ਇੰਤਜ਼ਾਮਾਂ ਨੂੰ ਬੂਰ ਪਵੇ ਹੀ ਨਾ | ਮੰਡੀ 'ਚ ਕਣਕ ਦੀ ਆਮਦ ਨਾਲ ਇਨ੍ਹਾਂ ਗੱਲਾਂ 'ਤੇ ਵਿਰਾਮ ਲੱਗ ਗਿਆ ਹੈ | ਜਾਣਕਾਰੀ ਮੁਤਾਬਿਕ ਖੇੜਾ ਗੱਜੂ ਵਾਸੀ ਕਿਸਾਨ ਰਘਬੀਰ ਸਿੰਘ ਨੰਬਰਦਾਰ ਨੇ ਕੰਬਾਈਨ ਨਾਲ ਕਣਕ ਦੀ ਵਢਾਈ ਕਰਵਾ ਕੇ ਮੰਡੀ 'ਚ ਕਣਕ ਦੀ ਢੇਰੀ ਲਾ ਦਿਤੀ ਹੈ | ਉਨ੍ਹਾਂ ਦੱਸਿਆ ਕਿ ਭਾਵੇਂ ਬੀਤੇ ਸਮੇਂ 'ਚ ਕੁਦਰਤ ਦੀ ਕਰੋਪੀ ਕਾਫ਼ੀ ਜ਼ਿਆਦਾ ਰਹੀ ਪਰ ਐਤਕੀਂ ਕਣਕ ਦਾ ਝਾੜ ਵਧੀਆ ਹੋਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਸਰਕਾਰਾਂ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ | ਇਸ ਸੰਬੰਧੀ ਆੜ੍ਹਤੀ ਹਨੀ ਗਰੋਵਰ ਤੇ ਲਲਿਤ ਡਾਹਰਾ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਤੇ ਕਣਕ ਦੀ ਪਹਿਲੀ ਢੇਰੀ ਆਈ ਹੈ, ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੈ | ਉਨ੍ਹਾਂ ਦੱਸਿਆ ਕਿ ਕਣਕ ਦਾ ਸਰਕਾਰੀ ਭਾਅ 2585 ਰੁਪਏ ਆਇਆ ਹੈ | ਉਨ੍ਹਾਂ ਦੱਸਿਆ ਕਿ ਰਾਜਪੁਰਾ ਅਨਾਜ ਮੰਡੀ 'ਚ ਆੜ੍ਹਤੀਆਂ ਦੀ ਕੋਈ ਵੀ ਹੜਤਾਲ ਨਹੀਂ ਹੈ | ਪਰ ਕਣਕ ਦੀ ਫ਼ਸਲ ਅਜੇ ਤੱਕ ਪੂਰੀ ਤਰ੍ਹਾਂ ਪੱਕੀ ਨਾ ਹੋਣ ਕਰਕੇ ਕਣਕ ਦੀ ਦਾਣਾ ਮੰਡੀਆਂ 'ਚ ਆਮਦ ਅਜੇ ਕਰੀਬ ਇਕ ਹਫ਼ਤਾ ਪੱਛੜ ਕੇ ਹੋਣ ਦੀ ਸੰਭਾਵਨਾ ਹੈ | ਦੂਜੇ ਪਾਸੇ ਕਣਕ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਪੰਜਾਬ ਭਰ ਦੇ ਆੜ੍ਹਤੀ ਕਮਿਸ਼ਨ ਵਧਾਉਣ ਦੀ ਮੰਗ ਨੂੰ ਲੈ ਕੇ ਹੜ੍ਹਤਾਲ 'ਤੇ ਚਲੇ ਗਏ ਹਨ, ਜਿਸ ਕਾਰਨ ਸ਼ੁਰੂਆਤੀ ਦੌਰ 'ਚ ਹੀ ਕਣਕ ਦੀ ਖ਼ਰੀਦ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ | ਕਣਕ ਦੀ ਖ਼ਰੀਦ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਵਲੋਂ ਸੂਬੇ ਭਰ ਦੀਆਂ ਕੁੱਲ 1897 ਅਨਾਜ ਮੰਡੀਆਂ 'ਚ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰਨ ਲਏ ਜਾਣ ਦਾ ਦਾਅਵਾ ਕੀਤਾ ਗਿਆ ਹੈ, ਜਦਕਿ ਕਿਸਾਨਾਂ ਦੀ ਪਹੁੰਚ ਨੂੰ ਦੇਖਦਿਆਂ 266 ਆਰਜ਼ੀ ਖ਼ਰੀਦ ਕੇਂਦਰ ਵੀ ਤਿਆਰ ਕਰਨ ਦੀ ਤਜਵੀਜ਼ ਹੈ | ਸੂਬਾ ਸਰਕਾਰ ਵਲੋਂ ਇਸ ਵਰੇ੍ਹ ਕੁੱਲ 122 ਲੱਖ ਮੀਟਿ੍ਕ ਟਨ ਕਣਕ ਖ਼ਰੀਦ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਜਦਕਿ ਪ੍ਰਬੰਧ 132 ਲੱਖ ਮੀਟਿ੍ਕ ਟਨ ਦੇ ਕੀਤੇ ਗਏ ਹਨ |
ਕਣਕ ਦੇ ਭਾਅ 'ਤੇ ਨਜ਼ਰ ਮਾਰੀ ਜਾਵੇ ਤਾਂ ਪਿਛਲੇ ਵਰੇ੍ਹ ਸੂਬੇ ਅੰਦਰ ਕਣਕ 2425 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦੀ ਗਈ ਸੀ, ਜਿਸ ਵਿਚ ਸਰਕਾਰ ਵਲੋਂ 160 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤੇ ਜਾਣ ਨਾਲ ਇਸ ਵਾਰ ਕਣਕ ਘੱਟੋ-ਘੱਟ ਸਮਰਥਨ ਮੁੱਲ ਅਨੁਸਾਰ 2585 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦੀ ਜਾਵੇਗੀ, ਜਦਕਿ ਕਣਕ 'ਚ ਨਮੀ ਦੀ ਮਾਤਰਾ ਪਹਿਲਾਂ ਵਾਂਗ ਹੀ 12 ਫ਼ੀਸਦੀ ਰੱਖੀ ਗਈ ਹੈ | ਦੂਜੇ ਪਾਸੇ ਪੰਜਾਬ ਅੰਦਰ ਕਣਕ ਦੇ ਭੰਡਾਰਨ ਦਾ ਮਸਲਾ ਵੀ ਵੱਡਾ ਬਣਿਆ ਹੋਇਆ ਹੈ, ਕਿਉਂਕਿ ਕੇਂਦਰ ਸਰਕਾਰ ਵਲੋਂ ਪਿਛਲੇ ਸਾਲ ਦੀ ਜਮ੍ਹਾਂ ਕੀਤੀ ਕਣਕ ਦੀ ਸਮੇਂ ਸਿਰ ਚੁਕਾਈ ਨਾ ਹੋਣ ਕਰਕੇ ਇਸ ਸੀਜ਼ਨ ਦੀ ਕਣਕ ਨੂੰ ਸਰਕਾਰੀ ਅਤੇ ਨਿੱਜੀ ਗੁਦਾਮਾਂ ਅੰਦਰ ਭੰਡਾਰ ਕਰਨ ਵਿਚ ਵੱਡੀ ਮੁਸ਼ਕਿਲ ਆ ਸਕਦੀ ਹੈ, ਇਸੇ ਮੁਸ਼ਕਿਲ ਦੇ ਚੱਲਦਿਆਂ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਕਣਕ ਦੀ ਖ਼ਰੀਦ ਦੌਰਾਨ 22 ਲੱਖ ਮੀਟਿ੍ਕ ਟਨ ਕਣਕ ਦੀ ਦਾਣਾ ਮੰਡੀਆਂ 'ਚੋਂ ਸਿੱਧੀ ਚੁਕਾਈ ਕਰਨ ਲਈ ਕਿਹਾ ਹੈ | ਕਣਕ ਦਾ ਇਹ ਸੀਜ਼ਨ ਪੰਜਾਬ ਦੀ 'ਆਪ' ਸਰਕਾਰ ਦੇ ਕਾਰਜਕਾਲ ਦਾ ਆਖ਼ਰੀ ਸੀਜ਼ਨ ਹੈ, ਜਿਸ ਲਈ ਸੂਬਾ ਸਰਕਾਰ ਖ਼ਰੀਦ ਦੌਰਾਨ ਕਿਸਾਨਾਂ ਨੂੰ ਕੋਈ ਔਖ ਨਹੀਂ ਆਉਣ ਦੇਣਾ ਚਾਹੁੰਦੀ ਹੈ ਤੇ ਸਰਕਾਰ ਨੇ ਖ਼ਰੀਦ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਸਮੇਤ ਸਮੂਹ ਖ਼ਰੀਦ ਏਜੰਸੀਆਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਹਨ |
ਰਾਜਪੁਰਾ ਮੰਡੀ 'ਚ ਕਣਕ ਦੀ ਆਮਦ-ਸਰਕਾਰੀ ਖ਼ਰੀਦ ਅੱਜ ਤੋਂ
ਅਜੀਤ ਡੈਸਕ
01-04-2026