03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਐੱਲ. ਪੀ. ਯੂ. ਮਾਮਲੇ ’ਚ 9 ਗ੍ਰਿਫ਼ਤਾਰ, ਮੁਲਜ਼ਮਾਂ ’ਚ ਇਕ ਨਾਬਾਲਗ

* 7 ਵਿਦਿਆਰਥੀ ਤੇ ਦੋ ਬਾਹਰੀ ਵਿਅਕਤੀ ਸ਼ਾਮਿਲ, ਦੋ ਐੱਫ. ਆਈ. ਆਰ. ਦਰਜ * 20 ਹੋਰ ਨਾਮਜ਼ਦ, ਜਾਂਚ ਜਾਰੀ-ਡੀ. ਆਈ. ਜੀ. ਜਲੰਧਰ, 2 ਅਕਤੂਬਰ (ਜਤਿੰਦਰ ਪੰਮੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ 26 ਤੇ 27 ਸਤੰਬਰ ਦੀ ਰਾਤ ਨੂੰ ਭੜਕੇ ਵਿਦਿਆਰਥੀਆਂ ਵਲੋਂ ਕੀਤੇ ਗਏ ਦੰਗਿਆਂ, ਸਾੜਫੂਕ, ਭੰਨਤੋੜ ਤੇ ਸਾਮਾਨ ਲੁੱਟਣ ਦੇ ਮਾਮਲੇ ’ਚ ਪੁਲਿਸ ਵਲੋਂ ..

ਅਜੀਤ ਡੈਸਕ 03-10-2026

ਜਲੰਧਰ, 2 ਅਕਤੂਬਰ (ਜਤਿੰਦਰ ਪੰਮੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ 26 ਤੇ 27 ਸਤੰਬਰ ਦੀ ਰਾਤ ਨੂੰ ਭੜਕੇ ਵਿਦਿਆਰਥੀਆਂ ਵਲੋਂ ਕੀਤੇ ਗਏ ਦੰਗਿਆਂ, ਸਾੜਫੂਕ, ਭੰਨਤੋੜ ਤੇ ਸਾਮਾਨ ਲੁੱਟਣ ਦੇ ਮਾਮਲੇ ’ਚ ਪੁਲਿਸ ਵਲੋਂ ਗਠਿਤ ਐੱਸ. ਆਈ. ਟੀ. ਦੀ ਜਾਂਚ ਉਪਰੰਤ ਦੋ ਵੱਖ-ਵੱਖ ਕੇਸ ਦਰਜ ਕਰਕੇ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਾਲ ਹੀ ਇਸ ਹਿੰਸਕ ਕਾਰਵਾਈ ’ਚ ਸ਼ਾਮਿਲ 20 ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਗਠਿਤ ਕੀਤੀਆਂ ਗਈਆਂ ਪੁਲਿਸ ਟੀਮਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸੰਬੰਧੀ ਆਪਣੇ ਦਫ਼ਤਰ ’ਚ ਸੱਦੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਗੱਲਬਾਤ ਕਰਦਿਆਂ ਡੀ. ਆਈ. ਜੀ. ਜਲੰਧਰ ਰੇਂਜ ਨਵੀਨ ਸਿੰਗਲਾ ਨੇ ਦੱਸਿਆ ਕਿ ਐੱਲ. ਪੀ. ਯੂ. ਮਾਮਲੇ ’ਚ ਪੁਲਿਸ ਨੇ ਦੋ ਐੱਫ. ਆਈ. ਆਰ. ਦਰਜ ਕੀਤੀਆਂ ਹਨ, ਜਿਨ੍ਹਾਂ ’ਚੋਂ ਪਹਿਲੀ ਐੱਫ. ਆਈ. ਆਰ. ਥਾਣਾ ਸਤਨਾਮਪੁਰਾ ਫਗਵਾੜਾ ਤੇ ਦੂਜੀ ਥਾਣਾ ਸਦਰ ਫਗਵਾੜਾ ’ਚ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐੱਫ. ਆਈ. ਆਰ. 163 ਨੰਬਰ ’ਚ ਜੇਮਜ਼ ਦਾਹੀਆ ਪੁੱਤਰ ਪ੍ਰਵੀਨ ਕੁਮਾਰ ਵਾਸੀ ਸ਼ਿਵ ਕਾਲੋਨੀ ਸੋਨੀਪਤ, ਗਗਨਦੀਪ ਉਰਫ਼ ਕੋਠਾ ਪੁੱਤਰ ਹਰੀਸ਼ ਲਾਲ ਵਾਸੀ ਫਗਵਾੜਾ, ਜਸਮੀਤ ਕੁਮਾਰ ਪੁੱਤਰ ਵਿਕਰਮ ਕੁਮਾਰ ਵਾਸੀ ਸੁਆਮੀ ਪਰਮ ਨਗਰ ਫਗਵਾੜਾ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਨੂੰ ਬੀਤੇ ਦਿਨ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਇਸੇ ਐੱਫ. ਆਈ. ਆਰ. ’ਚ ਅਤਰਿਕਸ਼ ਦੱਤਾ ਪੁੱਤਰ ਰਵੀ ਦੱਤਾ ਵਾਸੀ ਜੰਮੂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਸ ਨੂੰ ਪੁਲਿਸ ਗ੍ਰਿਫ਼ਤਾਰ ਕਰਕੇ ਲਿਆ ਰਹੀ ਹੈ। ਡੀ. ਆਈ. ਜੀ. ਸਿੰਗਲਾ ਨੇ ਅੱਗੇ ਦੱਸਿਆ ਕਿ ਦੂਜੀ ਐੱਫ. ਆਈ. ਆਰ. ਨੰਬਰ 106 ਥਾਣਾ ਸਦਰ ਫਗਵਾੜਾ ’ਚ ਦਰਜ ਕੀਤੀ ਗਈ, ਜਿਸ ’ਚ ਆਸ਼ੂਤੋਸ਼ ਪੁੱਤਰ ਰਾਜੇਸ਼ ਕੁਮਾਰ ਵਾਸੀ ਕੁਰਾਹਰਾ ਹਮੀਰਪੁਰ ਯੂ. ਪੀ., ਸਾਹਿਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਚਾਬੂਟੇ ਕੋਟੀ ਜ਼ਿਲ੍ਹਾ ਜੰਮੂ, ਕ੍ਰਿਸ਼ਨਾ ਕੁਮਾਰ ਪੁੱਤਰ ਰਾਜੇਸ਼ ਕਰਨ ਵਾਸੀ ਮਾਰੂਕੀਆ ਮਹਾਰਾਸ਼ਟਰ, ਭਵਿਸ਼ਿਆ ਕਰਨ ਪੁੱਤਰ ਅਸ਼ੋਕ ਕਰਨ ਵਾਸੀ ਈਸਟ ਮਹਾਤਮਾ ਗਾਂਧੀ ਨਗਰ ਮਹਾਰਾਸ਼ਟਰ ਅਤੇ ਇਕ ਨਾਬਾਲਗ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ 9 ਮੁਲਜ਼ਮਾਂ ਵਲੋਂ 7 ਐੱਲ. ਪੀ. ਯੂ. ਦੇ ਵਿਦਿਆਰਥੀ ਹਨ, ਜਦੋਂਕਿ 2 ਮੁਲਜ਼ਮ ਡੋਮੀਨੋਜ਼ ਦੇ ਮੁਲਾਜ਼ਮ ਹਨ। ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਡੀ. ਆਈ. ਜੀ. ਨੇ ਦੱਸਿਆ ਕਿ ਤਕਨੀਕੀ ਪੱਖ, ਸੀ. ਸੀ. ਟੀ. ਵੀ. ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਐੱਲ. ਪੀ. ਯੂ. ’ਚ ਵਾਪਰੇ ਇਸ ਹਿੰਸਕ ਘਟਨਾਕ੍ਰਮ ’ਚ 20 ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਗਠਿਤ ਕੀਤੀਆਂ ਗਈਆਂ ਟੀਮਾਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਵਲੋਂ ਹਿੰਸਕ ਹੋਣ ਤੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਬਾਰੇ ਪੁੱਛੇ ਜਾਣ ’ਤੇ ਨਵੀਨ ਸਿੰਗਲਾ ਨੇ ਕਿਹਾ ਕਿ ਇਹ ਹਿੰਸਾ ਇੰਟਰਨੈੱਟ ’ਤੇ ਵਿਦਿਆਰਥਣ ਦੇ ਜਬਰ ਜਨਾਹ ਤੇ ਖੁਦਕੁਸ਼ੀ ਬਾਰੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਭੜਕੀ ਸੀ। 26 ਸਤੰਬਰ ਨੂੰ ਪੁਲਿਸ ਨੇ ਧਰਨਾ ਦੇਣ ਵਾਲੇ ਵਿਦਿਆਰਥੀਆਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਸ਼ਾਂਤ ਕਰਵਾ ਦਿੱਤਾ ਸੀ ਪਰ 27 ਦੀ ਰਾਤ ਨੂੰ ਫਿਰ ਵੱਡੀ ਗਿਣਤੀ ਵਿਦਿਆਰਥੀ ਹਾਈਵੇ ’ਤੇ ਆ ਗਏ ਅਤੇ ਉਨ੍ਹਾਂ ’ਚ ਸ਼ਾਮਿਲ ਸ਼ਰਾਰਤੀ ਅਨਸਰਾਂ ਨੇ ਉਥੇ ਤਾਇਨਾਤ ਪੁਲਿਸ ’ਤੇ ਪੱਥਰਬਾਜ਼ੀ ਤੇ ਕੱਚ ਦੀਆਂ ਬੋਤਲਾਂ ਸੁੱਟੀਆਂ। ਇਸ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਮਾਮੂਲੀ ਝੜਪ ਹੋਈ ਸੀ ਪਰ ਪੁਲਿਸ ਨੇ ਤਾਕਤ ਦੀ ਵਰਤੋਂ ਕਰਨ ਦੀ ਬਜਾਏ ਇਸ ਮਾਮਲੇ ਨੂੰ ਵਿਦਿਆਰਥੀਆਂ ਨਾਲ ਗੱਲਬਾਤ ਰਾਹੀਂ ਸੁਲਝਾਉਣ ਦੇ ਯਤਨ ਜਾਰੀ ਰੱਖੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਬੜੀ ਬਰੀਕੀ ਨਾਲ ਛਾਣਬੀਣ ਕਰਨ ਉਪਰੰਤ ਨਾਮਜ਼ਦ ਕੀਤਾ ਗਿਆ ਹੈ। ਪੁੱਛੇ ਜਾਣ ’ਤੇ ਡੀ. ਆਈ. ਜੀ. ਨੇ ਮੰਨਿਆ ਕਿ ਲਾਅ ਗੇਟ ਦੇ ਕੁਝ ਲੋਕ ਵੀ ਇਨ੍ਹਾਂ ਘਟਨਾਵਾਂ ’ਚ ਸ਼ਾਮਿਲ ਪਾਏ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਐੱਸ. ਐੱਸ. ਪੀ. ਕਪੂਰਥਲਾ ਗੌਰਵ ਤੂਰਾ, ਐੱਸ. ਪੀ. ਜਲੰਧਰ ਦਿਹਾਤੀ ਵਿਨੀਤ ਅਹਿਲਾਵਤ, ਗੁਰਪ੍ਰੀਤ ਸਿੰਘ, ਹਰਿੰਦਰ ਸਿੰਘ ਗਿੱਲ, ਮੇਜਰ ਸਿੰਘ, ਰੁਪਿੰਦਰ ਭੱਟੀ ਵੀ ਮੌਜੂਦ ਸਨ।


ਵਿਦਿਆਰਥਣ ਨਾਲ ਜਬਰ-ਜਨਾਹ ਦੀ ਗੱਲ ਸੰਬੰਧੀ ਹਾਲੇ ਚੱਲ ਰਹੀ ਹੈ ਜਾਂਚ
ਐੱਲ. ਪੀ. ਯੂ. ’ਚ ਵਿਦਿਆਰਥਣ ਨਾਲ ਜਬਰ-ਜਨਾਹ ਹੋਣ ਦੇ ਪ੍ਰਦਰਸ਼ਨਕਾਰੀਆਂ ਵਲੋਂ ਲਾਏ ਗਏ ਦੋਸ਼ਾਂ ਬਾਰੇ ਪੁੱਛੇ ਜਾਣ ’ਤੇ ਡੀ. ਆਈ. ਜੀ. ਨਵੀਨ ਸਿੰਗਲਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਐੱਸ. ਪੀ. ਵਿਨੀਤ ਅਹਿਲਾਵਤ ਦੀ ਅਗਵਾਈ ਹੇਠ ਐੱਸ. ਪੀ. ਪੱਧਰ ਦੇ ਅਧਿਕਾਰੀਆਂ ਦੀ ਸਿਟ ਬਣਾਈ ਗਈ ਹੈ, ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 
ਪਿਛਲੀ ਖ਼ਬਰ ਸਟੇਟ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਅੱਜ ਅਗਲੀ ਖ਼ਬਰ ਕੇ. ਐਮ. ਵੀ. ਕਾਲਜ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।