ਜਲੰਧਰ, 27 ਅਗਸਤ (ਜਤਿੰਦਰ ਪੰਮੀ)-ਪਿਛਲੇ ਕਈ ਦਿਨਾਂ ਤੋਂ ਕਲਮ ਛੋੜ/ਕੰਪਿਊਟਰ ਬੰਦ ਹੜਤਾਲ ’ਤੇ ਚੱਲ ਰਹੇ ਸੂਬੇ ਦੇ ਲੱਖਾਂ ਮੁਲਾਜ਼ਮਾਂ ਨਾਲ ਉਨ੍ਹਾਂ ਦੀਆਂ ਮੁੱਖ ਮੰਗਾਂ ਸੰਬੰਧੀ ਗੱਲਬਾਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੀ. ਏ. ਪੀ. ਜਲੰਧਰ ’ਚ ਰੱਖੀ ਗਈ ਮੀਟਿੰਗ ਨਹੀਂ ਕੀਤੀ ਗਈ। ਮੁੱਖ ਮੰਤਰੀ ਵਲੋਂ ਮੀਟਿੰਗ ਨਾ ਕੀਤੇ ਜਾਣ ਕਾਰਨ ਸਵੇਰ ਤੋਂ ਹੀ ਉਡੀਕ ਰਹੇ ਮੁਲਾਜ਼ਮਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਨ੍ਹਾਂ ਨੇ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹੜਤਾਲ ’ਤੇ ਚੱਲ ਰਹੇ ਸਰਕਾਰੀ ਵਿਭਾਗਾਂ ਦੇ ਲੱਖਾਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਪੰਜਾਬ ਅਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੇ ਨੁਮਾਇੰਦਿਆਂ ਨਾਲ ਪੀ. ਏ. ਪੀ. ਵਿਚ ਦੁਪਹਿਰ 1 ਵਜੇ ਮੀਟਿੰਗ ਰੱਖੀ ਗਈ।
ਮੁਲਾਜ਼ਮਾਂ ਜਥੇਬੰਦੀਆਂ ਦੇ ਨੁਮਾਇੰਦੇ ਸਵੇਰੇ ਹੀ ਪੀ. ਏ. ਪੀ. ਕੰਪਲੈਕਸ ਵਿਚ ਸਥਿਤ ਸਪੋਰਟਸ ਕਲੱਬ ਪਹੁੰਚ ਗਏ ਸਨ ਪਰ ਮੁਲਾਜ਼ਮਾਂ ਵਲੋਂ ਲੰਮਾ ਸਮਾਂ ਉਡੀਕ ਕਰਨ ਮਗਰੋਂ ਜਦੋਂ ਉਥੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੁੱਛਿਆ ਗਿਆ ਤਾਂ ਪਤਾ ਲੱਗਾ ਕਿ ਮੁੱਖ ਮੰਤਰੀ ਨੇ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦਾ ਪਤਾ ਲੱਗਣ ’ਤੇ ਮੀਟਿੰਗ ਲਈ ਪੁੱਜੇ ਮੁਲਾਜ਼ਮ ਆਗੂਆਂ ਵਿਚ ਰੋਹ ਹੋਰ ਪ੍ਰਚੰਡ ਹੋ ਗਿਆ ਅਤੇ ਉਨ੍ਹਾਂ ਨੇ ਅਗਲੇ ਦਿਨਾਂ ਦੌਰਾਨ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੀਤਾ। ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਪੰਜਾਬ ਦੇ ਪ੍ਰਧਾਨ ਸੁਖਜੀਤ ਸਿੰਘ ਡਿੰਪੀ ਨੇ ਕਿਹਾ ਕਿ ਮੰਚ ਵਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਰੂਪਰੇਖਾ ਜਲਦ ਉਲੀਕੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਤੇ ਗੁਰਗੰਟ ਸਿੰਘ ਕੋਰਰੀ ਵੀ ਮੌਜੂਦ ਸਨ।
ਉਧਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਗੁਰਨਾਮ ਸਿੰਘ ਵਿਰਕ ਨੇ ਦੱਸਿਆ ਕਿ 28 ਅਤੇ 29 ਅਗਸਤ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਮੁਲਾਜ਼ਮਾਂ ਵਲੋਂ ਮੁੱਖ ਮੰਤਰੀ ਦੇ ਪੁਤਲੇ ਫੂਕੇ ਜਾਣਗੇ। ਗੁਰਨਾਮ ਸਿੰਘ ਵਿਰਕ ਨੇ ਕਿਹਾ ਕਿ ਸੰਘਰਸ਼ ਦੀ ਅਗਲੀ ਰੂਪਰੇਖਾ ਉਲੀਕਣ ਲਈ ਸਾਂਝੀ ਤਾਲਮੇਲ ਕਮੇਟੀ ਦੀ ਲੁਧਿਆਣਾ ਵਿਚ ਮੀਟਿੰਗ ਰੱਖੀ ਗਈ ਹੈ। ਇਸ ਮੌਕੇ ਉਨ੍ਹਾਂ ਨਾਲ ਸਤੀਸ਼ ਰਾਣਾ, ਸੁਖਚੈਨ ਸਿੰਘ ਖਹਿਰਾ, ਰਣਜੀਤ ਸਿੰਘ ਰਾਣਵਾਂ ਤੇ ਹੋਰ ਹਾਜ਼ਰ ਸਨ।
ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾਂਦੇ ਮੁਲਾਜ਼ਮਾਂ ਦੀ ਪੁਲਿਸ ਨਾਲ ਹੋਈ ਧੱਕਾ-ਮੁੱਕੀ
ਮੁੱਖ ਮੰਤਰੀ ਵਲੋਂ ਮੁਲਾਜ਼ਮਾਂ ਦੇ ਆਗੂਆਂ ਨਾਲ ਰੱਖੀ ਮੀਟਿੰਗ ਰੱਦ ਹੋਣ ਦਾ ਪਤਾ ਲੱਗਦਿਆਂ ਹੀ ਧਰਨਾ ਦੇ ਰਹੇ ਮੁਲਾਜ਼ਮਾਂ ਦਾ ਰੋਹ ਪ੍ਰਚੰਡ ਹੋ ਗਿਆ ਅਤੇ ਉਹ ਸੜਕਾਂ ’ਤੇ ਉਤਰ ਆਏ। ਜਲੰਧਰ ਵਿਚ ਡੀ. ਸੀ. ਦਫ਼ਤਰ ਅੰਦਰ ਧਰਨੇ ’ਤੇ ਬੈਠੇ ਵੱਡੀ ਗਿਣਤੀ ਮੁਲਾਜ਼ਮ ਜਦੋਂ ਮੁੱਖ ਮੰਤਰੀ ਦੀ ਬਾਰਾਦਰੀ ਸਥਿਤ ਰਿਹਾਇਸ਼ ਦੇ ਘਿਰਾਓ ਲਈ ਜਾਣ ਵਾਸਤੇ ਬਾਹਰ ਨਿਕਲਣ ਲੱਗੇ ਤਾਂ ਉਥੇ ਤਾਇਨਾਤ ਵੱਡੀ ਗਿਣਤੀ ਪੁਲਿਸ ਨੂੰ ਗੇਟ ਨੰਬਰ-4 ਬੰਦ ਕਰ ਦਿੱਤਾ। ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕੰਧਾਂ ਟੱਪ ਕੇ ਅਤੇ ਦੂਸਰੇ ਗੇਟਾਂ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਅਤੇ ਕੁਝ ਮੁਲਾਜ਼ਮ ਕਾਂਗਰਸ ਭਵਨ ਚੌਕ ਤੱਕ ਪੁੱਜੇ ਤਾਂ ਉਥੇ ਤਾਇਨਾਤ ਪੁਲਿਸ ਨੇ ਫਿਰ ਰੋਕ ਲਿਆ। ਇਸ ਮੌਕੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਕਾਫੀ ਖਿੱਚ-ਧੂਹ ਹੋਈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਕੈਨਨ ਟੈਂਕਰਾਂ ਦਾ ਪ੍ਰਬੰਧ ਕੀਤਾ ਹੋਇਆ ਸੀ, ਜਿਸ ਕਾਰਨ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ।